ਗੱਤਕਾ ਸਿੱਖਾਂ ਦੀ ਜੰਗੀ ਕਲਾ ਹੈ ਜਿਸ ਵਿੱਚ ਜੰਗਬੰਦੀ ਤੇ ਦੁਸ਼ਮਨਾਂ ਨਾਲ ਟਾਕਰਾ ਕਰਨ ਦੀ ਪੂਰੀ ਕਲਾ ਹੁੰਦੀ ਹੈ। ਇਸ ਦੀ ਸਿਖਲਾਈ ਕੋਈ ਵੀ ਔਰਤ ਜਾਂ ਮਰਦ ਲੈ ਸਕਦਾ ਹੈ। ਨਿਹੰਗ ਸਿੰਘ ਇਸ ਕਲਾ ਦੇ ਮਾਹਿਰ ਹੁੰਦੇ ਹਨ। ਅਣਗਿਣਤ ਕਲਾਵਾਂ ਵਿੱਚੋਂ ਇੱਕ ਕਲਾ ਹੈ ਸ਼ਸਤਰ ਕਲਾ। ਇਨ੍ਹਾਂ ਸ਼ੈਲੀਆਂ ਵਿੱਚੋਂ ਹੀ ਇੱਕ ਸ਼ੈਲੀ ਹੈ ਗੱਤਕਾ ਜੋ ਵਧੇਰੇ ਕਰਕੇ ਪੰਜਾਬ ਅਤੇ ਉੱਤਰ ਭਾਰਤ ਦੇ ਕਈ ਇਲਾਕਿਆਂ ਵਿੱਚ ਪ੍ਰਚੱਲਿਤ ਹੈ।

ਵਿਧੀ

ਮੁੱਖ ਰੂਪ ਵਿੱਚ ਦੋ ਪੱਖਾਂ ਵਿੱਚ ਨਿਪੁੰਨਤਾ ਹਾਸਲ ਕਰਨੀ ਜ਼ਰੂਰੀ ਹੈ ਸਭ ਤੋਂ ਪਹਿਲਾਂ ਤਾਂ ਆਪਣੇ ਵਿਰੋਧੀ ਦਾ ਹਮਲਾ ਰੋਕਣਾ ਅਤੇ ਦੂਜਾ ਵਿਰੋਧੀ ’ਤੇ ਹਮਲਾ ਕਰਨਾ। ਗੱਤਕਾ ਖੇਡਣ ਲਈ ਮੁੱਖ ਤੌਰ ’ਤੇ ਦੋ ਤਰ੍ਹਾਂ ਦੇ ਹਥਿਆਰ ਵਰਤੇ ਜਾਂਦੇ ਹਨ। ਹਮਲਾ ਕਰਨ ਲਈ ਗੱਤਕਾ ਸੋਟੀ ਜਾਂ ਤਲਵਾਰ ਅਤੇ ਹਮਲਾ ਰੋਕਣ ਲਈ ਢਾਲ ਹੁੰਦੀ ਹੈ। ਗੱਤਕਾ ਇੱਕ ਮੀਟਰ ਦੇ ਕਰੀਬ ਲੰਬਾ ਡੰਡਾ ਹੁੰਦਾ ਹੈ। ਇਸ ਦੇ ਇੱਕ ਸਿਰੇ ’ਤੇ ਹੱਥ ਦੀ ਚੰਗੀ ਪਕੜ ਅਤੇ ਸੁਰੱਖਿਆ ਲਈ ਇੱਕ ਗੱਦੀ ਲਗਾਈ ਹੁੰਦੀ ਹੈ। ਢਾਲ ਲੱਕੜ ਜਾਂ ਲੋਹੇ ਦੀ ਬਣੀ ਹੁੰਦੀ ਹੈ, ਜਿਸ ਦੇ ਅੰਦਰਲੇ ਪਾਸੇ ਫੜਨ ਲਈ ਮਜ਼ਬੂਤ ਕੁੰਡੀ ਲੱਗੀ ਹੁੰਦੀ ਹੈ। ਗੱਤਕੇ ਦੀ ਸਿਖਲਾਈ ਦਿੱਤੀ ਜਾਂਦੀ ਹੈ ਅਤੇ ਕੁਝ ਮੁਹਾਰਤ ਹਾਸਲ ਕਰ ਲੈਣ ਤੋਂ ਬਾਅਦ ਤਲਵਾਰ ਅਤੇ ਕਈ ਹੋਰ ਪ੍ਰਮੁੱਖ ਹਥਿਆਰਾਂ ਖੰਡਾ, ਤਵਰ, ਬਰਛਾ, ਚੱਕਰ, ਨੇਜਾ ਅਤੇ ਜਾਲ ਨਾਲ ਸਿਖਲਾਈ ਦਿੱਤੀ ਜਾਂਦੀ ਹੈ। ਹੁਣ ਇਹ ਗੱਤਕਾ ਖੇਡ ਨਿਹੰਗ ਸਿੰਘਾਂ ਅਤੇ ਅਜਿਹੇ ਕੁਝ ਹੋਰ ਸਮੂਹਾਂ ਤਕ ਹੀ ਸੀਮਿਤ ਰਹਿ ਗਈ ਸੀ। ਮੇਲਿਆਂ ਅਤੇ ਨਗਰ-ਕੀਰਤਨ ਵਿੱਚ ਗੱਤਕੇਬਾਜ਼ੀ ਨੂੰ ਰੌਚਕ ਤੌਰ ’ਤੇ ਪ੍ਰਦਰਸ਼ਿਤ ਕੀਤਾ ਜਾਂਦਾ ਸੀ।

ਸਿੱਖ ਧਰਮ ਨਾਲ ਸਬੰਧ

ਸ਼ਸਤਰ ਵਿੱਦਿਆ ਦਾ ਖਜ਼ਾਨੇ ਨੂੰ ਬਾਬਾ ਬੁੱਢਾ ਜੀ ਨੇ ਸੰਭਾਲਿਆ। ਤੀਜੇ ਗੁਰੂ ਅਮਰਦਾਸ ਨੇ ਧਿਆਨ, ਸਿਮਰਨ ਨੂੰ ਮੁੱਖ ਰੱਖਿਆ ਤੇ ਮਲ ਅਖਾੜੇ ਦੀ ਵਿਰਾਸਤ ਨੂੰ ਸੰਭਾਲਿਆ। ਛੇਵੇਂ ਗੁਰੂ ਹਰਿਗੋਬਿੰਦ ਸਾਹਿਬ ਨੇ ਬਚਪਨ ਤੋਂ ਹੀ ਬਾਬਾ ਬੁੱਢਾ ਜੀ ਪਾਸੋਂ ਸ਼ਸਤਰ ਵਿੱਦਿਆ ਪ੍ਰਾਪਤ ਕੀਤੀ। ਬਾਦਸ਼ਾਹ ਨੇ ਗੁਰੂ ਅਰਜਨ ਦੇਵ ਨੂੰ ਬਹੁਤ ਤਸੀਹੇ ਦੇ ਕੇ ਸ਼ਹੀਦ ਕਰਨ ਤੋਂ ਬਾਅਦ ਗੁਰੂ ਹਰਿਗੋਬਿੰਦ ਸਾਹਿਬ ਨੇ ਸ੍ਰੀ ਅਕਾਲ ਤਖਤ ਦੇ ਸਾਹਮਣੇ ਗਤਕਾ ਸਿਖਲਾਈ ਦਿੱਤੀ ਜਾ ਲੱਗੀ ਅਤੇ ਮੁਕਾਬਲੇ ਵੀ ਕਰਵਾਏ ਜਾਣ ਲੱਗੇ। ਗੁਰੂ ਗੋਬਿੰਦ ਸਿੰਘ ਜੀ ਨੇ ਵੀ ਘੋੜਸਵਾਰੀ ਦੇ ਨਾਲ-ਨਾਲ ਬਹੁਤ ਸਾਰੇ ਅਹੁਦਿਆਂ ਦੀ ਨਿਯੁਕਤੀ ਲਈ ਗੱਤਕੇਬਾਜ਼ ਨੂੰ ਪਹਿਲ ਦਿੱਤੀ ਜਾਂਦੀ ਸੀ। ਕਈ ਘਰਾਣਿਆਂ ਵਿੱਚ ਤਾਂ ਬਹੁਤ ਛੋਟੀ ਉਮਰ ਵਿੱਚ ਹੀ ਬੱਚਿਆਂ ਨੂੰ ਹੀ ਗਤਕਾ ਖੇਡਣ ਦੀ ਜਾਂਚ ਸਿਖਾਈ ਜਾਂਦੀ ਸੀ। ਜਿਸ ਥਾਂ ’ਤੇ ਗਤਕੇ ਦੀ ਸਿੱਖਿਆ ਦਿੱਤੀ ਜਾਂਦੀ ਸੀ ਉਸ ਨੂੰ “ਅਖਾੜਾ” ਕਿਹਾ ਜਾਂਦਾ ਸੀ। ਸਿੱਖ ਮਿਸਲਾਂ ਦੀ ਹੋਂਦ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਖਾਲਸਾ ਰਾਜ ਤੱਕ ਅਜਿਹਾ ਹੁੰਦਾ ਰਿਹਾ।

ਗੱਤਕਾ ਜਥੇਬੰਦੀਆਂ

  1. ਗੱਤਕਾ ਫੈਡਰੇਸ਼ਨ ਆਫ ਇੰਡੀਆ
  2. ਵਿਸ਼ਵ ਗੱਤਕਾ ਫੈਡਰੇਸ਼ਨ