ਗੁਰਮਤਿ ਸੰਗੀਤ ਤੋਂ ਭਾਵ ਉਸ ਸ਼ਬਦ ਕੀਰਤਨ ਪਰੰਪਰਾ ਤੋਂ ਹੈ ਜੋ ਗੁਰੂ ਗ੍ਰੰਥ ਸਾਹਿਬ ਦੇ ਸੰਗੀਤ ਸਿਧਾਂਤ ਦੇ ਅਨੁਸਾਰ ਸਿੱਖ ਗੁਰੂਆਂ ਤੋਂ ਮਰਿਆਦਾ ਵਜੋਂ ਚਲਦੀ ਆ ਰਹੀ ਹੈ।

ਇਹ ਵਾਕੰਸ਼ ਗੁਰਮਤਿ  ਅਤੇ ਸੰਗੀਤ  ਦੋ ਸ਼ਬਦਾਂ ਦਾ ਸੁਮੇਲ ਤੋਂ ਬਣਿਆ ਹੈ। ਇਸ ਵਿੱਚ 'ਸ਼ਬਦ ਕੀਰਤਨ' ਦੀ ਪ੍ਰਸਤੁਤੀ ਕੀਤੀ ਜਾਂਦੀ ਹੈ। ਡਾ. ਗੁਰਨਾਮ ਸਿੰਘ ਅਨੁਸਾਰ, "ਸਿੱਖ ਧਰਮ ਵਿੱਚ ਸ਼ਬਦ ਕੀਰਤਨ ਦਾ ਇੱਕ ਵਿਸ਼ਾਲ ਵਿਸਤ੍ਰਿਤ ਸਰੂਪ ਹੈ ਜੋ ਸਦੀਆਂ ਤੋਂ ਗੁਰੂ ਸਾਹਿਬਾਨ ਦੁਆਰਾ ਵਿਕਸਿਤ ਹੋਇਆ ਅਤੇ ਗੁਰਮਤਿ ਸੰਗੀਤ ਵਿੱਚ ਇਸ ਦਾ ਬੁਨਿਆਦੀ ਮਹੱਤਵ ਅਤੇ ਪ੍ਰਮੁੱਖ ਸਥਾਨ ਹੈ। ਗੁਰਮਤਿ ਸੰਗੀਤ ਪਰੰਪਰਾ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬਦੀ ਬਾਣੀ ਵਿੱਚ ਦਰਸਾਏ ਗਏ ਸ਼ਬਦ ਕੀਰਤਨ ਸੰਬੰਧੀ ਸਿਧਾਂਤ ਅਨੁਸਾਰ ਮੌਲਿਕ ਸਰੂਪ ਗ੍ਰਹਿਣ ਕਰਦੀ ਹੈ।" ਗੁਰੂ ਗ੍ਰੰਥ ਸਾਹਿਬ, ਜਾਂ ਆਦਿ ਗ੍ਰੰਥਸਿੱਖ ਧਰਮ ਦਾ ਪਵਿੱਤਰ ਧਾਰਮਿਕ ਗ੍ਰੰਥ ਹੈ, ਜਿਸ ਵਿੱਚ ਸਿੱਖ ਗੁਰੂਆਂ ਦੇ ਸਮੇਂ ਛੇ ਗੁਰੂਆਂ ਸਮੇਤ, ੪੦ ਇਲਾਹੀ ਕਵੀਆਂ ਦੀ ਰਚੀ ਬਾਣੀ ੧੪੩੦ ਅੰਗਾਂ ਵਿੱਚ ਇਕੱਤਰ ਕੀਤੀ ਗਈ ਹੈ। ਇਹ ਗੁਰੂਆਂ, ਸੰਤਾਂ, ਭਗਤਾਂ, ਰਬਾਬੀਆਂ, ਭੱਟਾਂ ਅਤੇ ਗੁਰੂ ਸੰਬੰਧੀਆਂ ਦੀ ਬਾਣੀ ਦਾ ਸੰਗ੍ਰਹਿ ਹੈ। ਇਸ ਵਿੱਚ ਜਪ ਨੂੰ ਛੱਡ ਕੇ ਬਾਕੀ ਹਰੇਕ ਸ਼ਬਦ ਦੇ ਉਨਵਾਨ ਵਿੱਚ ਰਾਗ ਦੱਸਿਆ ਗਿਆ ਹੈ, ਜਿਸ ਵਿੱਚ ਉਸਨੂੰ ਗਾਉਣਾ ਹੈ।

ਗੁਰਮਤਿ ਸੰਗੀਤ ਪਰੰਪਰਾ

ਗੁਰਮਤਿ ਸੰਗੀਤ ਸਦੀਆਂ ਤੋਂ ਪੁਰਾਤਨ ਸਿੱਖ ਧਰਮ ਦੀ ਮੌਲਿਕ ਸੰਗੀਤ ਪਰੰਪਰਾ ਹੈ, ਜਿਸਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸਮੂਹ ਗੁਰੂ ਸਾਹਿਬਾਨ ਨੇ ਮਰਿਆਦਤ ਰੂਪ ਵਿੱਚ ਪ੍ਰਚਾਰਿਆ । ਗੁਰਮਤਿ ਸੰਗੀਤ ਦੇ ਅੰਤਰਗਤ ਸ਼ਬਦ ਕੀਰਤਨ ਦੁਆਰਾ ਉਸ ਗੁਰੂ ਰੂਪ, ਖਸਮ ਕੀ ਬਾਣੀ ਦੇ ਇਲਾਹੀ ਸੰਦੇਸ਼ ਦਾ ਉਪਦੇਸ਼ ਸੰਚਾਰਿਤ ਹੁੰਦਾ ਹੈ । ਸਿੱਖ ਧਰਮ ਵਿੱਚ ਸ਼ਬਦ ਕੀਰਤਨ ਨੂੰ ਮਰਿਆਦਤ ਰੂਪ ਵਿੱਚ ਸਿੱਖੀ ਜੀਵਨ ਦਾ ਅਨਿੱਖੜ ਅੰਗ ਬਣਾਇਆ ਗਿਆ ਹੈ । ਸਦੀਆਂ ਤੋਂ ਸਿੱਖ ਧਰਮ ਵਿੱਚ ਵਿੱਚ ਪ੍ਰਚਲਿਤ ਕੀਰਤਨ ਪਰੰਪਰਾ ਮੂਲ ਰੂਪ ਵਿੱਚ ਇਕ ਵਿਸ਼ਾਲ ਸਰੂਪ ਵਿੱਚ ਪ੍ਰਟ ਹੁੰਦੀ ਹੈ । ਇਹ ਵਿਵਹਾਰਿਕ ਕੀਰਤਨ ਪਰੰਪਰਾ ਸ਼ਬਦ ਗੁਰੂ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਸੰਤ ਵਿਧਾਨ ਦੀ ਅਨੁਸਾਰੀ ਹੈ । ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਜਿਥੇ ਰਾਗਾਂ, ਗਾਇਨ ਰੂਪਾਂ ਦੁਆਰਾ ਵਿਸ਼ਿਸ਼ਟ ਕੀਰਤਨ ਪਰੰਪਰਾ ਵਜੋਂ ਅੰਕਿਤ ਕੀਤਾ ਗਿਆ ਹੈ ਉਥੇ ਬਾਣੀ ਦੇ ਵੱਖ-ਵੱਖ ਫੁਰਮਾਨ, ਸੰਤ ਸੰਕੇਤ, ਸਿਰਲੇਖ ਗੁਰਮਤਿ ਸੰਗੀਤ ਦਾ ਮੌਲਿਕ ਸੰਗੀਤ ਵਿਧਾਨ ਸਿਰਜ ਰਹੇ ਹਨ । ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਇਸ ਗੁਰਮਤਿ ਸਿਧਾਂਤ ਦੀ ਅਨੁਸਾਰੀ ਸੰਗੀਤ ਪਰੰਪਰਾ ਨੂੰ ਸੰਗੀਤ ਵਿਗਿਆਨਕ ਪਹੁੰਚ ਨਾਲ ਹੋਰ ਵਧੇਰੇ ਸਾਰਥਕ ਰੂਪ ਵਿੱਚ ਪਹਿਚਾਣਿਆ ਜਾ ਸਕਦਾ ਹੈ ।
ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਰਬਾਬੀ ਭਾਈ ਮਰਦਾਨਾ ਜੀ ਦੇ ਰੂਹਾਨੀ ਗੁਰ ਸ਼ਬਦ ਕੀਰਤਨ ਦੀ ਇਹ ਸਮੁੱਚੀ ਪਰੰਪਰਾ ਗੁਰਮਤਿ ਸੰਗੀਤ ਦੇ ਰੂਪ ਵਿੱਚ ਵਿਕਸਿਤ ਹੋਈ ਜੋ ਭਾਰਤੀ ਅਤੇ ਵਿਸ਼ਵ ਸੰਗੀਤ ਵਿੱਚ ਇਕ ਮੌਲਿਕ ਅਤੇ ਨਿਵੇਕਲੀ ਸੰਗੀਤ ਪੱਧਤੀ ਵਜੋਂ ਉਜਾਗਰ ਹੁੰਦੀ ਹੈ । ਬਾਣੀ ਵਿੱਚ ਗੁਰ-ਸ਼ਬਦ ਕੀਰਤਨ ਨੂੰ ਪ੍ਰਮੁੱਖ ਅਤੇ ਪ੍ਰਧਾਨ ਦਰਜਾ ਦਿੱਤਾ ਗਿਆ ਹੈ । ਗੁਰ ਫੁਰਮਾਨ ਹਨ :


ਕਲਜੁਗ ਮਹਿ ਕੀਰਤਨੁ ਪਰਧਾਨਾ ॥ ਗੁਰਮੁਖਿ ਜਪੀਐ ਲਾਇ ਧਿਆਨਾ॥
( ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ ੧੦੭੫ )
ਹਰਿ ਕੀਰਤਿ ਕਲਜੁਗਿ ਪਦੁ ਊਤਮੁ ਹਰਿ ਪਾਈਐ ਸਤਿਗੁਰ ਮਾਝਾ ॥
( ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ ੬੯੭ )
ਜੋ ਜਨੁ ਕਰੈ ਕੀਰਤਨੁ ਗੋਪਾਲ ॥ ਤਿਸ ਕਉ ਪੋਹਿ ਨ ਸਕੈ ਜਮਕਾਲੁ ॥

( ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ ੮੬੭ )
ਜੋ ਜੋ ਕਥੈ ਸੁਨੈ ਹਰਿ ਕੀਰਤਨੁ ਤਾ ਕੀ ਦੁਰਮਤਿ ਨਾਸ ॥
( ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ ੧੩੦੦ )

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਗੁਰੂ ਸਾਹਿਬਾਨਾਂ ਦੀ ਬਾਣੀ ਤੋਂ ਇਲਾਵਾ ਗੁਰੂ ਸਾਹਿਬਾਨ ਦੇ ਪੂਰਵ ਕਾਲੀਨ ਅਤੇ ਸਮਕਾਲੀਨ ਸੰਤਾਂ ਭਗਤਾਂ ਦੀ ਬਾਣੀ ਨੂੰ ਦਰਜ ਕੀਤਾ ਗਿਆ ਹੈ । ਇਸ ਬਾਣੀ ਨੂੰ ਗੁਰੂ ਅਰਜਨ ਦੇਵ ਜੀ ਦੁਆਰਾ ਵਿਸ਼ੇਸ਼ ਵਿਧਾਨ ਦਾ ਅਨੁਸਾਰੀ ਬਣਾਇਆ ਗਿਆ ਹੈ ਜੋ ਰਾਗਾਂ ਅਨੁਸਾਰ ਬਾਣੀ ਦੇ ਵਰਗੀਕਰਣ ਤੋਂ ਪ੍ਰਤੱਖ ਹੈ । ਰਾਗਾਂ ਤੋਂ ਇਲਾਵਾ ਮਹਲਾ, ਅਸਟਪਦੀਆ, ਚਉਪਦੇ, ਛੰਤ, ਵਾਰ, ਆਲਾਹੁਣੀਆ, ਘੋੜੀਆ ਅਤੇ ਘਰੁ ਆਦਿ ਸਿਰਲੇਖ ਅਤੇ ਰਹਾਓ, ਅੰਕ, ਸੁਧੰਗ, ਜਤਿ ਵਰਗੇ ਸੰਕੇਤ ਗੁਰ ਸ਼ਬਦ ਕੀਰਤਨ ਲਈ ਸਾਡਾ ਮਾਰਗ ਦਰਸ਼ਨ ਕਰਦੇ ਹਨ । ਇਨ੍ਹਾਂ ਸਿਰਲੇਖਾਂ ਤੇ ਸੰਕੇਤਾਂ ਦੇ ਆਪਣੇ ਮੂਲ ਗੁਣ ਅਤੇ ਕਾਰਜ ਵਿਧੀ ਹੈ । ਇਹ ਵੱਖੋ-ਵੱਖਰੇ ਸੁਤੰਤਰ ਤੌਰ ਤੇ ਕਾਰਜ ਨਹੀਂ ਕਰ ਰਹੇ ਸਗੋਂ ਇਹ ਸ਼ਬਦ ਕੀਰਤਨ ਵਿੱਚ ਸਾਂਝੇ ਤੌਰ ਦੇ ਕਾਰਜਸ਼ੀਲ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਇਨ੍ਹਾਂ ਦੇ ਅੰਕਨ ਦੁਆਰਾ ਗੁਰੂ ਸਾਹਿਬਾਨਾਂ ਨੇ ਇਨ੍ਹਾਂ ਸਮੁੱਚੇ ਸਿਰਲੇਖਾਂ, ਸੰਕੇਤਾਂ ਅਨੁਸਾਰ ਸਾਨੂੰ ਕੀਰਤਨ ਕਰਨ ਦਾ ਆਦੇਸ਼ ਦਿੱਤਾ ਹੈ । ਗੁਰਮਤਿ ਅਨੁਸਾਰ ਗੁਰ ਸ਼ਬਦ ਕੀਰਤਨ ਵਿਧੀ ਕੀ ਹੈ ਇਹ ਸਮਝਣ ਅਤੇ ਬੁਝਣ ਲਈ ਬਾਣੀ ਵਿੱਚ ਥਾਂ ਪੁਰ ਥਾਂ ਅੰਕਿਤ ਇਨ੍ਹਾਂ ਸਿਰਲੇਖਾਂ, ਸੰਕੇਤਾਂ ਦੇ ਅਰਥਾਂ ਅਤੇ ਕਾਰਜ ਕਰਨ ਦੇ ਢੰਗ ਨੂੰ ਸੁਤੰਤਰ ਤੇ ਸਮੁੱਚੇ ਰੂਪ ਵਿੱਚ ਜਾਣਨਾ ਜ਼ਰੂਰੀ ਹੈ । ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਇਨ੍ਹਾਂ ਸਿਰਲੇਖਾਂ ਤੇ ਸੰਕੇਤਾਂ ਦਾ ਮਹੱਤਵ ਕੇਵਲ ਪਾਠ ਮਾਤਰ ਨਾ ਹੋ ਕੇ ਗੁਰ ਸ਼ਬਦ ਕੀਰਤਨ ਵਾਸਤੇ ਬੁਨਿਆਦੀ ਤੌਰ ਤੇ ਲਾਜ਼ਮੀ ਹੈ ।


ਰਾਗ : ਗੁਰੂ ਗ੍ਰੰਥ ਸਾਹਿਬ ਜੀ ਦੀ ਸਮੁੱਚੀ ਬਾਣੀ ਨੂੰ ਤਤਕਰੇ ਅਨੁਸਾਰ ਮੁੱਖ ਰੂਪ ਵਿੱਚ ੩੧ ਰਾਗਾਂ ਅਧੀਨ ਵਰਗੀਕ੍ਰਿਤ ਕਰਦਿਆਂ ੩੧ ਹੋਰ ਰਾਗ ਪਰਕਾਰਾਂ ਦਾ ਪ੍ਰਯੋਗ ਵੀ ਕੀਤਾ ਗਿਆ ਹੈ । ਇਸ ਤਰ੍ਹਾਂ ਇਨ੍ਹਾਂ ਦੀ ਕੁਲ ਗਿਣਤੀ ੬੨ ਹੋ ਜਾਂਦੀ ਹੈ । ਬਾਣੀ ਉਪਰ ਰਾਗਾਂ ਦਾ ਇਹ ਅੰਕਣ ਸੰਬੰਧਿਤ ਬਾਣੀ ਨੂੰ ਨਿਰਧਾਰਤ ਰਾਗਾਂ ਵਿੱਚ ਗਾਉਣ ਦਾ ਸਪਸ਼ਟ ਸੰਕੇਤ ਹੈ । ਜਿਸ ਨੂੰ ਸਿੱਖ ਮਰਿਆਦਾ ਵਿੱਚ ਬੁਨਿਆਦੀ ਤੌਰ ਤੇ ਪ੍ਰਵਾਨ ਕੀਤਾ ਗਿਆ ਹੈ । ਰਾਗਾਂ ਸੰਬੰਧੀ ਗੁਰ ਫੁਰਮਾਨ ਹਨ:


ਸਭਨਾ ਰਾਗਾਂ ਵਿਚ ਸੋ ਭਲਾ ਭਾਈ ਜਿਤੁ ਵਸਿਆ ਮਨਿ ਆਇ ॥
ਰਾਗੁ ਨਾਦੁ ਸਭੁ ਸਚੁ ਹੈ ਕੀਮਤਿ ਕਹੀ ਨ ਜਾਇ ॥

( ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ ੧੪੨੩ )
ਧੰਨੁ ਸੁ ਰਾਗ ਸੁਰੰਗੜੇ ਆਲਾਪਤ ਸਭ ਤਿਖ ਜਾਇ ॥
( ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ ੬੫੮ )
ਗੁਣ ਗੋਵਿੰਦ ਗਾਵਹੁ ਸਭਿ ਹਰਿ ਜਨ ਰਾਗ ਰਤਨ ਰਸਨਾ ਆਲਾਪ ॥
( ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ ੮੨੧ )

ਗੁਰਮਤਿ ਸੰਗੀਤ ਪਰੰਪਰਾ ਦੇ ਅੰਤਰਗਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ੩੧ ਮੁੱਖ ਰਾਗਾਂ ਤੋਂ ੩੧ ਰਾਗ ਪਰਕਾਰਾਂ ਦੇ ਮੌਲਿਕ ਸਰੂਪ ਪ੍ਰਚਾਰ ਵਿੱਚ ਹਨ । ਇਨ੍ਹਾਂ ਵਿੱਚੋਂ ਬਹੁਤ ਸਾਰੇ ਰਾਗਾਂ ਦੇ ਸਰੂਪ ਦਾ ਭਾਰਤੀ ਸੰਗੀਤ ਦੇ ਗ੍ਰੰਥਾਂ ਤੇ ਵਿਵਹਾਰਕ ਪਰੰਪਰਾ ਵਿੱਚ ਕਿਤੇ ਉਲੇਖ ਨਹੀਂ । ਸਿੱਖ ਕੀਰਤਨਕਾਰਾਂ ਨੇ ੧੯ਵੀਂ ਸਦੀ ਦੇ ਅੰਤ ਤਕ ਹਿੰਦੁਸਤਾਨੀ ਸੰਗੀਤ ਦੇ ਕਾਫੀ ਥਾਟ ਦੇ ਸੁਰਾਂ ਤੋਂ ਬਿਲਾਵਲ ਥਾਟ ਦੇ ਸੁਰਾਂ ਵਿੱਚ ਪਰੰਪਰਾਗਤ ਮੌਲਿਕਤਾ ਨੂੰ ਵਿਵਹਾਰਕ ਰੂਪ ਵਿੱਚ ਕਾਇਮ ਰੱਖਿਆ ਫਲਸਰੂਪ ਪੰਜ ਸੌ ਸਾਲ ਤੋਂ ਵੱਧ ਪੁਰਾਤਨ ਰਾਗ ਪਰੰਪਰਾ ਅੱਜ ਸਿੱਖ ਸੰਗੀਤ ਵਿਰਾਸਤ ਵਿੱਚ ਪਰਚਾਰ ਅਧੀਨ ਹੈ । ਇਹ ਰਾਗ ਸਰੂਪ ਜਿਥੇ ਗੁਰਮਤਿ ਸੰਗੀਤ ਦੇ ਮੌਲਿਕ ਰਾਗ ਸਰੂਪ ਹਨ ਉਥੇ ਇਹ ਸਮੁੱਚੀ ਭਾਰਤੀ ਸੰਗੀਤ ਦੀ ਰਾਗ ਪਰੰਪਰਾਂ ਲਈ ਵੀ ਨਿਵੇਕਲਾ ਤੇ ਵਿਲੱਖਣ ਯੋਗਦਾਨ ਹੈ । ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ੩੧ ਮੁੱਖ ਰਾਗਾਂ ਅਤੇ ੩੧ ਰਾਗ ਪ੍ਰਕਾਰਾਂ ਅਧੀਨ ਰਾਗਾਂ ਦੇ ਵੱਖ-ਵੱਖ ਵਰਗ ਇਸ ਪ੍ਰਕਾਰ ਹਨ :

ਰਾਗ ਦਾ ਨਾਂ

 • ੧. ਸਿਰੀ
 • ੨. ਮਾਝ
 • ੩. ਗਉੜੀ
 • ੪. ਆਸਾ
 • ੫. ਗੁਜਰੀ
 • ੬ .ਦੇਵਗੰਧਾਰੀ
 • ੭. ਬਿਹਾਗੜਾ
 • ੮ .ਵਡਹੰਸੁ
 • ੯ .ਸੋਰਠਿ
 • ੧੦. ਧਨਾਸਰੀ
 • ੧੧. ਜੈਤਸਰੀ
 • ੧੨. ਟੋਡੀ
 • ੧੩. ਬੈਰਾੜੀ
 • ੧੪. ਤਿਲੰਗ
 • ੧੫.ਸੂਹੀ
 • ੧੬. ਬਿਲਾਵਲੁ
 • ੧੭. ਗੱਡ
 • ੧੮. ਰਾਮਕਲੀ
 • ੧੯. ਨਟ ਨਾਰਾਇਨ
 • ੨੦. ਮਾਲੀਗਉੜਾ
 • ੨੧. ਮਾਰੂ
 • ੨੨. ਤੁਖਾਰੀ
 • ੨੩. ਕੇਦਾਰਾ
 • ੨੪. ਭੈਰਉ
 • ੨੫. ਬਸੰਤ
 • ੨੬. ਸਾਰਗ
 • ੨੭. ਮਲਾਰ
 • ੨੮. ਕਾਨੜਾ
 • ੨੯. ਕਲਿਆਨ
 • ੩੦. ਪ੍ਰਭਾਤੀ
 • ੩੧. ਜੈਜਾਵੰਤੀ

ਰਾਗ ਪ੍ਰਕਾਰ

 • (ੳ) ਗਉੜੀ ਗੁਆਰੇਰੀ (੧)
 • (ਅ) ਗਉੜੀ ਦਖਣੀ (੨)
 • (ੲ) ਗਉੜੀ ਚੇਤੀ (੩)
 • (ਸ) ਗਉੜੀ ਬੈਰਾਗਣਿ (੪)
 • (ਹ) ਗਉੜੀ ਪੂਰਬੀ ਦੀਪਕੀ (੫)
 • (ਕ) ਗਉੜੀ ਪੂਰਬੀ (੬)
 • (ਖ) ਗਉੜੀ ਦੀਪਕੀ (੭)
 • (ਗ) ਗਉੜੀ ਮਾਝ (੮)
 • (ਘ) ਗਉੜੀ ਮਾਲਵਾ (੯)
 • (ਝ) ਗਉੜੀ ਮਾਲਾ (੧੦)
 • (ਚ) ਗਉੜੀ ਸੋਰਠਿ (੧੧)
 • (ੳ) ਆਸਾ ਕਾਫੀ (੧੨)
 • (ਅ) ਆਸਾਵਰੀ (੧੩ )
 • (ੲ) ਆਸਾਵਰੀ (੧੪)
 • (ਉ) ਦੇਵਗੰਧਾਰ (੧੫)
 • (ੳ) ਵਡਹੰਸੁ ਦਖਣੀ (੧੬)
 • (ੳ ) ਤਿਲੰਗ ਕਾਫੀ (੧੭)
 • (ੳ) ਸੂਹੀ ਕਾਫੀ (੧੮)
 • (ਅ) ਸੂਹੀ ਲਲਿਤ (੧੯ )
 • (ੳ) ਬਿਲਾਵਲੁ ਦੁਖਣੀ (੨੦)
 • (ਅ) ਬਿਲਾਵਲੁ ਮੰਗਲ (੨੧)
 • (ੳ) ਬਿਲਾਵਲੁ ਗੋਂਡ (੨੨)
 • (ੳ) ਰਾਮਕਲੀ ਦੱਖਣੀ (੨੩)
 • (ੳ) ਨਟ (੨੪)
 • (ੳ} ਮਾਰੂ ਕਾਫੀ (੨੫)
 • (ਅ) ਮਾਰੂ ਦੱਖਣੀ (੨੬)
 • (ੳ) ਬਸੰਤ ਹਿੰਡੋਲ (੨੭)
 • (ੳ ) ਕਲਿਆਨ ਭੋਪਾਲੀ (੨੮)
 • (ਉ) ਪ੍ਰਭਾਤੀ ਬਿਭਾਸ (੨੯)
 • (ਅ) ਪ੍ਰਤੀ ਦੱਖਣੀ (੩੦)
 • (ੲ) ਬਿਭਾਸ ਪ੍ਰਭਾਤੀ (੩੧)

ਪੰਨਾ ਸ੍ਰੀ ਗੁਰੂ ਗ੍ਰੰਥ ਸਾਹਿਬ

 • ੧૪
 • ੯੪
 • ੧੫੧
 • ੧੫੧
 • ੧੫੨
 • ੧੫੪
 • ੧੫੬
 • ੧੫੭
 • ੨੪੨
 • ੧੨
 • ੧੭੨
 • ੨੧੪
 • ੨੧੪
 • ੩੩੦
 • ੩੪੭
 • ੩੬੫
 • ੪੦੯
 • ੩੬੯
 • ੪੮੯
 • ੫੨੭
 • ੫੩੧
 • ੫੩੭
 • ੫੫੭
 • ੫੮੦
 • ੫੯੫
 • ੬੬੦
 • ੬੯੬
 • ੭੧੧
 • ੭੧੯
 • ੭੨੧
 • ੭੨੬
 • ੭੨੮
 • ੭੫੧
 • ੭੯੩
 • ੭੯੪
 • ੮੪੩
 • ੮੪੪
 • ੮੫੯
 • ੮੭੪
 • ੮੭੬
 • ੯੦੭
 • ੯੭੫
 • ੯੭੫
 • ੯੮੪
 • ੯੮੯
 • ੧੦੧੪
 • ੧੦੩੩
 • ੧੧੦੭
 • ੧੧੧੮
 • ੧੧੨੫
 • ੧੧੬੮
 • ੧੧੭੧
 • ੧੧੯੭
 • ੧੧੫੪
 • ੧੨੯੪
 • ੧੩੧੯
 • ੧੩੨੧
 • ੧੩੨੭
 • ੧੩੪੩
 • ੧੩੪੭
 • ੧੩੪੭
 • ੧੩੫੨


ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਰਾਗ ਪ੍ਰਬੰਧ ਵਿਚਲੇ ਇਨ੍ਹਾਂ ਰਾਗਾਂ ਨੂੰ ਅਸੀਂ ਹੇਠ ਲਿਖੇ ਅਨੁਸਾਰ ਵਰਗੀਕ੍ਰਿਤ ਕਰ ਸਕਦੇ ਹਾਂ ।


ਸ਼ੁੱਧ ਰਾਗ : ਸ਼ੁੱਧ ਰਾਗ ਉਹ ਹਨ ਜਿਨ੍ਹਾਂ ਵਿੱਚ ਕਿਸੇ ਹੋਰ ਰਾਗ ਦੀ ਛਾਇਆ ਜਾਂ ਝਲਕ ਨਹੀਂ ਅਤੇ ਆਪਣਾ ਸੁਤੰਤਰ, ਸਪੱਸ਼ਟ ਤੇ ਪ੍ਰਧਾਨ ਸਰੂਪ ਰੱਖਦੇ ਹਨ । ਸਿਰੀ, ਮਾਝ, ਗਾਉੜੀ, ਆਸਾ, ਗੂਜਰੀ, ਬਿਹਾੜਾ, ਵਡਹੰਸ, ਸੋਰਠਿ, ਧਨਾਸਰੀ, ਤਿਲੰਗ, ਸੂਹੀ, ਬਿਲਾਵਲ, ਰਾਮਕਲੀ, ਮਾਰੂ, ਤੁਖਾਰੀ, ਭੈਰਉ, ਬਸੰਤ, ਸਾਰੰਗ, ਮਲਾਰ ਅਤੇ ਪ੍ਰਭਾੜੀ ਆਦਿ ਸੁੱਧ ਰਾਗ ਹਨ । ਬਾਣੀ ਵਿੱਚ ਇਨ੍ਹਾਂ ਨੂੰ ਮੁੱਖ ਸਿਰਲੇਖ ਵੱਜੋਂ ਅੰਕਿਤ ਕੀਤਾ ਗਿਆ ਹੈ ਅਤੇ ਇਨ੍ਹਾਂ ਦੇ ਪ੍ਰਕਾਰ ਇਨ੍ਹਾਂ ਮੁੱਖ ਰਾਗ ਸਿਰਲੇਖਾਂ ਅਧੀਨ ਅੰਕਿਤ ਕੀਤੇ ਗਏ ਹਨ । ਸਮੁੱਚੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਦਾ ਵੀ ਇਹੋ ਕ੍ਰਮ ਹੈ ਅਤੇ ਪੂਰਵ ਦਰਜ ਤਤਕਰੇ ਵਿੱਚ ਵੀ ਮੁੱਖ ਰਾਗਾਂ ਦੇ ਨਾਮ ਦਿੱਤੇ ਗਏ ਹਨ ।

ਛਾਇਆ ਰਾਗ : ਛਾਇਆ ਰਾਗ ਉਹ ਹਨ ਜਿਨ੍ਹਾਂ ਵਿੱਚ ਕਿਸੇ ਰਾਗ ਦੀ ਮੁੱਖ ਜਾਂ ਪ੍ਰਧਾਨ ਛਾਇਆ ਪ੍ਰਤੀਤ ਹੁੰਦੀ ਹੈ । ਅਜਿਹੇ ਰਾਹਾਂ ਵਿੱਚ ਜਿਸ ਪ੍ਰਧਾਨ ਰਾਗ ਦੀ ਛਾਇਆ ਦ੍ਰਿਸ਼ਟੀਗੋਚਰ ਹੁੰਦੀ ਹੈ ਉਹ ਸੰਬੰਧਤ ਉਸ ਰਾਗ ਦੇ ਪ੍ਰਕਾਰ ਵਜੋਂ ਜਾਣਿਆ ਜਾਂਦਾ ਹੈ । ਇਨ੍ਹਾਂ ਰਾਗਾਂ ਵਿੱਚੋਂ ਦੋ ਰਾਗਾਂ ਦੇ ਮਿਸ਼ਰਣ ਦ੍ਰਿਸ਼ਟੀਗੋਚਰ ਹੁੰਦਾ ਹੈ । ਬਾਣੀ ਵਿੱਚ ਉਪਰੋਕਤ ਵਰਣਿਤ ਸ਼ੁੱਧ ਰਾਗਾਂ ਅਧੀਨ ਉਨ੍ਹਾਂ ਦੇ ਪ੍ਰਕਾਰ ਵੀ ਉਪਲਬਧ ਹਨ ਜਿਹੜੇ ਉਨ੍ਹਾਂ ਦੇ ਛਾਇਆਲਗ ਰਾਗ ਹਨ । ਜਿਵੇਂ : ਗਉੜੀ, ਗੁਆਰੇਰੀ, ਗਉੜੀ ਚੇਤੀ, ਗਉੜੀ ਬੈਰਾਗਣਿ, ਗਉੜੀ ਪੂਰਬੀ, ਗਉੜੀ ਦੀਪਕੀ, ਆਸਾ ਕਾਫੀ, ਸੂਹੀ ਕਾਫ਼ੀ, ਮਾਂਰੂ ਕਾਫੀ, ਬਸੰਤ ਹਿੰਡੋਲ ਅਤੇ ਪ੍ਰਭਾਤੀ
ਬਿਭਾਸੀ ਆਦਿ ।


ਸੰਕੀਰਣ ਰਾਗ : ਸੰਕੀਰਣ ਰਾਗ ਅਧੀਨ ਕਿਸੇ ਮੁੱਖ ਜਾਂ ਪ੍ਰਧਾਨ ਰਾਗ ਅਧੀਨ ਦੋ ਜਾਂ ਦੋ ਤੋਂ ਵਧੀਕ ਰਾਗਾਂ ਦਾ ਮਿਸ਼ਰਣ ਹੁੰਦਾ ਹੈ । ਬਾਣੀ ਵਿੱਚ ਅਜਿਹਾ ਕੇਵਲ ਇਕੋ ਹੀ ਰਾਗ ਗਉੜੀ ਪੂਰਬੀ ਦੀਪਕੀ ਅੰਕਿਤ ਹੈ ।

ਦੱਖਣੀ ਰਾਗ : ਮੱਧ ਕਾਲ ਵਿੱਚ ਭਾਰਤੀ ਸੰਗੀਤ ਵਿਦੇਸ਼ੀ ਹਮਲਿਆ ਦੇ ਕਾਰਣ ਦੋ ਪੱਧਤੀਆਂ ਹਿੰਦੁਸਤਾਨੀ ਜਾਂ ਉੱਤਰੀ ਭਾਰਤੀ ਸੰਗੀਤ ਅਤੇ ਕਰਨਾਟਕੀ ਜਾਂ ਦੱਖਣੀ ਭਾਰਤ ਸੰਗੀਤ ਅਧੀਨ ਵਿਭਾਜਤ ਹੋ ਚੁੱਕਿਆ ਸੀ । ਸ੍ਰੀ ਗੁਰੂ ਨਾਨਕ ਦੇਵ ਜੀ ਨੇ ਧੁਰ ਕੀ ਬਾਣੀ ਨੂੰ ਲੋਕਾਈ ਤਕ ਪਹੁੰਚਾਉਣ ਲਈ ਸਾਰੇ ਵਿਭਿੰਨ ਸਥਾਨਾਂ ਦਾ ਰਟਨ ਕੀਤਾ ਜੋ ਚਾਰ ਉਦਾਸੀਆਂ ਦੇ ਨਾਲ ਨਾਲ ਜਾਣਿਆ ਜਾਂਦਾ ਹੈ । ਇਨ੍ਹਾਂ ਉਦਾਸੀਆਂ ਦੇ ਅੰਤਰਗਤ ਆਪ ਦੱਖਣੀ ਭਾਰਤ ਵੀ ਗਏ ਅਤੇ ਉਥੇ ਦੇ ਸਭਿਆਚਾਰ, ਭਾਸ਼ਾ ਅਤੇ ਸੰਗੀਤ ਦੇ ਅੰਤਰਗਤ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਦੱਖਣੀ ਭਾਰਤ ਦੇ ਰਾਗਾਂ ਨੂੰ ਆਪਣੀ ਬਾਣੀ ਦੇ ਗਾਇਨ ਲਈ ਪ੍ਰਯੋਗ ਕੀਤਾ । ਜੋ ਓਂਕਾਰ ਬਾਣੀ ਤੋਂ ਪ੍ਰਤੱਖ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਧੀਨ ਕੇਵਲ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਵਿਚ ਹੀ ਦੱਖਣੀ ਰਾਗ ਪ੍ਰਯੋਗ ਕੀਤੇ ਗਏ ਹਨ ਜਿਵੇਂ ਕਿ : ਗਉੜੀ ਦੱਖਣੀ, ਵਡਹੰਸ ਦੱਖਣੀ, ਮਾਰੂ ਦੱਖਣੀ, ਬਿਲਾਵਲ ਦੱਖਣੀ, ਰਾਮਕਲੀ ਦੱਖਣੀ, ਪੜ੍ਹਾੜੀ ਦੱਖਣੀ ।


ਸਨਾਤਨੀ ਰਾਗ : ਸਨਾਤਨੀ ਰਾਗ ਗੁਰੂ ਸਾਹਿਬਾਨਾਂ ਨੇ ਬਾਣੀ ਦੀ ਸਫ਼ਲ ਪ੍ਰਸਤੁਤੀ ਹਿਤ ਬਾਣੀ ਅਤੇ ਰਾਗ ਨੂੰ ਇਨ੍ਹਾਂ ਦੀ ਪ੍ਰਕ੍ਰਿਤੀ ਦੀ ਅੰਤਰੀਵੀਂ ਸਾਂਝ ਅਤੇ ਭਾਵਾਤਮਕ ਪੱਧਰ ਉਤੇ ਜੋੜਨ ਦੀ ਸਫਲ ਕੋਸ਼ਿਸ਼ ਕੀਤੀ ਹੈ । ਆਪ ਜੀ ਨੇ ਬਾਣੀ ਦੇ ਗਾਇਨ ਲਈ ਪ੍ਰਯੋਗ ਕੀਤੇ ਗਏ ਸਨਾਤਨੀ ਕਾਵਿ ਰੂਪਾਂ ਲਈ ਸ਼ੁੱਧ ਰੂਪ ਵਿੱਚ ਮਾਰਗੀ ਜਾਂ ਸਥਾਪਿਤ ਰਾਗਾਂ ਦਾ ਪ੍ਰਯੋਗ ਵੀ ਕੀਤਾ ਹੈ । ਉਦਾਹਰਣ ਦੇ ਤੌਰ ਤੇ ਪ੍ਰਬੰਧ ਗਾਇਨ ਸ਼ੈਲੀ ਦੇ ਕਾਵਿ ਰੂਪ ਅਸ਼ਟਪਦੀ ਦਾ ਪ੍ਰਯੋਗ ਸਿਰੀ, ਗਉੜੀ, ਗੂਜਰੀ, ਰਾਮਕਲੀ, ਪ੍ਰਭਾਤੀ ਰਾਗਾਂ ਅਧੀਨ ਕੀਤਾ ਗਿਆ ਹੈ ।


ਦੇਸੀ ਰਾਗ : ਦੇਸੀ ਰਾਗ ਗੁਰੂ ਸਾਹਿਬਾਨਾਂ ਨੇ ਬਾਣੀ ਦੇ ਸੰਚਾਰ ਦੀਆਂ ਸੰਭਾਵਨਾਵਾਂ ਨੂੰ ਵਧਾਉਣ ਲਈ ਵਿਭਿੰਨ ਇਲਾਕਿਆਂ ਦੀ ਲੋਕ ਪਰੰਪਰਾ ਵਿੱਚੋਂ ਵਿਕਸਿਤ ਰਾਗਾਂ ਨੂੰ ਬਾਣੀ ਦੇ ਗਾਇਨ ਹਿੱਤ ਪ੍ਰਯੋਗ ਕੀਤਾ ਹੈ । ਉਦਾਹਰਣ ਦੇ ਤੌਰ ਤੇ ਮਾਝ, ਆਸਾ, ਆਸਾ ਕਾਫੀ, ਬਿਹਾਗੜਾ, ਤਿਲੰਗ, ਸੂਹੀ, ਮਾਰੂ, ਤੁਖਾਰੀ ਦੇਸੀ ਰਾਗ ਵਜੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹਨ ।


ਮੌਸਮੀ ਰਾਗ : ਮੌਸਮੀ ਰਾਗ ਗੁਰਮਤਿ ਸੰਗੀਤ ਅੰਤਰਗਤ ਕੁਝ ਰਾਗ ਇਸ ਤਰ੍ਹਾਂ ਦੇ ਮਿਲਦੇ ਹਨ ਜੋ ਮੌਸਮ ਨਾਲ ਸੰਬੰਧਿਤ ਹਨ । ਇਨ੍ਹਾਂ ਰਾਗਾਂ ਦਾ ਗਾਇਨ ਵੀ ਸੰਬੰਧਿਤ ਮੌਸਮ ਵਿੱਚ ਹਰ ਸਮੇਂ ਕਰਨ ਦੀ ਪ੍ਰਥਾ ਹੈ । ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਰਾਗ ਬਸੰਤ ਅਤੇ ਮਲਾਰ ਇਸ ਸ਼੍ਰੇਣੀ ਦੇ ਵਿਸ਼ੇਸ਼ ਰਾਗ ਹਨ ।

 • ਪਹਿਲ ਬਸੰਤੈ ਆਰਾਮਨਿ ਪਹਿਲਾ ਮਉਲਿਓ ਸੋਇ ॥
  (ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ ੭੯੧)
 • ਮਾਹਾ ਮਾਹ ਮੁਮਾਰਖੀ ਚੜਿਆ ਸਦਾ ਬਸੰਤੁ ॥
  (ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ ੧੧੬੮)
 • ਰੁਤ ਆਇਲੇ ਸਰਸ ਬਸੰਤ ਮਾਹਿ ॥
  (ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ ੧੧੬੮)
 • ਬਸੰਤੁ ਚੜਿਆ ਫੂਲੀ ਬਨਰਾਇ ॥
  (ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ ੧੧੭੬ )
 • ਕਰਉ ਬਿਨਉ ਗੁਰ ਅਪਨੇ ਪ੍ਰੀਤਮ ਹਰਿ ਵਰੁ ਆਣਿ ਮਿਲਾਵੈ ॥ ਸੁਣਿ ਘਨਘੋਰ ਸੀਤਲੁ ਮਨੁ ਮੋਰਾ ਲਾਲ ਰਤੀ ਗੁਣ ਗਾਵੈ ॥
  (ਸ੍ਰੀ ਗੁਰੂ ਗ੍ਰੰਥ ਸਾਹਿਬ , ਪੰਨਾ ੧੨੫੪)
 • ਚਾਤ੍ਰਿਕੁ ਜਲ ਬਿਨੁ ਪਿਉ ਪਿਉ ਟੇਰੈ ਬਿਲਪ ਕਰੈ ਬਿਲਲਾਈ ॥ ਘਰ ਘੋਰ ਸੌ ਦਿਸਿ ਬਸੈ ਬਿਨੁ ਜਲ ਪਿਆਸ ਨ ਜਾਈ ॥
  (ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ ੧੨੭੩)
 • ਨਾਨਕ ਸਾਵਣਿ ਜੇ ਵਸੈ ਚਹੁ ਉਮਾਹਾ ਹੋਇ ॥
  (ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ ੧੨੭੯)
 • ਉੱਨਵ ਉੱਨਵਿ ਆਇਆ ਵਰਸੈ ਲਾਇ ਝੜੀ ॥
  (ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ ੧੨੮੦)
 • ਗੁਰਮੁਖਿ ਮਲਾਰ ਰਾਗੁ ਜੋ ਕਰਹਿ ਤਿਨ ਮਨੁ ਤਨੁ ਸੀਤਲੁ ਹੋਇ ॥
  (ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ ੧੨੮੫)
 • ਮਲਾਰੂ ਸੀੜਲੇ ਰਾਗੁ ਹੈ ਹਰਿ ਧਿਆਇਐ ਸਾਂਤਿ ਹੋਇ ॥
  (ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ ੧੨੮੩ )

ਰਾਗ ਧਿਆਨ ਪਰੰਪਰਾ : ਭਾਰਤੀ ਸੰਗੀਤ ਵਿੱਚ ਰਾਗ ਦੇ ਭਾਵਾਤਮਕ ਤੇ ਤਕਨੀਕੀ ਦੋਵੇਂ ਰੂਪ ਸਵੀਕਾਰੇ ਜਾਂਦੇ ਹਨ । ਆਪਣੇ ਇਨ੍ਹਾਂ ਗੁਣਾਂ ਕਰਕੇ ਹੀ ਇਹ ਭਾਰਤੀ ਸੰਗੀਤ ਦੀ ਕੇਂਦਰੀਕਾਰੀ ਸ਼ਕਤੀ ਵਜੋਂ ਉਜਾਗਰ ਹੁੰਦਾ ਹੈ । ਇਸ ਦੇ ਨਾਲ ਹੀ ਇਹ ਵੀ ਸਰਬ ਪ੍ਰਵਾਣਿਤ ਹੈ ਕਿ ਰਾਗ ਦਾ ਸਰੂਪ ਅਮੂਰਤ ਹੈ, ਇਸ ਨੂੰ ਮੂਰਤੀਮਾਨ ਕਰਨ ਲਈ ਕਾਵਿ ਅਤੇ ਧਿਆਨ (ਰਾਗ ਚਿੱਤਰ) ਨਾਲ ਜੋੜਿਆ ਜਾਂਦਾ ਹੈ । ਨਾਰੀ ਦਾ ਸਰੂਪ ਭਾਵੇਂ ਨਾਦਾਤਮਕ ਤੇ ਸੰਗੀਤਕ ਤੱਤਾਂ ਦੇ ਉਪਕਰਣਾਂ ਨਾਲ ਪ੍ਰਤੱਖ ਹੋਣਾ ਹੈ ਪਰ ਇਸ ਦੇ ਨਾਲ ਹੀ ਇਸ ਅਮਰਤ ਰੂਪ ਦਾ ਸੁਰਾਤਮਕ ਸਿਰਜਣ ਤੇ ਸਹੀ ਪ੍ਰਗਟਾ ਰਾਗ ਪਤਿ ਤਿਆਰ ਕੀਤੇ ਗਏ ਇਨਾਂ ਨਕਸ਼ਾਂ ਦੀ ਟੋਹ ( ਕਾਵਿ ਤੇ ਧਿਆਨ ) ਦੁਆਰਾ ਹੀ ਸੰਭਵ ਹੋ ਸਕਦਾ ਹੈ । ਭਾਰਤੀ ਸੰਗੀਤ ਅਤੇ ਗੁਰਮਤਿ ਸੰਗੀਤ ਵਿੱਚ ਰਾਗ ਦੇ ਪ੍ਰਯੋਗ ਦੀ ਮੁਲ ਭਿੰਨਤਾ ਇਥੋਂ ਪ੍ਰਗਟ ਹੋ ਜਾਂਦੀ ਹੈ ਕਿਉਂਕਿ ਬਾਣੀ ਰਾਗ ਨੂੰ ਉਸ ਪਰਮਾਤਮਾ ਦੇ ਨਾਮ ਸ਼ਬਦ ਆਧਾਰਿਤ ਕਰਦੀ ਹੈ । ਬਾਣੀ ਵਿੱਚ ਰਾਗ ਦੀ ਭਾਵਾਤਮਕ ਟੋਹ ਭਾਰਤੀ ਸੰਗੀਤ ਕਾਵਿ ਤੇ ਧਿਆਨ ( ਚਿੱਤਰ ) ਦੁਆਰਾ ਉਜਾਗਰ ਨਹੀਂ ਹੁੰਦੀ ਸਗੋਂ ਬਾਣੀ ਨੇ ਇਸ ਨੂੰ ਭਾਵਾਤਮਕ ਸੇਧ ਪ੍ਰਧਾਨ ਕਰਨੀ ਹੈ । ਬਾਣੀ ਵਿੱਚ ਰਾਗ ਨੂੰ ਅਧਿਆਤਮਕ ਪ੍ਰਯੋਜਨ ਅਧੀਨ ਨਵੀਨ ਅਰਥਾਂ ਅਤੇ ਵਿਲੱਖਣ ਸੰਭਾਵਨਾਵਾਂ ਚ ਪ੍ਰਯੋਗ ਕੀਤਾ ਗਿਆ ਹੈ । ਗੁਰੂ ਨਾਨਕ ਬਾਣੀ ਵਿੱਚੋਂ ਇਸ ਦੀ ਉਦਾਹਰਣ ਇਸ ਪ੍ਰਕਾਰ ਹੈ ਜਿਸ ਅਧੀਨ ਸੋਰਠਿ ਦੇ ਭਾਰਤੀ ਸੰਗੀਤ ਵਿੱਚ ਰਾਗ ਧਿਆਂਨ ਦੇ ਸਮਾਨੰਤਰ ਰਾਗ ਸੋਰਠਿ ਨੂੰ ਅਧਿਆਤਮਕ ਪ੍ਰਯੋਜਨ ਅਧੀਨ ਨਵੀਨ ਅਰਥ ਪ੍ਰਦਾਨ ਕਰਦਾ ਹੈ ।


ਸੋਰਠਿ ਸਦਾ ਸੁਹਾਵਣੀ ਜੇ ਸਚਾ ਮਨਿ ਹੋਇ ॥
ਦੰਦੀ ਮੈਲ ਨ ਕਤੁ ਮਨਿ ਜੀਉ ਸਚਾ ਸੋਇ ॥
ਸਸੁਰੈ ਪੇਈਐ ਭੈ ਵਸੀ ਸਤਿਗੁਰੁ ਸੇਵਿ ਨਿਸੰਗ ॥
ਪਹਰਿ ਕਪੜੁ ਜੇ ਪਿਰੁ ਮਿਲੈ ਖੁਸੀ ਰਾਵੈ ਪਿਰੁ ਸੰਗਿ ॥
ਸਦਾ ਸੀਗਾਰੀ ਨਾਉ ਮਨਿ ਕਦੇ ਨ ਮੈਲੁ ਪਤੰਗੁ ॥
ਦੇਵਰ ਜੇਠ ਮੁਏ ਦੁਖਿ ਸਲੂ ਕਾ ਡਰੁ ਕਿਸੁ ॥
ਜੇ ਪਿਰ ਭਾਵੈ ਨਾਨਕਾ ਕਰਮ ਮਣੀ ਸਭੁ ਸਚੁ ॥
( ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ ੬੪੨ )


ਉਪਰੋਕਤ ਸ਼ਬਦ ਵਿੱਚ ਸੋਰਠਿ ਨੂੰ ਇਕ ਇਸਤਰੀ ਦੇ ਰੂਪ ਵਿੱਚ ਚਿੱਤਰਿਆ ਗਿਆ ਹੈ ਜਿਸ ਨੇ ਪਤੀ ਪਰਮੇਸਰ ਨੂੰ ਰਿਝਾਉਣਾ, ਮਨ ਵਿੱਚ ਵਸਾਉਣਾ ਹੈ, ਸੇਵਾ ਕਰਨੀ ਹੈ, ਮਨ ਦੀਆਂ ਬੁਰਿਆਈਆਂ ਦਾ ਖਾਤਮਾ ਕਰਨਾ ਹੈ, ਨਾਮ ਦਾ ਸ਼ਿੰਗਾਰ ਕਰਨਾ ਹੈ, ਵਿਕਾਰਾਂ ਤੋਂ ਉਪਰ ਉਠਣਾ ਹੈ, ਅਜਿਹੀ ਇਸਤਰੀ ਨੂੰ ਹੀ ਪ੍ਰਭੂ ਪਰਮੇਸ਼ਰ ਦੇ ਪਿਆਰ ਦੀ ਬਖ਼ਸ਼ਿਸ਼ ਹੁੰਦੀ ਹੈ ਅਤੇ ਉਸਦੇ ਮਸਤਕ ਉਤੇ ਭਾਗਾਂ ਦਾ ਟਿੱਕਾ ਲੱਗਦਾ ਹੈ ਭਾਵ ਭਾਗ ਜਾਗਦੇ ਹਨ ।
ਸੰਗੀਤ ਦਰਪਣ ਵਿੱਚ ਅੰਕਿਤ ਸੋਰਠਿ ( ਸੰਗੀਤ ) ਦਾ ਧਿਆਨ ਇਸ ਪ੍ਰਕਾਰ ਹੈ " ਜਿਸਨੇ ਉਚੇ ਅਤੇ ਪੁਸ਼ਟ ਸਰੀਰ ਉੱਤੇ ਸੁੰਦਰ ਹਾਰ ( ਗਹਿਣੇ ) ਪਹਿਨ ਰੱਖੇ ਹਨ । ਜਿਸ ਦਾ ਚਿਤ,
ਕੰਨ ਵਿੱਚ ਪਹਿਨੈ ਹੋਏ ਕਮਲ ਦੇ ਆਸ ਪਾਸ ਮੰਡਰਾ ਰਹੇ ਭੰਵਰੇ ਦੀ ਗੂੰਜਾਰ ਕਰਨ ਕਰਕੇ ਉਚਾਟ ਹੋ ਗਿਆ ਹੈ । ਜਿਸ ਦੀ ਬਾਂਹ ਸਥਿਰ ਹੋ ਗਈ ਹੈ ਅਤੇ ਜੋ ਆਪਣੇ ਪੀਤਮ ਪਿਆਰੇ ਕੋਲ ਜਾ ਰਹੀ ਹੈ ।” (ਸੰਗੀਤ ਦਰਪਣ, ਸ਼ਲੋਕ ੮੬ )। ਇਸ ਰਾਗ ਧਿਆਨ ਵਿੱਚ ਇਸਤਰੀ ਦੀ ਸੁੰਦਰਤਾ, ਸ਼ਿੰਗਾਰ, ਮਨ ਕੁੰਵਰੇ ਦੀ ਗੁੰਜਾਰ ਕਰਨ ਉਚਾਟ, ਪ੍ਰੀਤਮ ਨੂੰ ਮਿਲਣ ਲਈ ਜਾਣਾ ਆਦਿ ਵਰਗੇ ਵਰਣਨ ਅਤੇ ਗੁਰੂ ਨਾਨਕ ਬਾਣੀ ਦੇ ਸੋਰਠਿ ਸੰਬੰਧੀ ਸਲੋਕ ਵਿੱਚ ਪ੍ਰਭੂ ਪ੍ਰੇਮ ਦੇ ਪ੍ਰਸੰਗ ਵਿੱਚ ਜੀਵ ਰੂਪੀ ਇਸਤਰੀ ਪਤੀ ਪਰਮੇਸ਼ਰ ਨੂੰ ਰਿਝਾਉਣ ਲਈ ਉਪਦੇਸ਼ ਦੇ ਵਰਣਨ ਤੋਂ ਸਾਨੂੰ ਸਪਸ਼ਟ ਹੁੰਦਾ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਕੀਤੇ ਗਏ ਪ੍ਰਯੋਗ ਜਿਥੇ ਸੁਰਾਤਮਕ ਤੇ ਰਸਾਤਮਕ ਬੋਧ ਦੇ ਧਾਰਣੀ ਹਨ ਉਥੇ ਇਸਦੇ ਭਾਵਾਤਮਿਕ ਧਿਆਨ ਨੂੰ ਵੀ ਅੱਖੋਂ ਪਰੋਖੇ ਨਹੀਂ ਕੀਤਾ ਗਿਆ । ਭਾਰਤੀ ਸੰਗੀਤ ਅਧੀਨ ਪ੍ਰਚਲਿਤ ਰਾਗ ਧਿਆਨ, ਰਾਗਾਂ ਦੇ ਧਿਆਨ ਸੰਦਰਭ ਵਿੱਚ ਵੇਖੀਏ ਤਾਂ ਅਜਿਹਾ ਪ੍ਰਯੋਗ ਬਾਣੀ ਦੀ ਵਿਲੱਖਣਤਾ ਹੈ ਜੋ ਇਸਦੇ ਰਾਗ ਪ੍ਰਬੰਧ ਦੀ
ਵਿਗਿਆਨਕਤਾ ਦਾ ਇਕ ਅਨੁਪਮ ਨਮੂਨਾ ਹੈ ।
ਮਧਕਾਲ ਵਿੱਚ ਪ੍ਰਚਲਿਤ ਰਾਗ-ਰਾਗਣੀ ਵਰਗੀਕਰਣ ਦੇ ਬਹੁਪਰਤੀ ਝਮੇਲਿਆਂ ਨੂੰ ਇਕ ਦਿਸ਼ਾ ਪ੍ਰਦਾਨ ਕਰਨ ਲਈ ਗੁਰੂ ਸਾਹਿਬ ਨੇ ਸਮੂਹ ਰਾਗਾਂ ਲਈ ਕੇਵਲ ' ਰਾਗ ' ਸ਼ਬਦ ਦਾ ਹੀ ਪ੍ਰਯੋਗ ਕੀਤਾ। ਅਜਿਹਾ ਪ੍ਰਯੋਗ ਸਾਧਾਰਣ ਅਰਥੀ ਨਹੀਂ ਕਿਹਾ ਜਾ ਸਕਦਾ ਕਿਉਂ ਜੋ ਸਮਕਾਲੀਨ ਅਰਥਾਂ ਵਿੱਚ ਰਾਗਾਂ ਤੇ ਰਾਗਣੀਆਂ ਦਾ ਪ੍ਰਯੋਗ ਖੁਲ ਕੇ ਕੀਤਾ ਗਿਆ ਹੈ ਅਤੇ ਇਨ੍ਹਾਂ ਨੂੰ ਇਸਤਰੀ ਪੁਰਖ ਸੁਭਾਵਾਂ ਦੁਆਰਾ ਚਿਤਰਤ ਵੀ ਕੀਤਾ ਗਿਆ ਹੈ । ਇਨ੍ਹਾਂ ਦਾ ਸੁਭਾਅਤ ਕਾਇਆ ਮਾਇਆਂ ਤੋਂ ਉਲਟ ਗੁਰੂ ਸਾਹਿਬ ਜਦੋਂ ' ਰਾਗ ' ਸ਼ਬਦ ਦਾ ਪ੍ਰਯੋਗ ਕਰ ਰਹੇ ਹਨ ਤਾਂ ਉਹ ਇਕ ਪਰੰਪਰਾਗਤ ਵਡੇਰੀ ਧਾਰਨਾਂ ਨੂੰ ਨਕਾਰ ਕੇ ਨਵੀਆਂ ਲੀਹਾਂ ਪਾਉਣ ਪ੍ਰਤੀ ਵੀ ਰੁਚਿਤ ਹਨ। ਸੰਗੀਤ ਇਤਿਹਾਸ ਗਵਾਹ ਹੈ ਕਿ ਬਾਅਦ ਵਿੱਚ ਇਹੀ ਪਰੰਪਰਾ ਬਾਅਦ ਵਿੱਚ ਆਪਣੇ ਵਿਵਾਦਾਂ ਦੇ ਭਾਰ ਥੱਲੇ ਪ੍ਰਯੋਗ ਵਿਹੂਣੀ ਹੋ ਗਈ ਅਤੇ ਇਨ੍ਹਾਂ ਦਾ ਸਥਾਨ ਰਾਗ ਵਰਗੀਕਰਣ ਦੇ ਹੋਰ ਵਿਗਿਆਨਕ ਰੂਪਾਂ ਨੇ ਲੈ ਲਿਆ ਹੈ ।

ਗਾਇਨ ਰੂਪ : ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਉਪਰ ਰਾਗਾਂ ਦੇ ਨਾਲ ਵੱਖ-ਵੱਖ ਬਾਣੀ ਰੂਪਾਂ ਦੇ ਸਿਰਲੇਖ ਵੀ ਦਿੱਤੇ ਗਏ ਹਨ ਜਿਵੇਂ ਅਸ਼ਟਪਦੀ, ਚਉਪਦੇ, ਘੋੜੀਆਂ, ਅਲਾਹੁਣੀਆਂ, ਵਾਰਾਂ ਆਦਿ । ਬਾਣੀ ਵਿਧਾਨ ਦੇ ਅੰਤਰਗਤ ਇਹ ਬਾਣੀ ਰੂਪ ਕੇਵਲ ਕਾਵਿਕ ਜਾਮੇ ਦੇ ਧਾਰਨੀ ਨਹੀਂ ਸਗੋਂ ਇਨ੍ਹਾਂ ਦੇ ਵਿਸ਼ੇਸ਼ ਗਾਇਨ ਰੂਪ ਵੀ ਹਨ ਜਿਨ੍ਹਾਂ ਦਾ ਵਿਸ਼ੇਸ਼ ਵਿਧੀ ਵਿਧਾਨ ਹੈ । ਗੁਰੂ ਸਾਹਿਬਾਨ ਨੇ ਗਾਇਨ ਦੀ ਸਨਾਤਨੀ ਭਾਵ ਸ਼ਾਸਤਰੀ ਤੇ ਦੇਸੀ ਭਾਵ ਲੋਕ ਸੰਗੀਤ ਪਰੰਪਰਾ ਵਿੱਚ ਪ੍ਰਚਲਿਤ ਵਿਭਿੰਨ ਗਾਇਨ ਰੂਪਾਂ ਦਾ ਪ੍ਰਯੋਗੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਕੀਤਾ ਹੈ ਪਰੰਤੂ ਇਨ੍ਹਾਂ ਨੂੰ ਰਾਗ, ਰਹਾਉ, ਅੰਕ ਆਦਿ ਵਰਗੇ ਸੰਗੀਤਕ ਤੱਤਾਂ ਉਤੇ ਉਥੋਂ ਗੁਰਮਤਿ ਸੰਗੀਤ ਵਿਧਾਨ ਦਾ ਅਨਸਾਰੀ ਵੀ ਬਣਾਇਆ ਹੈ । ਇਸ ਵਿਧਾਨ ਵਿੱਚ ਸ਼ਾਸਤਰੀ ਸੰਗੀਤ ਦੇ ਗਾਇਨ ਰੂਪਾਂ ਨੂੰ ਉਨ੍ਹਾਂ ਦੀ ਕਲਾ ਮੁੱਖੀ ਕਠੋਰ ਅਨੁਸ਼ਾਸਿਤ ਪਕੜ ਤੋਂ ਮੁਕਤ ਕਰ, ਗੁਰਮਤਿ ਸੰਗੀਤ ਵਿਧਾਨ ਦੇ ਅਨੁਸਾਰੀ ਬਣਾਕੇ ਸਹਿਜ ਰੂਪ ਪ੍ਰਦਾਨ ਕੀਤਾ ਗਿਆ ਹੈ । ਏਸੇ ਤਰ੍ਹਾਂ ਲੋਕ ਸੰਗੀਤ ਦੇ ਗਾਇਨ ਰੂਪਾਂ ਦੀ ਆਪ ਮੁਹਾਰੀ ਖੁੱਲ ਨੂੰ ਗੁਰਮਤਿ ਸੰਗੀਤ ਵਿਧਾਨ ਦੁਆਰਾ ਸਹਿਜ ਅਨੁਸ਼ਾਸਨ ਵਿੱਚ ਬੰਨਿਆ ਗਿਆ ਹੈ ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸ਼ਾਸਤਰੀ ਅੰਗ ਦੀਆਂ ਗਾਇਨ ਸ਼ੈਲੀਆਂ ਅਸ਼ਟਪਦੀ, ਪਦੇ ਅਤੇ ਪੜਤਾਲ ਆਦਿ ਹਨ ਅਤੇ ਲੋਕ ਅੰਗ ਦੀਆਂ ਗਾਇਨ ਸ਼ੈਲੀਆਂ ਵਾਰ, ਛੰਤ, ਘੋੜੀਆਂ, ਅਲਾਹੁਣੀਆਂ ਆਦਿ ਹਨ । ਲੋਕ ਅੰਗ ਦੀਆਂ ਗਾਇਨ ਸ਼ੈਲੀਆਂ ਵਿੱਚ ਵਾਰ ਗਾਇਨ ਦਾ ਵਿਸ਼ੇਸ਼ ਮਹੱਤਵ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਵੱਖ-ਵੱਖ ਰਾਗਾਂ ਅਧੀਨ ਅੰਕਿਤ ਵਿਭਿੰਨ ਵਾਰਾਂ ਨੂੰ ਲੋਕ ਵਾਰਾਂ ਦੀਆਂ ਪਰੰਪਰਾਗਤ ਵਾਰ ਧੁਨੀਆਂ ਦੇ ਸਿਰਲੇਖ ਗਾਇਨ ਹਿਤ ਅੰਕਿਤ ਕੀਤੇ ਗਏ ਹਨ ।

 • ੧. ਸਿਰੀ ਰਾਗ ਕੀ ਵਾਰ ਮਹਲਾ ੪ ਸਲੋਕਾ ਨਾਲਿ ॥
  (ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ ੮੩ )
 • ੨. ਵਾਰ ਮਾਝ ਕੀ ਤਥਾ ਸਲੋਕ ਮਹਲਾ ੧ ਮਲਕ ਮੁਰੀਦ ਤਥਾ
  ਚੰਦ੍ਰਜੜਾ ਸੋਹੀਆ ਕੀ ਧੁਨੀ ਗਾਵਣੀ ॥

  (ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ ੧੩੭ )
 • ੩. ਗਉੜੀ ਕੀ ਵਾਰ ਮਹਲਾ ੪ ॥
  (ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ ੩੦੦)
 • ੪. ਗਉੜੀ ਕੀ ਵਾਰ ਮਹਲਾ ੫ ਰਾਇ ਕਮਾਲਦੀ ਮੋਜਦੀ ਕੀ ਵਾਰ ਕੀ ਧੁਨਿ ਉਪਰਿ ਗਾਵਣੀ
  (ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ ੩੧੮)
 • ੫. ਆਸਾ ਮਹਲਾ ੧ ॥ ਵਾਰ ਸਲੋਕਾ ਨਾਲਿ ਸਲੋਕ ਭੀ ਮਹਲੇ ਪਹਿਲੇ ਕੇ ਲਿਖੇ ਟੁੰਡੇ ਅਸ ਰਾਜੈ ਕੀ ਧੁਨੀ ॥
  (ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ ੪੬੨)
 • ੬. ਗੁਜਰੀ ਕੀ ਵਾਰ ਮਹਲਾ ੩ ਸਿਕੰਦਰ ਬਿਰਾਹਿਮ ਕੀ ਵਾਰ ਕੀ
  ਧੁਨੀ ਗਾਉਣੀ

  (ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ ੫੦੮ )
 • ੭. ਰਾਗੁ ਗੂਜਰੀ ਵਾਰ ਮਹਲਾ ੫
  (ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ ੫੧੭)
 • ੮. ਬਿਹਾਗੜੇ ਕੀ ਵਾਰ ਮਹਲਾ ੪
  (ਸ੍ਰੀ ਗੁਰੂ ਰਥ ਸਾਹਿਬ, ਪੰਨਾ ੫੪੮ )
 • ੯. ਵਡਹੰਸ ਕੀ ਵਾਰ ਮਹਲਾ ੪ ਲਲਾਂ ਬਹਲੀਮਾ ਕੀ ਧੁਨਿ ਗਾਵਣੀ
  (ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ ੫੮੫)
 • ੧੦. ਰਾਗੁ ਸੋਰਠਿ ਵਾਰ ਮਹਲੇ ੪ ਕੀ .
  (ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ ੬੪੨)
 • ੧੧. ਜੈਤਸਰੀ ਮਹਲਾ ੫ ਵਾਰ ਸਲੋਕਾ ਨਾਲਿ
  (ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ ੭੦੫ )
 • ੧੨. ਵਾਰ ਸੂਹੀ ਕੀ ਸਲੋਕਾ ਨਾਲਿ ਮਹਲਾ ੩ ॥
  (ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ ੭੮੫)
 • ੧੩. ਬਿਲਾਵਲ ਕੀ ਵਾਰ ਮਹਲਾ ੪
  (ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ ੮੪੯ )
 • ੧੪. ਰਾਮਕਲੀ ਕੀ ਵਾਰ ਮਹਲਾ ੩ ॥ ਜੋਧੈ ਵੀਰੈ ਪੂਰਬਾਣੀ ਕੀ ਧੁਨੀ
  (ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ ੯੪੭)
 • ੧੫. ਰਾਮਕਲੀ ਕੀ ਵਾਰ ਮਹਲਾ ੫
  (ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ ੯੫੭)
 • ੧੬, ਰਾਮਕਲੀ ਕੀ ਵਾਰ ਰਾਇ ਬਲਵੰਡਿ ਤਥਾ ਸਤੈ ਡੂਮਿ ਆਖੀ
  (ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ ੯੬੬ )
 • ੧੭. ਮਾਰੂ ਵਾਰ ਮਹਲਾ ੩
  (ਸ੍ਰੀ ਗੁਰੂ ਰਥ ਸਾਹਿਬ, ਪੰਨਾ ੧੦੮੬)
 • ੧੮, ਮਾਰੂ ਵਾਰ ਮਹਲਾ ੫ ਡਖਣੇ ਮ: ੫
  (ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ ੧੦੯੪)
 • ੧੯, ਬਸੰਤ ਕੀ ਵਾਰ ਮਹਲੁ ੫ ॥
  (ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ ੧੧੯੩ )
 • ੨੦. ਸਾਰੰਗ ਕੀ ਵਾਰ ਮਹਲਾ ੪ ਰਾਇ ਮਹਮੇ ਹਸਨੇ ਕੀ ਧੁਨਿ
  (ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ ੧੨੩੯)
 • ੨੧ ਵਾਰ ਮਲਾਰ ਕੀ ਮਹਲਾ ੧ ਰਾਣੇ ਕੈਲਾਸ ਤਥਾ ਮਾਲਦੇ ਕੀ ਧੁਨਿ
  (ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ ੧੨੭੮ )
 • ੨੨. ਕਾਨੜੇ ਕੀ ਵਾਰ ਮਹਲਾ ੪ ਮੂਸੇ ਕੀ ਵਾਰ ਕੀ ਧੁਨੀ
  (ਸ੍ਰੀ ਗੁਰੂ ਰਥ ਸਾਹਿਬ, ਪੰਨਾ ੧੩੧੨)

ਅੰਕ: ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੀ ਬਾਣੀ ਵਿੱਚ ਹਰ ਸ਼ਬਦ ਵਿੱਚ ਤੁਕਾਂ ਦੀ ਵੰਡ ਲਈ ਥਾਂ ਪੁਰ ਥਾਂ ਵਿਭਿੰਨ ੧, ੨, ੩, ੪ ਆਦਿ ਅੰਕ ਅੰਕਿਤ ਕੀਤੇ ਗਏ ਹਨ । ਸ਼ਬਦ ਵਿੱਚ ਰਹਾਉ ਦੀ ਤੁਕ ਤੋਂ ਬਿਨਾਂ ਹੋਰ ਬਾਕੀ ਦੀ ਤੁਕਾਂ ਦੀ ਸਮਾਪਤੀ ਉਤੇ ੧, ੨, ੩, ੪ ਆਦਿ ਦੇ ਰੂਪ ਵਿੱਚ ਅੰਕਿਤ ਹਨ । ਇਹ ਅੰਕ ਕਿਸੇ ਵੀ ਸ਼ਬਦ ਇਕਾਈ ਨੂੰ ਕ੍ਰਮ ਪ੍ਰਦਾਨ ਕਰਦੇ ਹੋਏ ਸ਼ਬਦਾਂ ਵਿਚਲੇ ਭਾਵਾਂ ਨੂੰ ਕ੍ਰਮਵਾਰ ਪੇਸ਼ ਕਰਨ ਵਿੱਚ ਸਹਾਈ ਹੁੰਦੇ ਹਨ । ਇਹ ਅੰਕ ਅੰਤਰਿਆਂ ਦੇ ਸੂਚਕ ਹਨ । ਸ਼ਬਦ ਕੀਰਤਨ ਵਿੱਚ ਰਹਾਉ ਦੀ ਪੰਕਤੀ ਜਿਸ ਵਿੱਚ ਸ਼ਬਦ ਦਾ ਕੇਂਦਰੀ ਭਾਵ ਮੌਜੂਦ ਹੁੰਦਾ ਹੈ, ਦਾ ਗਾਇਨ ਜਿਵੇਂ ਕਿ ਸਥਾਈ ਵਜੋਂ ਕਰਨਾ ਹੁੰਦਾ ਹੈ । ਸਥਾਈ ਦਾ ਗਾਇਨ ਸ਼ਬਦ ਦੇ ਆਰੰਭ ਵਿਚ ਅਤੇ ਹਰ ਅੰਤਰੇ ਤੋਂ ਬਾਅਦ ਕੀਤਾ ਜਾਂਦਾ ਹੈ । ਸ਼ਬਦ ਦੇ ਅੰਤਰਿਆਂ ਲਈ ੧, ੨, ੩, ੪ ਆਦਿ ਅੰਕ ਅੰਤਰੇ ਦੇ ਪੂਰਣ ਹੋਣ ਦਾ ਸੂਚਕ ਵੀ ਹਨ । ਭਾਵ ਉਥੋਂ ਤਕ ਤੁਕ ਤੁਕਾਂ ਨੂੰ ਸੰਪੂਰਨ ਰੂਪ ਵਿੱਚ ਗਾਉਣਾ ਹੈ : ਅੰਤਰਿਆਂ ਦੇ ਰੂਪ ਵਿੱਚ ਸ਼ਬਦ ਦੀਆਂ ਤੁਕਾਂ ਪ੍ਰਸਤੁਤ ਸ਼ਬਦ ਭਾਵ ਨੂੰ ਹੋਰ ਵਧੇਰੇ ਸਮਝਣ ਸਮਾਧਾਨ, ਪ੍ਰਮਾਣ ਅਤੇ ਦਲੀਲ ਦੇ ਰੂਪ ਵਿੱਚ ਅੰਕਾਂ ਦੇ ਅੰਕਣ ਦੁਆਰਾ ਸਹਾਇਕ ਸਿੱਧ ਹੁੰਦੀਆਂ ਹਨ ।

ਰਹਾਉ : ਗੁਰ ਸ਼ਬਦ ਕੀਰਤਨ ਮਰਿਆਦਾ ਦੇ ਅੰਤਰਗਤ ਸ਼ਬਦ ਗਾਇਨ ਪ੍ਰਸਤੁਤੀ ਵਿੱਚ ਰਹਾਉ ਦਾ ਕੇਂਦਰੀ ਅਤੇ ਮਹੱਤਵਪੂਰਨ ਸਥਾਨ ਹੈ । ਰਹਾਉ ਦੀ ਤੁਕ ਵਿੱਚ ਸੰਬੰਧਿਤ ਸ਼ਬਦਾਂ ਦਾ ਕੇਂਦਰੀ ਭਾਵ ਮੌਜੂਦ ਹੁੰਦਾ ਹੈ ਜਿਸਨੇ ਸ਼ਬਦ ਪ੍ਰਸਤੁਤੀ ਵਿੱਚ ਕੇਂਦਰੀ ਸ਼ਕਤੀ ਵਜੋਂ ਕਾਰਜਸ਼ੀਲ ਹੋਣਾ ਹੈ । ਰਹਾਉ ਦੇ ਸ਼ਾਬਦਿਕ ਅਰਥ ਰਹਿਣ ਦੀ ਕਿਰਿਆ, ਇਕ ਥਾਂ ਠਹਿਰ ਜਾਣ ਦਾ ਕੰਮ, ਵਿਸਰਾਮ ਅਤੇ ਸਥਿਤ ਤੋਂ ਹਨ । ( ਸਾਹਿੱਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪੰਜਾਬੀ ਯੂਨੀਵਰਸਿਟੀ ਪੰਨਾ ੮੦੧ ) ਮੱਧਕਾਲ ਵਿੱਚ ਭਾਰਤੀ ਸੰਗੀਤ ਵਿੱਚ ਪ੍ਰਚਲਤ ਪਰਬੰਧ ਅਤੇ ਧਰੁਪਦ ਗਾਇਨ ਸ਼ੈਲੀ ਦਾ ਇਕ ਧਾਤੂ ਧਰੁਵ ਸੀ ਜਿਸ ਨੂੰ ਅਚੱਲ
ਜਾਂ ਚਿਰ ਸਥਾਈ ਆਖਿਆ ਗਿਆ ਹੈ । ਧਰੁਵ ਦਾ ਹੀ ਦੂਜਾ ਰੂਪ ਰਹਾਉਂ ਹੈ ਜੋ ਬਾਣੀ ਰਚਨਾ ਦੇ ਗਾਇਨ ਅਧੀਨ ਪ੍ਰਯੋਗ ਕੀਤਾ ਗਿਆ ਹੈ । ਮੱਧਕਾਲੀਨ ਸੰਤਾਂ ਭਗਤ ਕਵੀਆਂ ਨੇ ਵੀ ਆਪਣੀਆਂ ਰਚਨਾਵਾਂ ਲਈ ਰਹਾਉ ਲਈ ਧਰੁਵ ਜਾਂ ਟੇਕ ਸ਼ਬਦ ਦਾ ਪ੍ਰਯੋਗ ਕੀਤਾ ਹੈ । ਇਨ੍ਹਾਂ ਦੀਆਂ ਰਚਨਾਵਾਂ ਵਿੱਚ ਆਮਤੌਰ ਤੇ ਸ਼ਬਦ ਦਾ ਪਹਿਲਾ ਬੰਦ ਰਹਾਉ ਦਾ ਹੁੰਦਾ ਹੈ ਜਦੋਂ ਕਿ ਗੁਰਬਾਣੀ ਵਿੱਚ ਜ਼ਿਆਦਾਤਰ ਸ਼ਬਦ ਦੇ ਪਹਿਲੇ ਬੰਦ ਤੋਂ ਬਾਅਦ ਰਹਾਉ ਦੀ ਪਹਿਲੀ ਤੁਕ ਆਉਂਦੀ ਹੈ । ਰਹਾਉ ਦੇ ਸੰਕੇਤ ਨਾਲ਼ ਅੰਤਰਿਆਂ ਦੀ ਗਿਣਤੀ ਦਰਸਾਉਣ ਲਈ ਅੰਕ ੧, ੨, ੩, ੪ ਦਾ ਅੰਕ ਵੀ ਮਿਲਦਾ ਹੈ, ਕਈ ਸ਼ਬਦ ਰਚਨਾਵਾਂ ਵਿੱਚ ਰਹਾਉ ਦੋ (ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ ੧੫੪ ਵੇਖੋ ਸ਼ਬਦ ਅੰਮ੍ਰਿਤ ਕਾਇਆ ਰਹੈ ਸੁਖਾਲੀ ) ਰਹਾਉ ਚਾਰ ( ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ ੩੫੬ ਵੇਖੋ ਸ਼ਬਦ ਏਕ ਨ ਭਰੀਆ ਗੁਣ ਕਰਿ ਧੋਵਾ ) ਵੀ ਦ੍ਰਿਸ਼ਟੀਗੋਚਰ ਹੁੰਦੇ ਹਨ । ਗੁਰਮਤਿ ਸੰਗੀਤ ਵਿਧਾਨ ਦੇ ਅੰਤਰਗਤ ਮਰਿਆਦਾ ਸਹਿਤ ਸ਼ਬਦ ਕੀਰਤਨ ਗਾਇਨ ਕਰਨ ਲਈ ਰਹਾਉ ਦੀ ਤੁਕ ਨੂੰ ਸਥਾਈ ਮੰਨ ਕੇ ਹਰ ਅੰਤਰੇ ਤੋਂ ਬਾਅਦ ਬਾਰ ਬਾਰ ਗਾਇਨ ਕਰਨ ਦੀ ਪਰੰਪਰਾ ਹੈ ਕਿਉਂਕਿ ਰਹਾਉ ਦੀ ਤੁਕ ਵਿੱਚ ਸ਼ਬਦ ਦਾ ਕੇਂਦਰੀ ਭਾਵ ਮੌਜੂਦ ਹੈ ਅਤੇ ਅੰਤਰਿਆ ਦੀਆਂ ਤੁਕਾਂ ਵਿਭਿੰਨ ਉਦਾਹਰਣਾਂ ਸਹਿਤ ਦਲੀਲਾਂ ਅਤੇ ਪ੍ਰਮਾਣ ਦਿੰਦੀਆਂ ਸ਼ਬਦ ਦੇ ਭਾਵ ਨੂੰ ਹੋਰ ਸਪਸ਼ਟ ਕਰਦੀਆਂ ਹਨ ਭਾਵ ਪਰਿਵਰਤਨ ਦੇ ਨਾਲ ਨਾਲ ਕਈ ਵਾਰ ਰਹਾਉ ਦੀ ਤੁਕ ਵੀ ਬਦਲ ਜਾਂਦੀ ਹੈ । ਜੇਕਰ ਸ਼ਬਦ ਵਿੱਚ ਇਕ ਤੋਂ ਵਧੇਰੇ ਰਹਾਉ ਹੋਣ ਤਾਂ ਦੂਜੇ ਰਹਾਉ ਦੀ ਤੁਕ ਸਥਾਈ ਵਜੋਂ ਕਾਰਜਸ਼ੀਲ ਹੁੰਦੀ ਹੈ ।
ਸ਼ਬਦ ਵਿੱਚ ਨਿਰਧਾਰਤ ਬਾਣੀ ਵਿਧਾਨ ਅਨੁਸਾਰ ਰਹਾਉ ਦੀ ਤੁਕ ਦਾ ਬਾਰ ਬਾਰ ਗਾਇਨ ਜਿਥੇ ਸ਼ਬਦ ਦੇ ਨਿਹਿਤ ਭਾਵਾਂ ਨੂੰ ਪ੍ਰਕਾਸ਼ਮਾਨ ਕਰਨ ਵਿੱਚ ਸਹਾਈ ਹੁੰਦਾ ਹੈ ਉਥੇ ਭਾਵਾਂ ਵਿੱਚ ਦ੍ਰਿੜਤਾ ਪ੍ਰਦਾਨ ਕਰਦਿਆਂ ਇਨ੍ਹਾਂ ਦੇ ਤੀਵਰਤਮ ਰੂਪ ਵਿੱਚ ਵਾਧਾ ਵੀ ਕਰਦਾ ਹੈ। ਰਹਾਉ ਸ਼ਬਦ ਵਿੱਚਲੀ ਅਜਿਹੀ ਸੰਚਾਲਕ ਸ਼ਕਤੀ ਹੈ ਜੋ ਸ਼ਬਦ ਦੀ ਅੰਤਰੀਵੀ ਬੁਣੜ ਵਿੱਚ ਆਪਣੀਆਂ ਪੂਰਨ ਸਮਰਥਾਵਾਂ ਸਹਿਤ ਕਾਰਜਸ਼ੀਲ ਹੁੰਦੀ ਹੈ ।

ਘਰੁ : ਗੁਰਮਤਿ ਸੰਗੀਤ ਵਿਧਾਨ ਦੇ ਅੰਤਰਗਤ ਰਹਾਉ ਦੇ ਉਕਤ ਪ੍ਰਯੋਗ ਤੋਂ ਬਿਨਾਂ ਕੁਝ ਕੁ ਹੋਰ ਵੀ ਸੰਗੀਤਕ ਸੰਕੇਤ ਹਨ ਜਿਵੇਂ ਕਿ ਘਰੁ । ਇਹ ਘਰੁ ੧, ਘਰੁ ੨, ਘਰੁ ੩ ਆਦਿ ਰੂਪ ਵਿੱਚ ਲਿਖਿਆ ਮਿਲਦਾ ਹੈ । ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਘਰ ਦੀ ਕੁਲ ਗਿਣਤੀ ੯ ਹੈ ਘਰ ਸਬੰਧੀ ਵਿਦਵਾਨਾਂ ਦੇ ਵੱਖੋ ਵੱਖਰੇ ਵਿਚਾਰ ਹਨ । ਸਿੱਖ ਵਿਦਵਾਨ ਭਾਈ ਕਾਨ੍ਹ ਸਿੰਘ ਨਾਭਾ ਘਰ ਦਾ ਇਕ ਅਰਥ ਲਿਖਦੇ ਹਨ ‘ਇਕ ਤਾਲ ਤੇ ਦੂਜਾ ਸਵਰ ਜਾਂ ਮੂਰਛਨਾਂ ਦੇ ਭੇਦ ਕਰਕੇ ਇਕ ਹੀ ਰਾਗ ਦੇ ਸਰਗਮ ਪ੍ਰਸਤਾਰ ਅਨੁਸਾਰ ਗਾਇਨ ਦੇ ਪ੍ਰਕਾਰ ਹਨ ਗੁਰ ਸ਼ਬਦ ਰਤਨਾਕਰ ਮਹਾਨ ਕੋਸ਼, ਪੰਨਾ ੪੪੧) ਭਾਈ ਵੀਰ ਸਿੰਘ ਅਨੁਸਾਰ ਸਾਜ਼ਾਂ ਵਿੱਚ ਤਿੰਨ ਗ੍ਰਾਮ ਹੁੰਦੇ ਹਨ । ਗ੍ਰਾਮ ਘਰੁ ਤੋਂ ਬਣਦਾ ਹੈ । ਸੋ ਤਿੰਨ ਗ੍ਰਾਮ ਦੀਆਂ ਸੁਰਾਂ ਦੇ ਟਿਕਾਣੇ ਘਰੁ ਹਨ । ਘਰੁ ਇਕ ਤੋਂ ਭਾਵ ਗਾਏ ਜਾਣ ਵਾਲੇ ਰਾਗ ਦੀ ਪ੍ਰਧਾਨ ਸੁਰ ਸੰਖਿਆ ਦਾ ਸੰਕੇਤ ਹੈ । ਗੁਰੂ ਗ੍ਰੰਥ ਕੋਸ਼, ਪੰਨਾ ੩੦੨ ਵਿਦਵਾਨਾਂ ਦਾ ਬਹੁਮਤ ਘਰੂ ਨੂੰ ਤਾਲ ਵਜੋਂ ਸਵੀਕਾਰਦਾ ਹੈ । ਵਿਦਵਾਨਾਂ ਦੀ ਇਹ ਪ੍ਰਥਾ ਈਰਾਨ ਤਾਲ ਪੱਧਤੀ ਤੋਂ ਜਾਪਦੀ ਹੈ । ਈਰਾਨੀ ਤਾਲ ਪੱਧਤੀ ਵਿੱਚ ਵਿਭਿੰਨ ਤਾਲ ਸਰੂਪਾਂ ਨੂੰ ਇਕ ਗਾਹ, ਇਹ ਸ਼ਾਹ ਅਤੇ ਚੁਹਾਰ ਗਾਹ ਨਾਲ ਸੰਬੋਧਿਤ ਕੀਤਾ ਜਾਂਦਾ ਹੈ । ( ਸ੍ਰੀ ਗੁਰੂ ਗ੍ਰੰਥ ਸਾਹਿਬ ਪੋਥੀ ਪਹਿਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਪੰਨਾ ੭੪ ) ਇਸ ਲਈ ਸੰਭਵ ਹੈ ਕਿ ਗੁਰੂ ਸਾਹਿਬਾਨ ਨੇ ਵੀ ਗਾਹ ਜਿਸਦਾ ਅਰਥ ਘਰੁ ਹੈ ਨੂੰ ਤਾਲ ਦਰਸਾਉਣ ਲਈ ਪ੍ਰਯੋਗ ਕੀਤਾ ਹੋਵੇ । ਇਹ ਮੱਤ ਵੀ ਪ੍ਰਚੱਲਤ ਹੈ ਕਿ ਫ਼ਾਰਸੀ ਬਹਿਰ ਦੀ ਬੁਨਿਆਦ ਉਤੇ ਅਮੀਰ ਖ਼ੁਸਰੋ ਨੇ ੧੭ ਤਾਲ ਈਜਾਦ ਕੀਤੇ। ਇਹ ਤਾਲ ਲਗਭਗ ਹਿੰਦੁਸਤਾਨੀ ਤਾਲਾਂ ਦੇ ਸਮਾਨ ਰੂਪ ਹੀ ਹਨ ਜੋ ਕਿ ਫ਼ਾਰਸੀ ਨਾਵਾਂ ਨਾਲ ਪ੍ਰਚਾਰ ਵਿੱਚ ਆਏ । ਨਿਬੰਧ ਸੰਗੀਤ (ਸੰਪਾ. ਲਕਸ਼ਮੀ ਨਾਰਾਇਣ ਗੁਰ ਪੰਨਾ ੫੫੭ ਬਹੁਮਤ ਵਿਦਵਾਨ ਘਰੁ ਨੂੰ ਤਾਲ ਰੂਪ ਵਿੱਚ ਸਵੀਕਾਰਦੇ ਹਨ ਭਾਵੇਂ ਘਰੁ ਦਾ ਵਿਵਹਾਰਕ ਪ੍ਰਚਲਨ ਸਮੇਂ ਦੇ ਅੰਤਰਾਲ ਅਤੇ ਸਥਿਰ ਸਪਤਕ ਕਾਰਣ ਸਮਾਪਤ ਹੋ ਚੁੱਕਾ ਹੈ ਫਿਰ ਵੀ ਬਾਣੀ ਅੰਤਰ ਨਿਹਿਤ ਸੰਗੀਤ ਵਿਧਾਨ ਤਹਿਤ ਘਰੁ ਸੰਗੀਤਕ ਸੰਕੇਤ ਵੱਜੋਂ ਪ੍ਰਤੱਖ ਹੁੰਦਾ ਹੈ।


ਜਤਿ : ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਜਤਿ ਦੇ ਨਾਮ ਤੇ ਰਾਗ ਬਿਲਾਵਲ ਅਧੀਨ ਇਕ ਸਿਰਲੇਖ ਅੰਕਿਤ ਹੈ ਬਿਲਾਵਲੁ ਮਹਲਾ ੧ ਥਿਤੀ ਘਰੁ ੧੦ ਜਤਿ । (ਗੁਰੂ ਗ੍ਰੰਥ ਸਾਹਿਬ, ਪੰਨਾ ੮੩੮) ਭਾਰਤੀ ਸੰਗੀਤ ਵਿੱਚ ਇਹ ਯਤਿ ਦੇ ਨਾਮ ਤੋਂ ਪ੍ਰਸਿੱਧ ਹੈ । ਇਸ ਤੋਂ ਭਾਵ ਹੈ ਕਿ ਨਿਰੰਤਰ ਚਾਲ ਵਿੱਚ ਠਹਿਰਾਵ ਦੀਆਂ ਅਵਸਥਾਵਾਂ । ਇਸ ਸਬੰਧ ਵਿੱਚ ਭਾਈ ਕਾਨ੍ਹ ਸਿੰਘ ਨਾਭਾ ਲਿਖਦੇ ਹਨ “ਸੰਗੀਤ ਦੀ ਧਾਰਣਾ ਦਾ ਨਾਉਂ ਜਤਿ" ਹੈ ਮਹਾਨ ਕੋਸ਼ ਪੰਨਾ ੫੦੨ ਡਾ: ਚਰਨ ਸਿੰਘ ਨੇ ਸ੍ਰੀ ਗੁਰੂ ਗ੍ਰੰਥ ਬਾਣੀ ਬਿਉਰੋ ਵਿੱਚ ਲਿਖਿਆ ਹੈ “ਜਤਿ, ਗਤਿ ਸਾਥ, ਇਹ ਤਿੰਨੇ ਜੋੜੀ ਕਰਤਬ ਹਨ ਜਿਸ ਵੇਲੇ ਸੱਜਾ ਹੱਥ ਗਤਿ ਦਾ ਕੰਮ ਕਰੇ ਅਰਥਾਤ ਗਤ ਵਾਕਰ ਉੱਗਲੀਆਂ ਵਿੱਚ ਜੋੜੀ ਦੇ ਕਿਨਾਰੇ ਅਤੇ ਵਿਚਕਾਰ ਕੰਮ ਕਰੇ ਅਤੇ ਦੋਹਾਂ ਹੱਥਾਂ ਦੀਆਂ ਉਂਗਲੀਆਂ ਹਰਫ ਕੱਢਣ ਅਤੇ ਖੱਬਾ ਹੱਥ ਵਾਕਰ ਖੁਲ੍ਹਾ ਵਜਾਏ ਤਾਂ ਉਸ ਨੂੰ ਜਤਿ ਕਹਿੰਦੇ ਹਨ । ਜਦੋਂ ਦੋਵੇਂ ਹੱਥ ਖੁਲ੍ਹੇ ਕੰਮ ਕਰਨ ਅਤੇ ਆਵਾਜ਼ ਵੀ ਖੁੱਲ੍ਹੀ ਕਰਕੇ ਨਿਕਲੇ ਜਿਸ ਨੂੰ ਕੜਕਟ ਕਹਿੰਦੇ ਹਨ ਤਾਂ ਉਸ ਦੀ ਸੰਗਯਾ ਸਾਥ ਹੁੰਦੀ ਹੈ । ਸਾਹਿਬ ਸਿੰਘ (ਪ੍ਰੋ.) ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ, ਪੋਥੀ ਛੇਵੀਂ ਪੰਨਾ ੨੨੯ ਇਸੇ ਤਰ੍ਹਾਂ ਜਤਿ ਦਾ ਸਬੰਧ ਜੋੜੀ ਵਜਾਉਣ ਦੀ ਰਾਤ ਤੋਂ ਹੈ । ਉਕਤ ਵਿਚਾਰਾਂ ਤੋਂ ਸਪਸ਼ਟ ਹੈ ਕਿ ਮੱਧਕਾਲ ਵਿੱਚ ਜੋੜੀ ਦੇ ਬੰਦ ਬੋਲਾਂ ਦਾ ਪ੍ਰਚਲਨ ਹੋ ਚੁੱਕਾ ਸੀ ਤੇ ਭਾਈ ਕਾਨ੍ਹ ਸਿੰਘ ਨਾਭਾ ਦਾ ਕਥਨ ਇਸ ਸਬੰਧ ਵਿੱਚ ਸਹੀ ਜਾਪਦਾ ਹੈ । ਵਰਤਮਾਨ ਸੰਰਤਾਚਾਰੀਆ ਜਤ ਨੂੰ ਪਰਿਭਾਸ਼ਤ ਕਰਦਿਆਂ ਦਸਦੇ ਹਨ ਕਿ ਜੋੜੀ ਉਤੇ ਸੱਜਾ ਹੱਥ ਖੁੱਲੇ ਬੈਲ ਵਜਾਏ ਅਤੇ ਖੱਬਾ ਹੱਥ ਬੰਦ ਬੋਲ ਵਜਾਏ ਤਾਂ ਅਜਿਹੀ ਤਾਲ ਪ੍ਰਕ੍ਰਿਆ ਨੂੰ ਜਤਿ ਦਾ ਨਾਮ ਦਿੱਤਾ ਜਾਂਦਾ ਹੈ । ਸਪਸ਼ਟ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਆਏ ਸਿਰਲੇਖ ਤੋਂ ਭਾਵ ਹੈ ਕਿ ਰਾਗ ਬਿਲਾਵਲ ਅਧੀਨ, ਥਿਤੀ ਦੇ ਵਿਸ਼ਿਸ਼ਟ ਵਿਸ਼ਰਾਮਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਦਸਵੇਂ ਘਰਿ ਦੀ ਲੈਅ ਵਿੱਚ ਜਤਿ ਅੰਗ ਤੋਂ ਇਸ ਸ਼ਬਦ ਦਾ ਗਾਇਨ ਕਰਨਾਂ ਹੈ ।

ਧੁਨੀ : ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਅੰਕਿਤ ੨੨ ਵਾਰਾਂ ਵਿੱਚੋਂ ੯ ਵਾਰਾਂ ਉਤੇ ਵੱਖ-ਵੱਖ ਪੁਨਿ ਧੁਨਿ ਸਿਰਲੇਖ ਅੰਕਿਤ ਕੀਤੇ ਗਏ ਹਨ । ਇਹ ਧੁਨੀ ਧੁਨੀ ਸੰਕੇਤ ਵੱਖ-ਵੱਖ ਗੁਰੂ ਸਾਹਿਬਾਨਾਂ ਦੁਆਰਾ ਰਚਿਤ ਵਾਰਾਂ ਦੀ ਗਾਇਨ ਸਰੰਚਨਾ ਲਈ ਵਿਸ਼ੇਸ਼ ਆਧਾਰ ਹਨ । ਧੁਨੀਆਂ ਦੇ ਇਹ ਸਿਰਲੇਖ ਇਸ ਪ੍ਰਕਾਰ ਹਨ :


੧. ਵਾਰ ਮਾਝ ਕੀ ਤਥਾ ਸਲੋਕ ਮਹਲਾ ੧ ਮਲਕ ਮੁਰੀਦ ਤਥਾ ਚੰਦ੍ਰਹੜਾ ਸੋਹੀਆ
ਕੀ ਧੁਨੀ ਗਾਵਣੀ ॥

(ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ ੧੩੭)
੨. ਗਉੜੀ ਕੀ ਵਾਰ ਮਹਲਾ ੫ ਰਾਇ ਕਮਾਲਦੀ ਮੋਜਦੀ ਕੀ ਵਾਰ ਕੀ ਧੁਨਿ
ਉਪਰਿ ਗਾਵਣੀ

(ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ ੩੧੮)
੩. ਆਸਾ ਮਹਲਾ ੧ ਵਾਰ ਸਲੋਕਾ ਨਾਲਿ ॥ ਸਲੋਕ ਭੀ ਮਹਲੇ ਪਹਿਲੇ ਕੇ ਲਿਖੇ
ਟੁੰਡੇ ਅਸ ਰਾਜੈ ਕੀ ਧੁਨੀ ॥
(ਸ੍ਰੀ ਗੁਰੂ ਰਬ ਸਾਹਿਬ, ਪੰਨਾ ੪੬੨)
੪. ਗੂਜਰੀ ਕੀ ਵਾਰ ਮਹਲਾ ੩ ਸਿਕੰਦਰ ਬਿਰਾਹਿਮ ਕੀ ਵਾਰ ਕੀ ਧੁਨੀ , ਗਾਵਣੀ
(ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ ੫੦੮)
੫. ਵਡਹੰਸ ਕੀ ਵਾਰ ਮਹਲਾ ੪ ਲਲਾਂ ਬਹਲੀਮਾ ਕੀ ਧੁਨਿ ਗਾਵਣੀ
(ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ ੫੮੫)
੬. ਰਾਮਕਲੀ ਕੀ ਵਾਰ ਮਹਲਾ ੩ ॥ ਜੋਧੈ ਵੀਰੈ ਪੂਰਬਾਣੀ ਕੀ ਧੁਨੀ ॥
(ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ ੯੪੭)
੭. ਸਾਰੰਗ ਕੀ ਵਾਰ ਮਹਲਾ ੪ ਰਾਇ ਮਹਮੇ ਹਸਨੇ ਕੀ ਧੁਨਿ
(ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ ੧੨੩੭)
੮. ਵਾਰ ਮਲਾਰ ਕੀ ਮਹਲਾ ੧ ਰਾਣੇ ਕੈਲਾਸ ਤਥਾ ਮਾਲਦੇ ਕੀ ਧੁਨਿ ॥
(ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ ੧੨੭੮)
੯. ਕਾਨੜੇ ਕੀ ਵਾਰ ਮਹਲਾ ੪ ਮੂਸੇ ਕੀ ਵਾਰ ਕੀ ਧੁਨੀ
(ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ ੧੩੧੨)

ਉਕਤ ਧੁਨੀ ਸਿਰਲੇਖ ਉਤਰੀ ਭਾਰਤੀ ਖਿੱਤੇ ਦੇ ਸਭਿਆਚਾਰ ਨਾਇਕਾਂ ਦੀ ਬਹਾਦਰੀ ਹਿਤ ‘ਵਾਰ’ ਗਾਇਨ ਲਈ ਪ੍ਰਯੋਗ ਕੀਤੀ ਜਾਂਦੀ ਸੰਗੀਤਕ ਗਾਇਨ ਵਿਧਾ ‘ਵਾਰ’ ਦੀ ਵਸ਼ਿਸ਼ਟ ਸੰਗੀਤ ਨਿਧੀ ਹੈ । ਗੁਰਬਾਣੀ ਵਿਚਲੇ ਇਨ੍ਹਾਂ ਦੇ ਮਹੱਤਵ ਤੋਂ ਬਿਨਾਂ ਹਿੰਦੂਸਤਾਨੀ ਸੰਗੀਤ ਲਈ ਇਸ ਦਾ ਵਿਸ਼ੇਸ਼ ਮਹੱਤਵ ਹੈ । ਭਾਰਤੀ ਸੰਗੀਤ ਦੀ ਹਿੰਦੁਸਤਾਨੀ ਤੇ ਕਰਨਾਟਕੀ ਸੰਗੀਤ ਪੱਧਤੀਆਂ ਦੇ ਸਰੂਪ ਵਿੱਚ ਵੰਡ ਦੇ ਸੰਦਰਭ ਨੂੰ ਇਹ ਸਿਰਲੇਖ ਇਕ ਨਵਾਂ ਸੂਤਰ ਵੀ ਪ੍ਰਦਾਨ ਕਰ ਰਹੇ ਹਨ । ਉਤਰੀ ਭਾਰਤੀ ਸੰਗੀਤ ਦੇ ਕਾਤਲ ਵਿੱਚ ਉਤਰੀ ਭਾਰਤੀ ਲੋਕ ਸੰਗੀਤ ਪਰੰਪਰਾ ਅਤੇ ਇਸਦੇ ਕੇਂਦਰੀਕਾਰੀ ਸਰੋਤ ਵਜੋਂ ਪੰਜਾਬ ਦੀ ਸੰਗੀਤ ਪਰੰਪਰਾ ਵਿਦਮਾਨ ਹੋਣ ਦਾ ਇਕ ਪ੍ਰਤੱਖ ਪ੍ਰਮਾਣ ਹੈ । ਇਨ੍ਹਾਂ ਧੁਨੀਆਂ ਦਾ ਸਮਕਾਲੀ ਸੰਗੀਤ ਥਾਂ ਜਾਂ ਇਲਾਕਾਈ ਸੰਗੀਤ ਪਰੰਪਰਾਵਾਂ ਵਿੱਚ ਉਲੇਖ ਨਹੀਂ ਮਿਲਦਾ । ਗੁਰੂ ਸਾਹਿਬਾਨਾਂ ਨੇ ਇਨ੍ਹਾਂ ਧੁਨੀਆਂ ਨੂੰ ਸੰਗੀਤ ਜਗਤ ਵਿੱਚ ਸਦੀਵੀ ਰੂਪ ਪ੍ਰਦਾਨ ਕਰਵਾ ਕੇ ਉਤਰੀ ਭਾਰਤੀ ਲੋਕ ਸੰਗੀਤ ਪਰੰਪਰਾ ਵਾਸਤੇ ਵਡੇਰਾ ਯੋਗਦਾਨ ਪਾਇਆ ਹੈ ।

ਬਾਣੀ ਸਿਰਲੇਖਾਂ ਅਤੇ ਸੰਕੇਤਾਂ ਦੀ ਕਾਰਜ ਵਿਧੀ : ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਆਏ ਹੋਏ ਸਮੂਹ ਸੰਗੀਤਕ ਸੰਕੇਤ ਰਾਗ ਗਾਇਨ ਰੂਪਾਂ ਆਦਿ ਨਾਲ ਸੰਯੁਕਤ ਹੋ ਕੇ ਸ਼ਬਦ ਕੀਰਤਨ ਪਰੰਪਰਾ ਲਈ ਵਿਸ਼ੇਸ਼ ਮਰਿਆਦਾ ਸਿਰਜਦੇ ਹਨ । ਜੋ ਸਪਸ਼ਟ ਰੂਪ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਣੀ ਵਿਧਾਨ ਉਪਰ ਆਧਾਰਿਤ ਹੈ । ਇਹ ਸੰਕੇਤ ਤੇ ਸਿਰਲੇਖ ਵੱਖੋ-ਵੱਖਰੇ ਤੌਰ ਤੇ ਕਾਰਜ ਨਹੀਂ ਕਰਦੇ ਸਗੋਂ ਇਹ ਸਾਂਝੇ ਤੌਰ ਤੇ ਸੰਮਿਲਤ ਰੂਪ ਵਿੱਚ ਕਾਰਜਸ਼ੀਲ ਰਹਿੰਦੇ ਹਨ । ਬਾਣੀ ਦੇ ਆਦੇਸ਼ ਅਨੁਸਾਰ ਇਨ੍ਹਾਂ ਸਿਰਲੇਖਾਂ ਤੇ ਸੰਕੇਤਾਂ ਨੂੰ ਸ਼ਬਦ ਕੀਰਤਨ ਲਈ ਪ੍ਰਯੋਗ ਕਰਨ ਵਾਸਤੇ ਸਭ ਤੋਂ ਪਹਿਲਾ ਸਿਰਲੇਖ ਰੂਪ ਵਿੱਚ ਦਰਜ ਰਾਗ, ਰਾਗ ਪ੍ਰਕਾਰ ਅਤੇ ਗਾਇਨ ਰੂਪ ਅਸ਼ਟਪਦੀਆਂ, ਛੰਤ, ਵਾਰ ਆਦਿ ਵਿੱਚ ਸ਼ਬਦ ਰਚਨਾ ਦੀ ਸੰਗੀਤ ਰਚਨਾ ਤਿਆਰ ਕਰਦਿਆਂ ਰਹਾਉ ਦੀ ਤੁਕ ਨੂੰ ਸਥਾਈ ਅਤੇ ਅੰਕਾਂ ਅਨੁਸਾਰ ਤੁਕਾਂ ਨੂੰ ਅੰਤਰਿਆਂ ਵਿੱਚ ਵੰਡਕੇ ਸ਼ਬਦ ਕੀਰਤਨ ਕਰਨਾ ਹੈ ।

ਗੁਰ ਸ਼ਬਦ ਕੀਰਤਨ ਦੀ ਕਾਰਜ ਵਿਧੀ : ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਸਾਈ ਗਈ ਕੀਰਤਨ ਦੀ ਮਰਿਆਦਾ ਸਬੰਧੀ ਉਪਰ ਲਿਖੇ ਕੁਝ ਸੰਗੀਤਕ ਤੱਤਾਂ ਦੀ ਸ਼ਬਦ ਕੀਰਤਨ ਦੇ ਪ੍ਰਸੰਗ ਵਿੱਚ ਕਾਰਜ ਵਿਧੀ ਇਸ ਪ੍ਰਕਾਰ ਹੈ । ਸ਼ਬਦ ਕੀਰਤਨ ਵਿੱਚ ਸ਼ਬਦ ਦਾ ਮੁਲ ਮਹੱਤਵ ਹੈ ਅਤੇ ਇਸ ਸ਼ਬਦ ਦਾ ਪ੍ਰਕਾਸ਼ ਦੇ ਸ਼ਬਦ ਨੂੰ ਮਨ ਵਿੱਚ ਵਸਾਉਣਾ ਅਤੇ ਦ੍ਰਿੜਾਉਣਾ ਹੀ ਸ਼ਬਦ ਕੀਰਤਨ ਪਰੰਪਰਾ ਦਾ ਮੂਲ ਮਨੋਰਥ ਹੈ । ਬਾਣੀ ਅਧੀਨ ਸ਼ਬਦਿ ਸਤਿ ਨੂੰ ਕੇਂਦਰੀ ਰੂਪ ਵਿੱਚ ਬਿਆਨਿਆ ਗਿਆ ਹੈ ਰਹਾਉ ਵਾਲੀਆਂ ਤੁਕਾਂ ਕਿਉਂ ਜੋ ਇਸ ਬੰਦ ਦੇ ਅਧਿਆਤਮਕ ਗਿਆਨ ਦਾ ਕੇਂਦਰੀ ਧੁਰਾ ਹਨ ਇਸ ਲਈ ਸਰਵਪ੍ਰਥਮ ਕੀਰਤਨ ਲਈ ਇਨ੍ਹਾਂ ਦਾ ਗਾਇਨ ਕੀਤਾ ਜਾਣਾ ਹੈ । ਨਿਰਧਾਰਤ ਗਾਇਨ ਰੂਪ ( ਜਿਸ ਵਿੱਚ ਸ਼ਾਸਤਰੀ ਅਤੇ ਲੋਕ ਅੰਗ ਦੇ ਗਾਇਨ ਰੂਪ ਮੌਜੂਦ ਹਨ ) ਦੀ ਚੋਣ ਕਰਕੇ ਉਨ੍ਹਾਂ ਨੂੰ ਨਿਰਧਾਰਤ ਰਾਗਾਂ ਅਤੇ ਰਾਗਾਂ ਕਾਰਾਂ ਅਧੀਨ ਰਹਾਉ ਦੀਆਂ ਤੁਕਾਂ ਨੂੰ ਸਥਾਈ ਅਤੇ ਬਾਕੀ ਤੁਕਾਂ ਨੂੰ ਨਾਲ ਅੰਕਿਤ ਅੰਕਾ ਅਨੁਸਾਰ ਅੰਤਰਿਆਂ ਦੇ ਰੂਪ ਵਿੱਚ ਵੰਡ ਕੇ ਬਾਣੀ ਦੇ ਵੱਖ-ਵੱਖ ਸੰਕੇਤਾਂ ਅਤੇ ਫੁਰਮਾਨਾਂ ਦੀ ਲੋਅ ਵਿੱਚ ਗਾਇਨ ਕੀਤਾ ਜਾਣਾ ਹੈ । ਉਦਾਹਰਣ ਲਈ ਅਸੀਂ ਹੇਠ ਲਿਖੇ ਸ਼ਬਦਾਂ ਦੁਆਰਾ ਸ਼ਬਦ ਕੀਰਤਨ ਦੀ ਇਸ ਕਾਰਜ ਵਿਧੀ ਨੂੰ ਇਸ ਤਰ੍ਹਾਂ ਸਮਝ ਸਕਦੇ ਹਾਂ ।

ਸਿਰੀਰਾਗੁ ਮਹਲਾ ੧ ॥
ਧ੍ਰਿਗੁ ਜੀਵਣੁ ਦੋਹਾਗਣੀ ਮੁਠੀ ਦੂਜੈ ਭਾਇ ॥
ਕਲਰ ਕੇਰੀ ਕੰਧ ਜਿਉ ਅਹਿਨਿਸਿ ਕਿਰਿ ਢਹਿ ਪਾਇ ॥
ਬਿਨੁ ਸਬਦੈ ਸੁਖੁ ਨਾ ਥੀਐ ਪਿਰ ਬਿਨੁ ਦੂਖੁ ਨ ਜਾਇ ॥੧॥
ਮੁੰਧੇ ਪਿਰ ਬਿਨੁ ਕਿਆ ਸੀਗਾਰੁ ॥
ਦਰਿ ਘਰਿ ਢੋਈ ਨ ਲਹੈ ਦਰਗਹ ਝੂਠੁ ਖੁਆਰੁ ॥੧॥ ਰਹਾਉ ॥
ਆਪਿ ਸੁਜਾਣੁ ਨ ਭੁਲਈ ਸਚਾ ਵਡ ਕਿਰਸਾਣੁ ॥
ਪਹਿਲਾ ਧਰਤੀ ਸਾਧਿ ਕੈ ਸਚੁ ਨਾਮੁ ਦੇ ਦਾਣੁ ॥
ਨਉ ਨਿਧਿ ਉਪਜੈ ਨਾਮੁ ਏਕੁ ਕਰਮਿ ਪਵੈ ਨੀਸਾਣੁ ॥੨॥
ਗੁਰ ਕਉ ਜਾਣਿ ਨ ਜਾਣਈ ਕਿਆ ਤਿਸੁ ਚਜੁ ਅਚਾਰੁ ॥
ਅੰਧੁਲੈ ਨਾਮੁ ਵਿਸਾਰਿਆ ਮਨਮੁਖਿ ਅੰਧ ਗੁਬਾਰੁ ॥
ਆਵਣੁ ਜਾਣੁ ਨ ਚੁਕਈ ਮਰਿ ਜਨਮੈ ਹੋਇ ਖੁਆਰੁ ॥੩॥
ਚੰਦਨੁ ਮੋਲਿ ਅਣਾਇਆ ਕੁੰਗੂ ਮਾਂਗ ਸੰਧੂਰੁ ॥
ਚੋਆ ਚੰਦਨੁ ਬਹੁ ਘਣਾ ਪਾਨਾ ਨਾਲਿ ਕਪੂਰੁ ॥
ਜੇ ਧਨ ਕੰਤਿ ਨ ਭਾਵਈ ਤ ਸਭਿ ਅਡੰਬਰ ਕੂੜੁ ॥੪॥
ਸਭਿ ਰਸ ਭੋਗਣ ਬਾਦਿ ਹਹਿ ਸਭਿ ਸੀਗਾਰ ਵਿਕਾਰ ॥
ਜਬ ਲਗੁ ਸਬਦਿ ਨ ਭੇਦੀਐ ਕਿਉ ਸੋਹੈ ਗੁਰਦੁਆਰਿ ॥
ਨਾਨਕ ਧੰਨੁ ਸੁਹਾਗਣੀ ਜਿਨ ਸਹ ਨਾਲਿ ਪਿਆਰੁ ॥੫॥੧੩॥
( ਗੁਰੂ ਗ੍ਰੰਥ ਸਾਹਿਬ, ਪੰਨਾ ੧੮ )


ਸ਼ਬਦ ਗਾਇਨ ਪ੍ਰਕ੍ਰਿਆ ਅਧੀਨ ਗੁਰਮਤਿ ਸੰਗੀਤ ਪ੍ਰਬੰਧ ਦੇ ਅਨੁਸਾਰੀ ਹੋ ਕੇ ਅਸੀਂ ਇਸ ਸ਼ਬਦ ਨੂੰ ਵਾਚਾਂਗੇ :

ਰਾਗ

ਮਹਲਾ

ਸ਼ਬਦ ਗਾਇਨ ਰੂਪ

ਸਥਾਈ

ਅੰਤਰੇ

- ਸਿਰੀ

੧. (ਰਚਨਾ ਸ੍ਰੀ ਗੁਰੂ ਨਾਨਕ ਦੇਵ ਜੀ)

- ਪਦ ਗਾਇਨ

- ਰਹਾਉ ਦੀ ਤੁਕ (ਮੁੰਧੇ ਪਿਰ …. ਝੂਠੁ ਖੁਆਰੁ॥੧॥ਰਹਾਉ॥)

੧. ਧਿਗੁ ਜੀਵਣੁ… ਪਿਰ ਬਿਨੁ ਦੂਖੁ ਨ ਜਾਇ ।

੨. ਆਪਿ ਸੁਜਾਣੁ ਨ… ਕਰਮਿ ਪਵੈ ਨੀਸਾਣੁ ॥

੩. ਗੁਰ ਕਉ ……. ਜਨਮੈ ਹੋਇ ਖੁਆਰੁ ॥

੪. ਚੰਦਨੁ ਮੋਲਿ ……. ਅਡੰਬਰ ਕੂੜੁ ॥

੫. ਸਭਿ ਰਸ… ਸਹ ਨਾਲਿ ਪਿਆਰੁ ॥

ਉਕਤ ਵਿਧੀ ਅਨੁਸਾਰ ਇਸ ਸ਼ਬਦ ਦੇ ਕੀਰਤਨ ਹਿੱਤ ਗਾਇਨ ਪ੍ਰਕ੍ਰਿਆ ਇਸ ਪ੍ਰਕਾਰ ਹੈ :

੧. ਸਥਾਈ / ਰਹਾਉ :

ਮੁੰਧੇ ਪਿਰ ਬਿਨੁ ਕਿਆ ਸੀਗਾਰੁ ॥
ਦਰਿ ਘਰਿ ਢੋਈ ਨ ਲਹੈ ਦਰਗਹ ਝੂਠੁ ਖੁਆਰੁ ॥੧॥ ਰਹਾਉ ॥

੨. ਅੰਤਰਾ ॥੧॥ :

ਧਿਗੁ ਜੀਵਣੁ ਦੋਹਾਗਣੀ ਮੁਨੀ ਦੂਜੈ ਭਾਇ ॥ ਕਰ ਕੇ ਕੰਧ ਜਿਉ ਅਹਿਨਿਸਿ ਕਿਰਿ ਢਹਿ ਪਾਇ ॥ ਬਿਨੁ ਸਬਦੈ ਸੁਖੁ ਨਾ ਥੀਐ ਪਿਰ ਬਿਨੁ ਦੁਖੁ ਨੂੰ ਜਾਇ ॥੧॥

੩. ਸਥਾਈ / ਰਹਾਉ :

ਮੁੰਧੇ ਪਿਰ ਬਿਨੁ ਕਿਆ ਸੀਗਾਰੁ ॥
ਦਰਿ ਘਰਿ ਢੋਈ ਨ ਲਹੈ ਦਰਗਹ ਝੂਠੁ ਖੁਆਰੁ ॥੧॥ ਰਹਾਉ ॥

੪. ਅੰਤਰਾ ॥੨॥:

ਆਪਿ ਸੁਜਾਣੁ ਨ ਭੁਲਈ ਸਚਾ ਵਡ ਕਿਰਸਾਣੁ ॥
ਪਹਿਲਾ ਧਰਤੀ ਸਾਧਿ ਕੈ ਸਚੁ ਨਾਮੁ ਦੇ ਦਾਣੁ ॥
ਨਉ ਨਿਧਿ ਉਪਜੈ ਨਾਮੁ ਏਕੁ ਕਰਮਿ ਪਵੈ ਨੀਸਾਣੁ ॥੨॥

੫. ਸਥਾਈ / ਰਹਾਉ :

ਮੁੰਧੇ ਪਿਰ ਬਿਨੁ ਕਿਆ ਸੀਗਾਰੁ ॥
ਦਰਿ ਘਰਿ ਢੋਈ ਨ ਲਹੈ ਦਰਗਹ ਝੂਠੁ ਖੁਆਰੁ ॥੧॥ ਰਹਾਉ ॥

੬. ਅੰਤਰਾ ॥੩॥ :

ਗੁਰ ਕਉ ਜਾਣਿ ਨ ਜਾਣਈ ਕਿਆ ਤਿਸੁ ਚਜੁ ਅਚਾਰੁ ॥
ਅੰਧੁਲੈ ਨਾਮੁ ਵਿਸਾਰਿਆ ਮਨਮੁਖਿ ਅੰਧ ਗੁਬਾਰੁ ॥
ਆਵਣੁ ਜਾਣੁ ਨ ਚੁਕਈ ਮਰਿ ਜਨਮੈ ਹੋਇ ਖੁਆਰੁ ॥੩॥

੭. ਸਥਾਈ / ਰਹਾਉ :

ਮੁੰਧੇ ਪਿਰ ਬਿਨੁ ਕਿਆ ਸੀਗਾਰੁ ॥
ਦਰਿ ਘਰਿ ਢੋਈ ਨ ਲਹੈ ਦਰਗਹ ਝੂਠੁ ਖੁਆਰੁ ॥੧॥ ਰਹਾਉ ॥

੮, ਅੰਤਰਾ ॥ ੪॥:

ਚੰਦਨੁ ਮੋਲਿ ਅਣਾਇਆ ਕੁੰਗੂ ਮਾਂਗ ਸੰਧੂਰ ॥
ਚੋਆ ਚੰਦਨੁ ਝਹੁ ਘਣਾ ਪਾਨਾ ਨਾਲਿ ਕਪੂਰੁ ॥ ਜੇ ਧਨ ਕੰਤਿ ਨ ਭਾਵਈ ਤਾ ਸਭਿ ਅਡੰਬਰ ਕੂੜੁ ॥ ੪॥

੯. ਸਥਾਈ / ਰਹਾਉ :

ਮੁੰਧੇ ਪਿਰ ਬਿਨੁ ਕਿਆ ਸੀਗਾਰੁ ॥
ਦਰਿ ਘਰਿ ਢੋਈ ਨ ਲਹੈ ਦਰਗਹ ਝੂਠੁ ਖੁਆਰੁ ॥੧॥ ਰਹਾਉ ॥

੧੦. ਅੰਤਰਾ ॥੫॥:

ਸਭਿ ਰਸ ਭੋਗਣ ਬਾਦਿ ਹਹਿ ਸਭਿ ਸੀਗਾਰ ਵਿਕਾਰ ॥
ਜਬ ਲਗੁ ਸਬਦਿ ਨ ਭੇਦੀਐ ਕਿਉ ਸੋਹੈ ਗੁਰਦੁਆਰਿ ॥
ਨਾਨਕ ਧੰਨੁ ਸੁਹਾਗਣੀ ਜਿਨ ਸਹ ਨਾਲਿ ਪਿਆਰੁ ॥੫॥੧੩॥

( ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ ੧੮ ) ਉਕਤ ਸ਼ਬਦ ਹੀ ਰਹਾਉਂ ਵਾਲੀ ਤੁਕ (ਜਿਸ ਦਾ ਅਸੀਂ ਸਥਾਈ ਰੂਪ ਵਿੱਚ ਬਾਰ-ਬਾਰ ਗਾਇਨ ਕਰਦੇ ਹਾਂ ਵਿੱਚ ਗੁਰੂ ਨਾਨਕ ਦੇਵ ਜੀ ਜੀਵ ਰੂਪੀ ਇਸਤਰੀ ਨੂੰ ਉਪਦੇਸ਼ ਦੇ ਰਹੇ ਹਨ ਕਿ ਹੈ ਮੂਰਖ ਮੁਗਧ ਇਸਤਰੀਏ ਪੜੀ ਭਾਵ ਪਰਮੇਸ਼ਵਰ ਬਿਨਾਂ ਕਿਹਾ ਸੀ ? ਭਾਵ ਜੇ ਪਤੀ ਨਾ ਮਿਲੇ ਤਾਂ ਸ਼ਿੰਗਾਰ ਕਰਨ ਦਾ ਕੋਈ ਲਾਭ ਨਹੀਂ ਅਤੇ ਉਸ ਪ੍ਰਭੂ ਦੇ ਦਰ ਵਿੱਚ ਢੋਈ ਨਹੀਂ ਮਿਲਦੀ ਕਿਉਂ ਜੋ ਉਸ ਦੀ ਦਰਗਾਹ ਵਿੱਚ ਝੂਠ (ਮਾਇਆ ਦਾ ਮੋਹ ਖੁਆਰ ਹੀ ਹੁੰਦਾ ਹੈ । ਇਸ ਸੰਦੇਸ਼ ਨੂੰ ਰਹਾਉ ਵਾਲੀਆਂ ਪੰਕਤੀਆਂ ਵਿੱਚ ਦ੍ਰਿੜਾਉਣ ਲਈ ਗੁਰਮਤਿ ਸੰਗੀਤ ਵਿਧਾਨ ਦੀ ਗਾਇਨ ਕ੍ਰਿਆ ਅਨੁਸਾਰ ਅਸੀਂ ਸ਼ਬਦ ਉੜੇ ਸਿਰਲੇਖਾਂ ਸੰਕੇਤਾਂ ਅਨੁਸਾਰ ਕੀਰਤਨ ਕਰਦੇ ਹਨ। ਸ਼ਬਦ ਦੇ ੧, ੨, ੩, ੪ ਅੰਤਰਿਆਂ ਵਿੱਚ ਵੱਖ-ਵੱਖ ਉਦਾਹਰਣਾਂ ਸਹਿਤ ਰਹਾਉ ਵਿਚਲੇ ਸੰਦੇਸ਼ ਨੂੰ ਬਾਰ-ਬਾਰ ਸਪਸ਼ਟ ਕੀਤਾ ਗਿਆ ਹੈ ।
ਸ਼ਬਦ ਦੇ ਭਾਵ ਨੂੰ ਮਨ ਵਿੱਚ ਵਸਾ ਕੇ ਜਦੋਂ ਪੂਰਨ ਗੁਰਮਤਿ ਸੰਗੀਤ ਮਰਿਆਦਾ ਅਨੁਸਾਰ ਗਾਇਨ ਕੀਤਾ ਜਾਵੇ ਤਾਂ ਸ਼ਬਦ ਵਿਚਲੇ ਸੰਦੇਸ਼ ਦੀਆਂ ਪਰਤਾਂ ਆਪ ਮੁਹਾਰੇ ਸੁਣਨ ਅਤੇ ਸੁਨਾਉਣ ਵਾਲੇ ਤਕ ਖੁਲਦੀਆਂ ਜਾਣਗੀਆਂ ਇਸ ਪ੍ਰਕਾਰ ਸਹਿਜ ਰੂਪ ਵਿੱਚ ਹੀ ਸ਼ਬਦ ਦੇ ਕੀਰਤਨ ਦੁਆਰਾ ਸਵੈ-ਸੰਚਾਰ ਹੁੰਦਾ ਜਾਵੇਗਾ ।
ਇਸ ਪ੍ਰਕ੍ਰਿਆ ਨੂੰ ਦੋ ਤਿੰਨ ਜਾਂ ਚਾਰ ਰਹਾਉ ਵਾਲੇ ਸ਼ਬਦਾਂ ਵਿੱਚ ਹੋਰ ਵਧੇਰੇ ਸਪਸ਼ਟ ਰੂਪ ਵਿੱਚ ਸਮਝਿਆ ਜਾ ਸਕਦਾ ਹੈ ਅਗਲੇ ਪੰਨਿਆਂ ਉੜੇ ਉਦਾਹਰਣ ਦੇ ਲਈ ਸ਼ਬਦਾਂ ਦੇ ਮੂਲ ਪਾਠ ਸੰਗੀਤ ਪਾਨ ਅਤੇ ਸੁਰਲਿਪੀਆਂ ਦਿੱਤੀਆਂ ਜਾ ਰਹੀਆਂ ਹਨ ਜਿਨ੍ਹਾਂ ਤੋਂ ਗੁਰਮਤਿ ਸੰਗੀਤ ਦੀ ਸਿਧਾਂਤਕਤਾ ਵਿੱਚੋਂ ਉਪਜੀ ਸਮੁੱਚੀ ਕੀਰਤਨ ਪ੍ਰਕ੍ਰਿਆ ਆਪ ਮੁਹਾਰੇ ਸਪਸ਼ਟ ਹੋ ਰਹੀ ਹੈ ।

ਸਿਰੀਰਾਗੁ ਮਹਲਾ ੧ ਘਰੁ ੫ ॥
ਅਛਲ ਛਲਾਈ ਨਹ ਛਲੈ ਨਹ ਘਾਉ ਕਟਾਰਾ ਕਰਿ ਸਕੈ ॥
ਜਿਉ ਸਾਹਿਬੁ ਰਾਖੈ ਤਿਉ ਰਹੈ ਇਸੁ ਲੋਭੀ ਕਾ ਜੀਉ ਟਲ ਪਲੈ ॥੧॥
ਬਿਨੁ ਤੇਲ ਦੀਵਾ ਕਿਉ ਜਲੈ ॥੧॥ ਰਹਾਉ ॥
ਪੋਥੀ ਪੁਰਾਣ ਕਮਾਈਐ ॥ ਭਉ ਵਟੀ ਇਤੁ ਤਨਿ ਪਾਈਐ ॥
ਸਚੁ ਬੂਝਣੁ ਆਣਿ ਜਲਾਈਐ ॥੨॥
ਇਹੁ ਤੇਲੁ ਦੀਵਾ ਇਉ ਜਲੈ ॥
ਕਰਿ ਚਾਨਣੁ ਸਾਹਿਬ ਤਉ ਮਿਲੈ ॥੧॥ ਰਹਾਉ ॥
ਇਤੁ ਤਨਿ ਲਾਗੈ ਬਾਣੀਆ ॥
ਸੁਖੁ ਹੋਵੈ ਸੇਵ ਕਮਾਣੀਆ ॥
ਸਭ ਦੁਨੀਆ ਆਵਣ ਜਾਣੀਆ ॥੩॥
ਵਿਚਿ ਦੁਨੀਆ ਸੇਵ ਕਮਾਈਐ ॥
ਤਾ ਦਰਗਹ ਬੈਸਣੁ ਪਾਈਐ ॥
ਕਹੁ ਨਾਨਕ ਬਾਹ ਲੁਡਾਈਐ ॥੪॥੩੩॥
( ਗੁਰੂ ਗ੍ਰੰਥ ਸਾਹਿਬ, ਪੰਨਾ ੨੫ )

ਰਾਗ

ਮਹਲਾ

ਸ਼ਬਦ ਗਾਇਨ ਰੂਪ

ਸਥਾਈ
ਸਥਾਈ

ਅੰਤਰੇ

- ਸਿਰੀ

੧ ( ਰਚਨਾ ਸ੍ਰੀ ਗੁਰੂ ਨਾਨਕ ਦੇਵ ਜੀ )

- ਪਦ ਗਾਇਨ

- ਰਹਾਉ ਦੀ ਤੁਕ ੧ (ਬਿਨੁ ਤੇਲ ਦੀਵਾ ਕਿਉ ਜਲੈ )

- ਰਹਾਉ ਦੀ ਤੁਕ ੨ (ਇਹੁ ਤੇਲੁ ਤਉ ਮਿਲੈ॥੨॥ )

- ੧. ਅਛਲ ਛਲਾਈ………. ਟਲ ਪਲੈ ॥

- ੨. ਪੋਥੀ ਪੁਰਾਣ………. ਆਣਿ ਜਲਾਈਐ ॥

- ੩. ਇਤੁ ਤਨਿ ਲਗੈ ……..ਆਵਣ ਜਾਣੀਆ ॥

- ੪. ਵਿਚਿ ਦੁਨੀਆ………ਬਾਹ ਲਡਾਈਐ ॥

ਇਸ ਸ਼ਬਦ ਦੇ ਕੀਰਤਨ ਹਿੱਤ ਗਾਇਨ ਪ੍ਰਕ੍ਰਿਆ ਇਸ ਪ੍ਰਕਾਰ ਹੋਵੇਗੀ :

ਸਥਾਈ / ਰਹਾਉ :

ਬਿਨੁ ਤੇਲ ਦੀਵਾ ਕਿਉ ਜਲੈ ॥੧॥

ਅੰਤਰਾ ॥੧॥ :

ਅਛਲ ਛਲਾਈ ਨਹ ਛਲੈ ਹ ਘਾਉ ਕਟਾਰਾ ਕਰਿ ਸਕੈ ॥
ਜਿਉ ਸਾਹਿਬੁ ਰਾਖੈ ਤਿਉ ਰਹੈ ਇਸੁ ਲੋਭੀ ਕਾ ਜੀਉ ਟਲ ਪਲੈ ॥੧॥

ਸਥਾਈ / ਰਹਾਉ:

ਬਿਨੁ ਤੇਲ ਦੀਵਾ ਕਿਉ ਜਲੈ ॥੧॥

ਅੰਤਰਾ ॥੨:

ਪੋਥੀ ਪੁਰਾਣ ਕਮਾਈਐ ॥
ਭਉ ਵਦੀ ਇਤੁ ਤਨਿ ਪਾਈਐ ॥
ਸਚੁ ਬੂਝਣੁ ਆਣਿ ਜਲਾਈਐ ॥੨॥

ਸਥਾਈ / ਰਹਾਉ :

ਕਰਿ ਚਾਨਣੁ ਸਾਹਿਬ ਤਉ ਮਿਲੈ ॥੧॥ ਰਹਾਉ॥

ਅੰਤਰਾ ॥੩॥ :

ਇਤੁ ਤਨਿ ਲਾਗੈ ਬਾਣੀਆ ॥
ਸੁਖੁ ਹੋਵੈ ਸੇਵ ਕਮਾਣੀਆ ॥
ਸਭ ਦੁਨੀਆ ਆਵਣ ਜਾਣੀਆ ॥੩॥

ਸਥਾਈ / ਰਹਾਉ:

ਇਹੁ ਤੇਲੁ ਦੀਵਾ ਇਉ ਜਲੈ ॥ਕਰਿ ਚਾਨਣੁ ਸਾਹਿਬ ਤਉ ਮਿਲੈ ੧॥੧॥ਰਹਾਉ॥

ਅੰਤਰਾ ॥ ੪॥ :

ਵਿਚਿ ਦੁਨੀਆ ਸੇਵ ਕਮਾਈਐ ॥
ਤਾ ਦਰਗਹ ਬੈਸਣੁ ਪਾਈਐ ॥
ਕਹੁ ਨਾਨਕ ਬਾਹ ਲੁਡਾਈਐ ॥ ੪ ॥੩੩ ॥

ਸਥਾਈ / ਰਹਾਉ :

ਇਹੁ ਤੇਲੁ ਦੀਵਾ ਇਉ ਜਲੈ ॥

ਇਸ ਸ਼ਬਦ ਵਿੱਚ ਰਹਾਉ ਵਾਲੀ ਤੁਕ ਜਿਸ ਦਾ ਸਥਾਈ ਰੂਪ ਵਿੱਚ ਗਾਇਨ ਕਰਨਾ ਹੈ ਬਿਨੁ ਤੇਲ ਦੀਵਾ ਕਿਉ ਜਲੈ ਵਿਚ ਗੁਰੂ ਨਾਨਕ ਦੇਵ ਜੀ ਸਰੋਤੇ ਲੋਕਾਈ ਦੇ ਮਨ ਵਿੱਚ ਇਹ ਜਗਿਆਸਾ ਉਤਪੰਨ ਕਰ ਰਹੇ ਹਨ ਕਿ ਜੀਵਨ ਰੂਪੀ ਦੀਵਾ ਆਤਮਕ ਗਿਆਨ ਦੇ ਤੇਲ ਤੋਂ ਬਿਨਾ ਕਿਵੇਂ ਬਲਦਾ ਰਹਿ ਸਕਦਾ ਹੈ ਜਿਵੇਂ ਕਿ ਦੀਵੇ ਲਈ ਤੇਲ ਦੀ ਜ਼ਰੂਰਤ ਹੁੰਦੀ ਹੈ ਉਸੇ ਪ੍ਰਕਾਰ ਆਤਮਾ ਲਈ ਗਿਆਨ ਦੀ ਜ਼ਰੂਰਤ ਹੁੰਦੀ ਹੈ । ਇਸ ਸੰਦੇਸ਼ ਨੂੰ ਰਹਾਉ ਵਾਲੀਆਂ ਪੰਕਤੀਆਂ ਵਿੱਚ ਦਿੜਾਉਣ ਲਈ ਗੁਰਮਤਿ ਸੰਗੀਤ ਵਿਧਾਨ ਦੀ ਗਾਇਨ ਪ੍ਰਕ੍ਰਿਆ ਅਨੁਸਾਰ ਅਸੀਂ ਸ਼ਬਦ ਉਤੇ ਦਿੱਤੇ ਸਿਰਲੇਖਾਂ ਸੰਕੇਤਾਂ ਅਨੁਸਾਰ ਗਾਇਨ ਕਰਾਂਗੇ । ਕੀਰਤਨਕਾਰਾਂ ਲਈ ਮਹੱਤਵਪੂਰਨ ਫੁਰਮਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਨਿਰਧਾਰਤ ਕੀਰਤਨ ਮਰਿਆਦਾ ਲਈ ਸਿਰਲੇਖਾਂ ਅਤੇ ਸੰਕੇਤਾਂ ਤੋਂ ਇਲਾਵਾ ਕੀਰਤਨਕਾਰ ਅਤੇ ਕੀਰਤਨ ਪੇਸ਼ਕਾਰੀ ਲਈ ਅਨੇਕ ਗੁਰ ਫੁਰਮਾਨ ਦਰਜ ਕੀਤੇ ਗਏ ਹਨ। ਜਿਹੜੇ ਗੁਰ ਮਰਿਆਦਾ ਅਨੁਸਾਰ ਕੀਰਤਨ ਕਰਨ ਲਈ ਸਾਡਾ ਮਾਰਗ ਦਰਸ਼ਨ ਕਰਦੇ ਹਨ। ਕੀਰਤਨਕਾਰਾਂ ਦਾ ਮਨ ਹਉਮੈ ਤੋਂ ਰਹਿਤ ਸੰਪੂਰਣ ਸਮਰਪਣ ਦਾ ਧਾਰਨੀ ਹੋਣਾ ਚਾਹੀਦਾ ਹੈ । ਕੀਰਤਨ ਦਾ ਉਦੇਸ਼ ਗੁਰ ਸ਼ਬਦ ਦੇ ਸੰਦੇਸ਼ ਨੂੰ ਆਪਣੇ ਮਨ ਵਿੱਚ ਵਸਾਉਣਾ ਅੜੇ ਸਭ ਲੋਕਾਈ ਤੱਕ ਪਹੁੰਚਾਉਣਾ ਹੈ ਨਾ ਕਿ ਆਪਣੀ ਕਲਾ ਦੀ ਮੁਹਾਰਤ ਦਾ ਹਉਮੈ ਭਰਪੂਰ ਪ੍ਰਗਟਾਵਾ ਕਰਨਾ ਹੈ ।


ਭਲੋ ਭਲੋ ਰੇ ਕੀਰਤਨੀਆ ॥ ਰਾਮ ਰਮਾ ਰਾਮਾ ਗੁਨ ਗਾਉ ॥ ਛੋਡਿ ਮਾਇਆ ਕੇ ਧੰਧ ਸੁਆਉ ॥ ੧ ॥
(ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ ੮੮੫ )

ਇਨ੍ਹਾਂ ਫੁਰਮਾਨ ਅਨੁਸਾਰ ਗੁਰ ਸ਼ਬਦ ਕੀਰਤਨ ਦੀ ਪ੍ਰਸਤੁਤੀ ਲਈ ਕੀਰਤਨਕਾਰ ਲਈ ਕਿਸੇ ਮਾਇਆਵੀ ਲਾਲਚ ਤੋਂ ਬਿਨਾਂ ਹਉਂ ਰਹਿਤ ਕੀਰਤਨ ਕਰਨ ਦਾ ਆਦਰਸ਼ ਹੈ । ਕੀਰਤਨਕਾਰ ਨੇ ਹਉਮੈ ਦਾ ਪ੍ਰਗਟਾਵਾ ਨਹੀਂ ਕਰਨਾ ਸਗੋਂ ਉਸ ਨੇ ਨਿਮਰਤਾ ਸਹਿਤ ਕੀਰਤਨ ਦੀ ਪੇਸ਼ਕਾਰੀ ਕਰਨੀ ਹੈ । ਇਸ ਸਬੰਧੀ ਗੁਰੂ ਫੁਰਮਾਨ ਹਨ ।


ਇਕਿ ਗਾਵੜ ਰਹੇ ਮਨਿ ਸਾਦੁ ਨ ਪਾਇ ॥ ਹਉਮੈ ਵਿਚਿ ਗਾਵਹਿ ਬਿਰਥਾ ਜਾਇ ॥
( ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ ੧੫੮ )

ਕੀਰਤਨਕਾਰ ਦੇ ਮਨ ਵਿੱਚ ਸ਼ੁਕਰਾਨੇ ਦਾ ਭਾਵ ਹੁੰਦਾ ਹੈ ਪਰਮ ਪਿਤਾਂ ਦੀ ਉਸਤੜੀ ਵਡਿਆਈ ਅਤੇ ਜਸ ਗਾਇਨ ਵਿੱਚ ਉਹ ਹਉ ਰਹਿਤ ਆਪੇ ਤੋਂ ਮੁਕਤ ਹੋ ਕੇ ਸਮਰਪਣ ਦੇ ਨਾਲ ਕੀਰਤਨ ਕਰਦਾ ਹੈ ।

ਸਹਜੈ ਗਾਵਿਆ ਥਾਇ ਪਵੈ ਬਿਨੁ ਸਹਜੈ ਕਥਨੀ ਬਾਦਿ ॥
(ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ ੬੮)

ਕੀਰਤਨ ਵਿਚ ਇਹ ਸਹਿਜ ਕੀਰਤਨੀਏ ਦੇ ਗੁਰਬਾਣੀ ਤੇ ਗੁਰ ਮਰਿਯਾਦਾ ਅਨੁਸਾਰ ਜੀਵਨ ਅਤੇ ਆਪਣੀ ਕਲਾ ਦੇ ਰਿਆਜ਼ ਦੁਆਰਾ ਸੰਭਵ ਹੋ ਸਕਦਾ ਹੈ । ਜਿਵੇਂ ਅਧਿਆਤਮਕ ਤੇ ਕਲਾਤਮਕ ਗੁਣ ਆਪਸ ਵਿੱਚ ਮਿਲਣਗੇ ਕੀਰਤਨੇ ਦੀ ਅਵਸਥਾ ਗੁਰਮਤਿ ਦੇ ਅਨੁਕੂਲ ਹੁੰਦੀ ਜਾਵੇਗੀ ਤਾਂ ਹੀ ਉਹ ਗੁਰ ਸ਼ਬਦ ਨੂੰ ਆਪਣੈ ਮਨ ਵਿੱਚ ਵਸਾਕੇ ਸਰਬ ਲੋਕਾਈ ਤਕ ਇਸਦੇ ਗੁਰ ਸੰਦੇਸ਼ ਨੂੰ ਸੰਚਾਰਿਤ ਕਰ ਸਕੇਗਾ । ਉਕਤ ਭਾਵਨਾ ਨਾਲ ਕੀਤਾ ਗਿਆ ਕੀਰਤਨ ਦੀ ਗੁਰ ਸ਼ਬਦ ਕੀਰਤਨ ਦੀ ਮਰਿਆਦਾ ਦਾ ਅਨੁਸਾਰੀ ਹੈ ।

ਗੁਰ ਸ਼ਬਦ ਕੀਰਤਨ ਚੌਕੀਆਂ : ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੁਆਰਾ ਨਿਰਦੇਸ਼ਿਤ ਅਤੇ ਨਿਰਧਾਰਤ ਗੁਰਮਤਿ ਸੰਗੀਤ ਦੀ ਇਸ ਮੌਲਿਕ ਪਰੰਪਰਾ ਦੀ ਮਰਿਆਦਾ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸਮੂਹ ਗੁਰੂ ਸਾਹਿਬਾਨ ਨੇ ਆਪੋ ਆਪਣੇ ਸਮੇਂ ਕਿਰਿਆਤਮਕ ਅਤੇ ਜੀਵੰਤ ਰੂਪ ਵਿੱਚ ਸਥਾਪਤ ਅਤੇ ਵਿਕਸਿਤ ਕੀਤਾ ਹੈ ਜਿਸ ਅਧੀਨ ਗੁਰੂ ਕਾਲ ਅਤੇ ਗੁਰੂ ਕਾਲ ਤੋਂ ਬਾਅਦ ਵੱਖ-ਵੱਖ ਕੀਰਤਨ ਚੌਕੀਆਂ ਪ੍ਰਚਾਰ ਵਿੱਚ ਰਹੀਆਂ ਹਨ ਸ੍ਰੀ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਵਿਖੇ ਕੀਰਤਨ ਚੌਕੀਆਂ ਅਨੁਸਾਰ ਕੀਰਤਨ ਕਰਨ ਦੀ ਗੁਰਮਤਿ ਸੰਗੀਤ ਦੀ ਵਿਸ਼ੇਸ਼ ਮਰਿਆਦਾ ਹੈ।

ਜਿਵੇਂ ਕਿ : ਤਿੰਨ ਪਹਿਰੇ ਦੀ ਚੌਕੀ, ਆਸ਼ਾ ਦੀ ਵਾਰ ਦੀ ਚੌਕੀ, ਬਿਲਾਵਲ ਦੀ ਪਹਿਲੀ ਚੌਕੀ, ਅਨੰਦ ਦੀ ਚੌਕੀ, ਚਰਨ ਕਮਲ ਦੀ ਚੌਂਕੀ, ਸੋਦਰੁ ਤੋਂ ਪਹਿਲੀ ਚੌਕੀ, ਆਰਤੀ ਦੀ ਚੌਕੀ, ਕਲਿਆਣ ਦੀ ਚੌਂਕੀ, ਕਾਨੜੇ ਦੀ ਜਾਂ ਕੀਰਤਨ ਸੋਹਿਲੇ ਦੀ ਚੌਕੀ ਆਦਿ । ਰਾਗ ਅਤੇ ਸਮੇਂ ਅਨੁਸਾਰ ਨਿਰਧਾਰਤ ਇਨ੍ਹਾਂ ਕੀਰਤਨ ਚੌਕੀਆਂ ਤੋਂ ਇਲਾਵਾ ਸਿੱਖੀ ਜੀਵਨ ਦੇ ਵੱਖ-ਵੱਖ ਅਵਸਰਾਂ, ਤਿਉਹਾਰਾਂ ਤੇ ਸਮਾਰੋਹਾਂ ਉਤੇ ਵੀ ਉਸ ਸਮੇਂ ਦੇ ਭਾਵਾਂ ਅਨੁਸਾਰ ਕੀਰਤਨ ਕਰਨ ਦੀ ਵਿਸ਼ੇਸ਼ ਪਰੰਪਰਾ ਹੈ । ਭਿੰਨ ਭਿੰਨ ਮੌਸਮਾਂ ਅਤੇ ਰੁੱਤਾਂ ਅਨੁਸਾਰ ਰਾਗਾਂ ਦਾ ਵਿਸ਼ੇਸ਼ ਗਾਇਨ ਵਿਸ਼ੇਸ਼ ਕੀਰਤਨ ਚੌਕੀਆਂ ਦੀ ਮਰਿਯਾਦਾ ਨੂੰ ਸਿਰਜਦਾ ਹੈ । ਕੀਰਤਨ ਚੌਕੀ ਦੇ ਚਾਰ ਚਰਣ , ਸ਼ਾਨ, ਮੰਗਲਾਚਰਣ, ਸ਼ਬਦ ਗਾਇਨ ਧਰੁਪਦ ਤੇ ਖਿਆਲ ਅੰਗ ਤੇ ਪਉੜੀ ਲਾਉਣਾ ਮੰਨੇ ਜਾਂਦੇ ਹਨ । ਭਾਵੇਂ ਅੱਜ ਕਲ੍ਹ ਇਹ ਪਰੰਪਰਾ ਅਲੋਪ ਹੋ ਰਹੀ ਹੈ ਪਰੰਤੂ ਇਹ ਵਿਧੀ ਗੁਰਮਤਿ ਸੰਗੀਤ ਦਾ ਅਨਮੋਲ ਮੌਲਿਕ ਸਰਮਾਇਆ ਹੈ ।

ਗੁਰ ਸ਼ਬਦ ਕੀਰਤਨ ਸਾਜ਼ : ਗੁਰੂ ਸਾਹਿਬਾਨ ਨੇ ਸ਼ਬਦ ਕੀਰਤਨ ਦੀ ਉਕਤ ਮਰਿਆਦਾ ਸਿਰਜਦਿਆਂ ਜਿਥੇ ਵੱਖ-ਵੱਖ ਕੀਰਤਨ ਚੌਕੀਆਂ ਦੀ ਪਰੰਪਰਾ ਦਾ ਕਿਰਿਆਤਮਕ ਰੂਪ ਵਿੱਚ ਪ੍ਰਚਲਨ ਕੀਤਾ ਉਥੇ ਨਾਲ ਹੀ ਕੀਰਤਨ ਕਰਨ ਲਈ ਵਿਸ਼ੇਸ਼ ਸਾਜ਼ਾਂ ਦੀ ਚੋਣ ਵੀ ਕੀਤੀ । ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਭਾਈ ਮਰਦਾਨਾ ਦੁਆਰਾ ਰਬਾਬ ਦਾ ਵਾਦਨ, ਗੁਰੂ ਅਮਰਦਾਸ ਸਾਹਿਬ ਜੀ ਤੇ ਗੁਰੂ ਰਾਮਦਾਸ ਜੀ ਦੇ ਸਮੇਂ ਸਰੰਦਾ ਸਾਜ਼, ਸੀ ਗੁਰੂ ਅਰਜਨ ਦੇਵ ਜੀ ਦੇ ਵੇਲੇ ਸਾਰੰਦਾ ਤੇ ਇਸਰਾਜ, ਉਪਰਾਂਤ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਸਮੇਂ ਤਾਊਸ ਅਤੇ ਵਾਰ ਗਾਇਨ ਲਈ ਢੱਡ ਸਾਰੰਗੀ ਅਤੇ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਸਮੇਂ ਮਿਰਦੰਗ ਸਾਜ਼ਾਂ ਦਾ ਪ੍ਰਯੋਗ ਪ੍ਰਤੱਖ ਹੈ । ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਸਮੇਂ ਤਾਨਪੁਰੇ ਦਾ ਯੋਗ ਹੋਣਾ ਵਿਸ਼ੇਸ਼ ਹੈ ਜਿਸ ਤੋਂ ਸਿੱਖ ਗੁਰੂ ਸਾਹਿਬਾਨਾਂ ਦੇ ਸਮੇਂ ਦੌਰਾਨ ਵਿਸ਼ੇਸ਼ ਰੂਪ ਵਿੱਚ ਸ਼ਬਦ ਕੀਰਤਨ ਪ੍ਰਸਤੁਤੀ ਲਈ ਵਿਸ਼ੇਸ਼ ਸਾਜ਼ਾਂ ਦਾ ਪ੍ਰਯੋਗ ਪ੍ਰਤੱਖ ਹੈ । ਗੁਰਮਤਿ ਸੰਗੀਤ ਵਿੱਚ ਪ੍ਰਚਲਿਤ ਕੀਰਤਨ ਸਾਜ਼ਾਂ ਦਾ ਪ੍ਰਯੋਗ ਵੀ ਮੌਲਿਕ ਰੂਪ ਵਿੱਚ ਕੀਤਾ ਗਿਆ । ਇਨ੍ਹਾਂ ਤੰਤੀ ਸਾਜ਼ਾਂ ਦਾ ਪ੍ਰਯੋਗ ਸੂਰਾਂ ਦੀ ਸ਼ੁੱਧਤਾ ਰਾਗ ਦੇ ਸ਼ੁੱਧ ਸਰੂਪ ਦੀ ਸਥਾਪਨਾ ਅਤੇ ਗੁਰ-ਸ਼ਬਦ ਕੀਰਤਨ ਦੀ ਮਰਿਆਦਾਗਤ ਸ਼ੁੱਧਤਾ ਅਤੇ ਉਚਤਾ ਨੂੰ ਕਾਇਮ ਰੱਖਣ 'ਚ ਵਿਸ਼ੇਸ਼ ਸਹਾਈ ਹੁੰਦਾ ਹੈ ।

ਗੁਰ ਸ਼ਬਦ ਕੀਰਤਨ ਕੇਂਦਰ ਤੇ ਟਕਸਾਲਾਂ : ਗੁਰੂ ਸ਼ਬਦ ਕੀਰਤਨ ਦੀ ਇਸ ਮਹਾਨ ਮੌਲਿਕ ਪਰੰਪਰਾ ਦੇ ਵਿਕਾਸ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਵੱਖ ਵੱਖ ਗੁਰੂ ਸਾਹਿਬਾਨ ਅਤੇ ਸਿੱਖ ਸੰਗਤਾਂ ਦੁਆਰਾ ਕਈ ਸਥਾਨ ਕੀਰਤਨ ਦੇ ਵਿਸ਼ੇਸ਼ ਕੇਂਦਰਾਂ ਵਜੋਂ ਪ੍ਰਗਟ ਹੋਏ ਜਿਥੇ ਕਈ ਕੀਰਤਨਕਾਰਾਂ ਨੇ ਇਸ ਪਰੰਪਰਾ ਨੂੰ ਵਿਵਹਾਰਕ ਰੂਪ ਵਿੱਚ ਵਿਕਸਿਤ ਕੀਤਾ ।
ਸਿੱਖ ਇਤਿਹਾਸ ਤੋਂ ਪ੍ਰਗਟ ਹੁੰਦਾ ਹੈ ਕਿ ਉਦਾਸੀਆਂ ਉਪਰਾਂਤ ਜਦੋਂ ਸ੍ਰੀ ਗੁਰੂ ਨਾਨਕ ਸਾਹਿਬ ਨੇ ਕਰਤਾਰਪੁਰ ਵਿਖੇ ਸਿੱਖ ਧਰਮਸਾਲ ਗੁਰਦੁਆਰਾ ਦੇ ਸੰਸਥਾਗਤ ਪ੍ਰਚਲਨ ਲਈ ਵਾਸ ਕੀਤਾ ਤਾਂ ਕੀਰਤਨ ਕਰਨ ਦੀ ਗੁਰ ਮਰਿਆਦਾ ਨੂੰ ਵਿਸ਼ੇਸ਼ ਰੂਪ ਵਿੱਚ ਦ੍ਰਿੜਾਇਆ ॥ ਇਤਿਹਾਸਕ ਹਵਾਲਿਆਂ ਤੋਂ ਪਰਤੱਖ ਹੈ ਕਿ ਕਰਤਾਰਪੁਰ ਵਿਖੇ ਸਵੇਰ ਸ਼ਾਮ ਗੁਰਬਾਣੀ ਦਾ ਕੀਰਤਨ ਕੀਤਾਂ ਜਾਂਦਾ ਸੀ ਅਤੇ ਇਸੇ ਸਥਾਨ ਤੇ ਤੀਸਰੀ ਉਦਾਸੀ ਸਮੇਂ ਗੁਰੂ ਨਾਨਕ ਦੇਵ ਜੀ ਭਾਈ ਮਰਦਾਨੇ ਨੂੰ ਇਥੇ ਟਿਕਾ ਕੇ ਇਕੱਲੇ ਉਦਾਸੀ ਤੇ ਗਏ ਤਾਂ ਭਾਈ ਮਰਦਾਨਾ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਦਾ ਰਾਗਮਈ ਕੀਰਤਨ ਕਰਦੇ ਰਹੇ । ਭਾਈ ਮਰਦਾਨਾ ਦੇ ਦੇਹਾਂਤ ਉਪਰੰਤ ਉਨ੍ਹਾਂ ਦਾ ਪੁੱਤਰ ਸਜਾਦਾ ਗੁਰ ਦਰਬਾਰ ਵਿੱਚ ਕੀਰਤਨ ਕਰਿਆ ਕਰਦਾ ਸੀ । ਇਸ ਤਰ੍ਹਾਂ ਕਰਤਾਰਪੁਰ ਗੁਰਮਤਿ ਸੰਗੀਤ ਦੇ ਪਰਥਮ ਕੇਂਦਰ ਵਜੋਂ ਪਰਗਟ ਹੁੰਦਾ ਹੈ ।
ਕਰਤਾਰਪੁਰ ਤੋਂ ਇਲਾਵਾ ਗੁਰੂ ਅੰਗਦ ਦੇਵ ਜੀ ਨੇ ਖਡੂਰ ਸਾਹਿਬ ਦੀ ਸਥਾਪਨਾ ਕੀਤੀ ਅਤੇ ਕਰਤਾਰਪੁਰੀ ਪਰੰਪਰਾ ਦਾ ਪਰਚਲਨ ਜਾਰੀ ਰੱਖਿਆ । ਭਾਈ ਸਜਾਦਾ ਤੋਂ ਇਲਾਵਾ ਭਾਈ ਸਾਦੂ - ਬਾਦੂ, ਗੁਰ ਦਰਬਾਰ ਦੇ ਪਰਸਿੱਧ ਰਬਾਬੀ ਕੀਰਤਨੀਏ ਸਨ । ਗੁਰੂ ਅਮਰਦਾਸ ਜੀ ਨੇ ਗੋਇੰਦਵਾਲ ਸਾਹਿਬ ਨੂੰ ਸਿੱਖੀ ਦੇ ਵਿਸ਼ੇਸ਼ ਪਰਚਾਰ ਕੇਂਦਰ ਵਜੋਂ ਸਥਾਪਤ ਕੀਤਾ । ੨੨ ਮੰਜੀਆਂ ਦੀ ਸਥਾਪਨਾਂ ਦੁਆਰਾਂ ਜਿਥੇ ਬਾਕੀ ਸਿੱਖ ਪਰੰਪਰਾਵਾਂ ਤੇ ਮਰਿਆਦਾ ਦਾ ਪਰਚਲਨ ਵੱਖ-ਵੱਖ ਇਲਾਕਿਆਂ ਵਿੱਚ ਹੋਇਆ ਉਥੇ ਸ਼ਬਦ ਕੀਰਤਨ ਦੁਆਰਾ ਗੁਰਮਤਿ ਸੰਗੀਤ ਵੀ ਸਿੱਖ ਸੰਗਤਾਂ ਵਿੱਚ ਪਰਚੱਲਤ ਹੋਇਆ । ਭਾਈ ਦੀਪਾ, ਭਾਈ ਪਾਂਧਾ, ਭਾਈ ਬੂਲਾ ਵਰਗੇ ਕੀਰਤਨੀਏ ਆਪਦੇ ਪ੍ਰਸਿੱਧ ਕੀਰਤਨਕਾਰ ਸਨ । ਗੁਰੂ ਅਮਰਦਾਸ ਜੀ ਤੋਂ ਬਾਅਦ ਸ੍ਰੀ ਗੁਰੂ ਰਾਮਦਾਸ ਜੀ ਦੇ ਦਰਬਾਰ ਦੇ ਪ੍ਰਸਿੱਧ ਕੀਰਤਨੀਏ ਸੱਤਾ ਤੇ ਬਲਵੰਡ ਸਨ।

ਇਥੇ ਅੰਮ੍ਰਿਤ ਵੇਲੇ ਆਸਾ ਜੀ ਦੀ ਵਾਰ, ਸ਼ਾਮ ਨੂੰ ਸੋਦਰੁ ਅਤੇ ਰਾਤ ਨੂੰ ਆਰਤੀ ਗਾਇਨ ਦੀ ਪਰੰਪਰਾ ਪ੍ਰਚਾਰ ਵਿੱਚ ਸੀ । ਗੁਰੂ ਰਾਮਦਾਸ ਜੀ ਦੇ ਸਮੇਂ ਤਕ ਸ਼ਬਦ ਕੀਰਤਨ ਦੀ ਗੁਰਮਤਿ ਸੰਗੀਤ ਪਰੰਪਰਾ ਸਥਾਪਤ ਰੂਪ ਵਿੱਚ ਵਿਕਸਿਤ ਹੋ ਚੁੱਕੀ ਸੀ ਜਿਸ ਅਧੀਨ ਨਵੇਂ ਨਵੇਂ ਰਾਗਾਂ ਤੇ ਗੁਰਮਤਿ ਸੰਗੀਤ ਵਿੱਚ ਪੜਤਾਲ ਵਰਗੀ ਗਾਇਨ ਸ਼ੈਲੀ ਦਾ ਪ੍ਰਚਲਨ ਹੋਇਆ ਜੋ ਸੰਗਤ ਜਗਤ ਦੇ ਕਿਸੇ ਹੋਰ ਪਰੰਪਰਾ ਵਿੱਚ ਉਪਲੱਬਧ ਨਹੀਂ ।
ਗੁਰੂ ਅਰਜਨ ਦੇਵ ਜੀ ਨੇ ਗੁਰਮਤਿ ਸੰਗੀਤ ਦੀ ਪਰੰਪਰਾ ਨੂੰ ਸਥਾਪਤ ਰੂਪ ਵਿੱਚ ਵਿਕਸਤ ਕਰਨ ਦਾ ਬੀੜਾ ਚੁੱਕਿਆ । ਇਸ ਸਮੇਂ ਤਕ ਅੰਮ੍ਰਿਤਸਰ ਸਾਹਿਬ ਵਿਖੇ ਚਹੁ ਵਰਨਾਂ ਲਈ ਹਰਿਮੰਦਰ ਸਾਹਿਬ ਦੀ ਸਥਾਪਨਾ ਹੋ ਚੁੱਕੀ ਸੀ । ਜਿਸ ਵਿੱਚ ਸ਼ਬਦ ਕੀਰਤਨ ਦਾ ਧੁਨੀ ਦਾ ਅਖੰਡ ਪਰਵਾਂਹ ਵੱਖ-ਵੱਖ ਕੀਰਤਨ ਚੌਕੀਆਂ ਦੁਆਰਾ ਜਾਰੀ ਸੀ । ਗੁਰੂ ਅਰਜਨ ਦੇਵ ਜੀ ਦੇ ਇਸ ਕੇਂਦਰ ਵਿਖੇ ਹੀ ਜਿਥੇ ਰਬਾਬੀ ਕੀਰਤਨ ਪਰੰਪਰਾ ਪਛਾਣਯੋਗ ਰੂਪ ਵਿੱਚ ਸਾਹਮਣੇ ਆਏ ਉਥੇ ਸਧਾਰਨ ਸਿੱਖ ਸੰਗਤਾਂ ਨੂੰ ਵੀ ਕੀਰਤਨ ਕਰਨ ਲਈ ਉਤਸ਼ਾਹਤ ਕੀਤਾ ਜੋ ਸੱਤੇ ਅਤੇ ਬਲਵੰਡ ਦੀ ਗੁਰੂ ਘਰ ਨਾਲ ਰੁਸਣ ਦੀ ਗਾਥਾ ਤੋਂ ਪਰਤੱਖ ਹੈ । ਇਸ ਸਮੇਂ ਰਬਾਬੀਆਂ ਤੋਂ ਇਲਾਵਾ ਰਾਗੀ ਕੀਰਤਨੀਆਂ ਦੀ ਪਰੰਪਰਾ ਦਾ ਆਰੰਭ ਵੀ ਹੋਇਆ । ਗੁਰੂ ਅਰਜਨ ਦੇਵ ਜੀ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਜੀ ਸਮੇਂ ਕੀਰਤਨ ਦੇ ਇਸ ਮਹਾਨ ਸਥਾਨ ਵਿਖੇ ਕੀਰਤਨ ਪਰੰਪਰਾ ਦੇ ਨਾਲ ਨਾਲ ਢਾਡੀ ਵਾਰ ਗਾਇਨ ਪਰੰਪਰਾ ਅਤੇ ਵਾਰੀਆਂ ਦੇ ਕੀਰਤਨ ਦਾ ਪਰਵਾਹ ਚਲਾਇਆ । ਗੁਰੂ ਹਰਿ ਰਾਏ ਜੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਵੀ ਇਸ ਪਰੰਪਰਾ ਨੂੰ ਅਗਾਂਹ ਤੌਰਿਆ । ਗੁਰੂ ਤੇਗ਼ ਬਹਾਦਰ ਸਾਹਿਬ ਜੀ ਨੇ ਆਨੰਦਪੁਰ ਸਾਹਿਬ ਦੀ ਸਥਾਪਨਾ ਕੀਤੀ ਅਤੇ ਸਿੱਖ ਕੀਰਤਨ ਮਰਿਆਦਤ ਰੂਪ ਨੂੰ ਵਿਵਹਾਰਕ ਪਰੰਪਰਾ ਦਾ ਅਨਿੱਖੜ ਅੰਗ ਬਣਾਇਆ । ਭਾਈ ਸੱਦੂ ਅਤੇ ਮੱਦੂ, ਗੁਰੂ ਤੇਗ਼ ਬਹਾਦਰ ਸਾਹਿਬ ਜੀ ਅਤੇ ਸ੍ਰੀ ਗੁਰੂ ਗੋਬਿੰਦ ਸਾਹਿਬ ਜੀ ਦੇ ਇਸ ਮਹਾਨ ਸਿੱਖੀ ਕੇਂਦਰ (ਗੁਰੂ ਕੀ ਨਗਰੀ ਦੇ ਪ੍ਰਮੁੱਖ ਕੀਰਤਨੀਏ ਸੰਨ ।)

ਗੁਰੂ ਸਾਹਿਬਾਨ ਦੇ ਕਾਲ ਤੋਂ ਹੀ ਗੁਰਮਤਿ ਸੰਗੀਤ ਦੇ ਪ੍ਰਚਾਰ ਪਸਾਰ ਦੇ ਅੰਤਰਗਤ ਸਿਖਲਾਈ ਦੀਆਂ ਕੁਝ ਵਿਧੀਆਂ ਪ੍ਰਤੱਖ ਰੂਪ ਵਿੱਚ ਸਾਹਮਣੇ ਆਉਂਦੀਆਂ ਹਨ । ਇਕ ਪਰੰਪਰਾ ਅਨੁਸਾਰ ਰਬਾਬੀ ਕੀਰਤਨੀਏ ਸੀਨਾ-ਬ-ਬੀਨਾ ਕਸਬੀ ਨਿਪੁੰਨਤਾ ਸਹਿਤ ਸਿਖਲਾਈ ਨੂੰ ਅਗਾਂਹ ਤੋਰਦੇ ਰਹੇ ਜਿਸ ਅਧੀਨ ਵੱਖ ਵੱਖ ਰਬਾਬੀ ਅਤੇ ਉਨ੍ਹਾਂ ਦੇ ਵੰਸ਼ਜ ਸੰਗੀਤ ਕਲਾ ਕੌਸ਼ਲ ਦੁਆਰਾ ਗੁਰਮਤਿ ਸੰਗੀਤ ਦੀ ਪ੍ਰਤੁਤੀ ਕਰਦੇ ਰਹੇ । ਇਹ ਪਰੰਪਰਾ ਮੁਗ਼ਲ ਦਰਬਾਰ ਦੀ ਸੰਗੀਤ ਪਰੰਪਰਾ ਵਜੋਂ ਵੀ ਪ੍ਰਟ ਹੁੰਦੀ ਹੈ । ਸੰਗੀਤ ਜਗਤ ਵਿੱਚ ਗੁਰੂ ਘਰ ਦੇ ਇਨ੍ਹਾਂ ਰਬਾਬੀ ਸੰਗੀਤਕਾਰਾਂ ਦੀ ਪਛਾਣ ' ਬਾਬੇ ਕੇ ' ਦੇ ਨਾਲ ਹੁੰਦੀ ਰਹੀ । ਦੂਸਰੇ ਪਾਸੇ ਮੁਗ਼ਲ ਦਰਬਾਰ ਦੇ ਸੰਗੀਤਕਾਰਾਂ ਨੂੰ ' ਬਾਬਰ ਕੇ ' ਆਖਿਆ ਜਾਂਦਾ ਰਿਹਾ । ਗੁਰੂ ਨਾਨਕ ਦੇ ਸੰਗੀਤ ਦੁਆਰਾਂ ਵਰੋਸਾਏ ਬਾਬੇ ਤੋਂ ਸੰਗੀਤਕਾਰ ਸਮਕਾਲੀ ਸਮਾਜ ਵਿੱਚ ਵਿਸ਼ੇਸ਼ ਸਨਮਾਨਯੋਗ ਸਥਾਨ ਰੱਖਦੇ ਸਨ ਕਿਉਂਕਿ ਉਹ ਇਕ ਵਡੇਰੀ ਅਧਿਆਤਮਕ ਸੰਗੀਤ ਪਰੰਪਰਾ ਨਾਲ ਜੁੜੇ ਹੋਏ ਸਨ । ਰਬਾਬੀ ਕੀਰਤਨਕਾਰਾਂ ਦੀ ਇਹ ਪਰੰਪਰਾ ਗੁਰੂ ਸਾਹਿਬਾਨ ਤੋਂ ਬਾਅਦ ਹੁਣ ਤਕ ਪ੍ਰਚੱਲਤ ਹੈ । ਇਨ੍ਹਾਂ ਦੇ ਗਾਇਨ ਦਾ ਵਸ਼ਿਸ਼ਟ ਅੰਦਾਜ਼ ਅਤੇ ਬਾਣੀ ਉਤੇ ਮੁਹਾਰਤ ਇਨ੍ਹਾਂ ਦੀ ਸ਼ੈਲੀ ਨੂੰ ਵੱਖਰਿਆਉਣ ਵਿੱਚ ਕਾਮਯਾਬ ਹੁੰਦੀ ਹੈ ।


ਸ੍ਰੀ ਗੁਰੂ ਅਰਜਨ ਦੇਵ ਜੀ ਦੇ ਵੇਲੇ ਤੋਂ ਸਧਾਰਨ ਸਿੱਖ ਸੰਗਤਾਂ ਦੁਆਰਾ ਕੀਰਤਨ ਦੀ ਚਲਾਈ ਪਰੰਪਰਾ ਵਿੱਚੋਂ ਅਨੇਕ ਕੀਰਤਨੀਏ ਪ੍ਰਸਿੱਧ ਹੋਏ । ਜਿਨ੍ਹਾਂ ਰਬਾਬੀ ਕੀਰਤਨੀਆਂ ਦੀ ਵਡੇਰੀ ਪਰੰਪਰਾ ਦੀ ਤੁਲਨਾ ਵਿੱਚ ਪਛਾਨਣਯੋਗ ਸਥਾਨ ਬਣਾਉਣ ਲਈ ਜਿਥੇ ਗੁਰੂ ਸਾਹਿਬ ਦੇ ਸਮੇਂ ਤੋਂ ਲੈ ਕੇ ਇਹ ਕੀਰਤਨੀਏ ਨਿਤਾਪ੍ਰਤੀ ਦੇ ਕੀਰਤਨ ਅਭਿਆਸ ਅਤੇ ਵਿਸ਼ਿਸ਼ਟ ਵਿਅਕਤੀ ਤੋਂ ਸਿਖਲਾਈ ਲੈ ਕੇ ਆਪਣੀ ਵਿਦਿਆ ਦਾ ਗਿਆਨ ਸੰਚਾਰਿਤ ਕਰਦੇ ਰਹੇ ਉਥੇ ਇਹ ਕੀਰਤਨੀਏ ਪੂਰਨ ਗੁਰ-ਮਰਿਆਦਾ ਦੇ ਧਾਰਣੀ ਅਤੇ ਗੁਰਮਤਿ ਸੰਗੀਤ ਦੀ ਸਿਧਾਂਤਕਤਾ ਦੇ ਨਾਲ ਵਿਵਹਾਰਕ ਤੌਰ ਤੇ ਵੀ ਜੁੜੇ ਹੋਏ ਸਨ । ਇਨ੍ਹਾਂ ਵਿੱਚੋਂ ਗੁਰੂ ਕਾਲ ਦੇ ਹੋਰ ਪ੍ਰਸਿੱਧ ਕੀਰਤਨੀਆਂ ਵਿੱਚੋਂ ਪ੍ਰਸਿੱਧ ਭਾਈ ਦੀਪਾ, ਬੁਲਾ, ਨਾਰਾਇਣ ਦਾਸ, ਪਾਂਧਾ ਉਗਰਸੈਨ ਨਗੌਰੀ ਮਤ, ਭਾਈ ਰਾਮੂ, ਝਾਜੂ, ਮੁਕੰਦ ਕੇਦਾਰਾ ਆਦਿ ਪ੍ਰਮੁੱਖ ਸਨ । ਗੁਰਮਤਿ ਸੰਗੀਤ ਦੀ ਸਿਖਲਾਈ ਦੀ ਇਸ ਪਰੰਪਰਾ ਵਿੱਚ ਜਿਥੇ ਰਬਾਬੀਆਂ ਦੀ ਘਰਾਣੇਦਾਰ ਪਰੰਪਰਾ ਹੈ ਉਥੇ ਨਿਸ਼ਕਾਮ ਕੀਰਤਨੀਆਂ ਦੀ ਟਕਸਾਲੀ ਪਰੰਪਰਾ ਵੀ ਮੌਜੂਦ ਹੈ । ਵਰਤਮਾਨ ਸਮੇਂ ਵਿੱਚ ਪ੍ਰਚੱਲਤ ਪੁਰਾਤਨ ਟਕਸਾਲਾਂ ਦੇ ਭਾਵੇਂ ਪੂਰਨ ਇਤਿਹਾਸਕ ਸਰੋਤ ਉਪਲਬਧ ਨਹੀਂ ਹਨ ਪਰੰਤੂ ਵੱਖ-ਵੱਖ ਸਥਾਨਾਂ ਉਤੇ ਇਨ੍ਹਾਂ ਦਾ ਪ੍ਰਚਲਨ ਇਸ ਤੱਥ ਦਾ ਸ਼ਾਖਸ਼ੀ ਹੈ ਕਿ ਇਸ ਟਕਸਾਲੀ ਕੀਰਤਨ ਪਰੰਪਰਾ ਦੇ ਬੀਜ਼ ਗੁਰੂ ਕਾਲ ਦੇ ਕੁਲ ਗੁਰਮਤਿ ਸੰਗੀਤ ਪਰੰਪਰਾ ਵਿਚ ਹੀ ਵਿਦਮਾਨ ਹਨ । ਗੁਰਮਤਿ ਸੰਗੀਤ ਦੀਆਂ ਵਰਤਮਾਨ ਸਮੇਂ ਤਕ ਕੁਝ ਪ੍ਰਸਿੱਧ ਕੀਰਤਨ ਟਕਸਾਲਾਂ ਤੇ ਸੰਸਥਾਵਾਂ ਗੁਰ ਸ਼ਬਦ ਕੀਰਤਨ ਦੇ ਪ੍ਰਚਾਰ ਪ੍ਰਸਾਰ ਲਈ ਵਿਸ਼ੇਸ਼ ਯੋਗਦਾਨ ਪਾ ਰਹੀਆਂ ਹਨ ।


ਦਮਦਮਾ ਸਾਹਿਬ ਦੀ ਟਕਸਾਲ, ਬੁੱਢਾ ਜੋੜ ਟਕਸਾਲ, ਮਸਤੂਆਣਾ ਟਕਸਾਲ, ਸੇਵਾ ਪੰਥੀ ਟਕਸਾਲ, ਦਮਦਮੀ ਟਕਸਾਲ, ਦੋਧਪੁਰ ਦੀ ਟਕਸਾਲ, ਸਿੰਘਾਂ ਵਾਲਾਂ ਟਕਸਾਲ, ਹਰਗਨਾ ਦੀ ਟਕਸਾਲ, ਤਰਨਤਾਰਨ ਦੀ ਟਕਸਾਲ, ਡੁਮੇਲੀ ਦੀ ਟਕਸਾਲ, ਕਲੈਰਾਂ ਵਾਲਾ ਟਕਸਾਲ, ਸਿੱਖ ਮਿਸ਼ਨਰੀ ਕਾਲਜ, ਅੰਮ੍ਰਿਤਸਰ, ਸਿੱਖ ਮਿਸ਼ਨਰੀ ਕਾਲਜ, ਦਮਦਮਾ ਸਾਹਿਬ, ਗੁਰਮਤਿ ਵਿਦਿਆਲਾ ਰਕਾਬਗੰਜ, ਦਿੱਲੀ, ਸੈਂਟਰਲ ਯਤੀਮਖਾਨਾ ਅੰਮ੍ਰਿਤਸਰ, ਸੂਰਮਾ ਆਸ਼ਰਮ, ਅੰਮ੍ਰਿਤਸਰ, ਜਵੱਦੀ ਟਕਸਾਲ, ਲੁਧਿਆਣਾ, ਗੁਰਮਤਿ ਕਾਲਜ, ਨਵੀਂ ਦਿੱਲੀ, ਅੰਮ੍ਰਿਤ ਕੀਰਤਨ ਟਰਸਟ, ਚੰਡੀਗੜ੍ਹ, ਗੁਰਮਤਿ ਸੰਗੀਤ ਸੁਸਾਇਟੀ ਪਟਿਆਲਾ, ਗੁਰਮਤਿ ਸੰਗੀਤ ਸੁਸਾਇਟੀ, ਚੰਡੀਗੜ੍ਹ ਗੁਰਮਤਿ ਸੰਗੀਤ ਅਕਾਦਮੀ, ਅੰਮ੍ਰਿਤਸਰ, ਸ੍ਰੀ ਗੁਰੂ ਗਿਆਨ ਪ੍ਰਕਾਸ਼ ਫਾਊਂਡੇਸ਼ਨ, ਨਵੀਂ ਦਿੱਲੀ, ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਦਿਆ ਕੇਂਦਰ, ਗੁਰਮਤਿ ਮਿਸ਼ਨਰੀ ਸੰਸਥਾਵਾਂ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਆਦਿ ।
ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅੰਮ੍ਰਿਤਸਰ, ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਤੋਂ ਇਲਾਵਾ ਦੇਸ਼-ਵਿਦੇਸ਼ ਦੀਆਂ ਅਨੇਕ ਸਿੰਘ ਸਭਾਵਾਂ, ਸੰਸਥਾਵਾਂ ਗੁਰਮਤਿ ਵਿਦਿਆਲੇ ਗੁਰ ਸ਼ਬਦ ਕੀਰਤਨ ਦੇ ਪ੍ਰਚਾਰ ਪ੍ਰਸਾਰ ਦੀ ਸੇਵਾ ਵਿੱਚ ਜੁਟੀਆਂ ਹੋਈਆਂ ਹਨ ।


ਵਰਤਮਾਨ ਸਮੇਂ ਸਦੀਆਂ ਤੋਂ ਸਿੱਖ ਗੁਰੂ ਸਾਹਿਬਾਨਾਂ ਦੁਆਰਾ ਸਥਾਪਤ ਤੇ ਸਿੱਖ ਪੰਥ ਦੁਆਰਾ ਵਿਕਸਤ ਗੁਰੂ ਸ਼ਬਦ ਕੀਰਤਨ ਦੀ ਇਹ ਮਰਿਆਦਤ ਸੰਗੀਤ ਪਰੰਪਰਾ ਨੇ ਗੁਰਮਤਿ ਸੰਗੀਤ ਦੇ ਰੂਪ ਵਿੱਚ ਸੁਤੰਤਰ ਤੇ ਮੌਲਿਕ ਪਹਿਚਾਣ ਬਣਾਈ ਹੈ । ਗੁਰਮਤਿ ਸੰਗੀਤ ਪਰੰਪਰਾ ਦੇ ਸੰਗੀਤ ਵਿਗਿਆਨ ਨੂੰ ਅਸੀਂ ਸਿੱਖ ਸੰਗੀਤ ਵਿਗਿਆਨ Sikh Musicology ਵਜੋਂ ਜਾਣ ਸਕਦੇ ਹਾਂ । ਸ੍ਰੀ ਗੁਰੂ ਗ੍ਰੰਥ ਸਾਹਿਬ ਦੁਆਰਾ ਨਿਰਦੇਸ਼ਤ ਤੇ ਨਿਰਧਾਰਤ ਗੁਰਮਤਿ ਸੰਗੀਤ ਪਰੰਪਰਾ ਦੇ ਮੌਲਿਕ ਵਿਧਾਨ ਨੂੰ ਸਮਝਣ ਲਈ ਜ਼ਰੂਰੀ ਹੈ ਕਿ ਮਰਿਆਦਤ ਪਰੰਪਰਾ ਅਨੁਸਾਰ ਨਿਰਧਾਰਤ ਰਾਗਾਂ ਵਿੱਚ ਸ਼ਬਦ ਕੀਰਤਨ ਕੀਤਾ ਜਾਵੇ । ਇਸੇ ਮਨੋਰਥ ਦੀ ਪੂਰਤੀ ਲਈ ਸਿੱਖੀ ਦੀਆਂ ਮਹਾਨ ਪਰੰਪਰਾਵਾਂ ਵਿੱਚੋਂ ਪ੍ਰਮੁੱਖ ਤੇ ਕੇਂਦਰੀ ਗੁਰ ਸ਼ਬਦ ਦੀ ਇਸ ਪਰੰਪਰਾ ਨੂੰ ਸੀ ਗੁਰੂ ਗ੍ਰੰਥ ਸਾਹਿਬ ਦੇ ੩੧ ਮੁੱਖ ਰਾਗਾਂ ਅਤੇ ੩੧ ਰਾਗ ਪ੍ਰਕਾਰਾਂ ਦੇ ਪ੍ਰਯੋਗ ਦੇ ਅਧੀਨ ਸ਼ਬਦ ਕੀਤਨ ਰੂਪ ਵਿੱਚ ਸਮਝਣ ਤੇ ਜਾਨਣ ਲਈ ਇਹ ਸ਼ਬਦ ਕੀਰਤਨ ਰਚਨਾਵਾਂ ਕੀਤੀਆਂ ਗਈਆਂ ਹਨ ਜਿਨ੍ਹਾਂ ਦੀਆਂ ਸੁਰ ਲਿਪੀਆਂ ਇਸ ਪੁਸਤਕ ਵਿੱਚ ਅੰਕਿਤ ਕੀਤੀਆਂ ਜਾ ਰਹੀਆਂ ਹਨ । ਇਹ ਸ਼ਬਦ ਕੀਰਤਨ ਰਚਨਾਵਾਂ ਪੁਸਤਕ ਵਿੱਚ ਖਾਮੋਸ਼ ਸੁਰ ਲਿਪੀਆਂ ਹੀ ਨਹੀਂ ਸਗੋਂ ਗੁਰ ਕ੍ਰਿਪਾ ਦੁਆਰਾ ਭਾਰਤ ਦੀ ਪ੍ਰਮੁੱਖ ਰਿਕਾਰਡਿੰਗ ਕੰਪਨੀ ਐਚ. ਐਮ. ਵੀ. ਦੁਆਰਾ ਦਸੇ ਆਡਿਓ ਕੈਸਟਾਂ ਅਤੇ ੬ ਸੀਡੀਜ਼ ਦੇ ਅਧੀਨ ਕੀਰਤਨ ਰੂਪ ਵਿੱਚ ਇਨ੍ਹਾਂ ਨੂੰ ਰਿਕਾਰਡ ਵੀ ਕੀਤਾ ਹੈ ( ਵੇਖੋ ਅੰਤਿਕਾ-੧ ) ਇਸ ਸ਼ਬਦ ਕੀਰਤਨ ਵਿੱਚ ਵੱਖ-ਵੱਖ ਤੰਤੀ ਸਾਜ਼ਾਂ ਦਾ ਵਾਦਨ ਅਤੇ ਰਾਗ ਗਾਇਨ ਰੂਪ, ਰਹਾਉ, ਅੰਕ ਆਦਿ ਵਰਗੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੁਆਰਾ ਨਿਰਦੇ ਸ਼ਿਤ ਤੈ ਮਰਿਆਦਤ ਫ਼ਰਮਾਨਾਂ ਦਾ ਪਾਲਣ ਇਸ ਕਾਰਜ ਦੀ ਵਿਸ਼ੇਸ਼ਤਾ ਹੈ । ਇਸ ਪੁਸਤਕ ਵਿੱਚ ਅੰਕਿਤ ਸ਼ਬਦ ਸੁਰਲਿਪੀਆਂ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਪ੍ਰਕਾਸ਼ਿਤ ਸ਼ਬਦਾਰਥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਕਠਿਨ ਤੇ ਸਮਝਣ ਯੋਗ ਸ਼ਬਦਾਂ ਦੇ ਅਰਥ ਵੀ ਆਪ ਸਭ ਦੇ ਸਨਮੁਖ ਹਨ ।

ਸ੍ਰੀ ਗੁਰੂ ਗ੍ਰੰਥ ਸਾਹਿਬ 'ਰਾਗ ਰਤਨਾਕਰ '

ਲੇਖਕ: ਡਾ. ਗੁਰਨਾਮ ਸਿੰਘ ਪ੍ਰੋਫ਼ੈਸਰ ਤੇ ਮੁਖੀ ਗੁਰਮਤਿ ਸੰਗੀਤ ਚੇਅਰ, ਸੰਗੀਤ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ ।

ਪ੍ਰਕਾਸ਼ਕ: ਧਰਮ ਪ੍ਰਚਾਰ ਕਮੇਟੀ (ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ)
ਸ੍ਰੀ ਅੰਮ੍ਰਿਤਸਰ ।