ਨਿਹੰਗ ਸਿੰਘਾਂ ਦੇ ਦਸਤਾਰ ਦਸਤਾਰ ਫ਼ਾਰਸੀ ਦਾ ਲਫਜ਼ ਹੈ, ਜਿਸ ਦਾ ਭਾਵ ਹੈ ਹੱਥਾਂ ਨਾਲ ਸਵਾਰ ਕੇ ਬੰਨ੍ਹਿਆ ਹੋਇਆ ਬਸਤਰ। ਖਾਲਸੇ ਦੇ ਬੋਲੇ ਵਿੱਚ ਨਿਹੰਗ ਸਿੰਘ ਦਸਤਾਰ ਨੂੰ ਦਸਤਾਰਾ ਆਖਦੇ ਹਨ। ਦਸਤਾਰ ਸਿੱਖ ਸੱਭਿਆਚਾਰ ਦਾ ਕੇਂਦਰੀ ਬਹਾਦਰੀ ਚਿੰਨ੍ਹ ਹੈ। ਦਸਤਾਰ ਲਈ ਬਹੁਤ ਸਾਰੇ ਨਾਂ ਵੱਖ ਵੱਖ ਜ਼ਬਾਨਾਂ ਅਤੇ ਧਰਮਾਂ ਵੱਲੋਂ ਰੱਖੇ ਮਿਲਦੇ ਹਨ, ਜਿਵੇਂ ਇਮਾਮਾ, ਪੱਗ, ਸਾਫ਼ਾ, ਚਮਲਾ, ਚੀਰਾ, ਦੁਲਬੰਦ, ਉਸ਼ਵੀਕ, ਟਰਬਨ, ਤੁਰਬਾਂਤੇ ਆਦਿ। ਅਰਬ ਅਤੇ ਈਰਾਨ ਦੇਸ਼ਾਂ ਵਿੱਚ ਦਸਤਾਰ ਨੂੰ ਖ਼ਾਸ ਮੁਕਾਮ ਹਾਸਲ ਰਿਹਾ ਹੈ। ਦਸਤਾਰ ਸੰਸਾਰ ਦਾ ਪੁਰਾਤਨ ਇੱਜ਼ਤ ਆਬਰੂ ਦਾ ਪਹਿਰਾਵਾ ਹੁੰਦਾ ਹੋਵੇਗਾ, ਜੋ ਮਨੁੱਖ ਦੇ ਜਾਹੋ-ਜਲਾਲ ਦੇ ਚਿੰਨ੍ਹ ਵਜੋਂ ਪੀੜ੍ਹੀਆਂ-ਦਰ-ਪੀੜ੍ਹੀਆਂ ਸਾਡੇ ਤਕ ਪੁੱਜਿਆ ਹੈ। ਪੰਦਰ੍ਹਵੀਂ ਸਦੀ ਤੋਂ ਪਹਿਲਾਂ ਵੀ ਯੂਰਪ ਆਦਿ ਦੇਸ਼ਾਂ ਵਿੱਚ ਦਸਤਾਰ ਦਾ ਪ੍ਰਯੋਗ ਕੀਤਾ ਜਾਂਦਾ ਸੀ। ਕਈ ਸਦੀਆਂ ਤੋਂ ਮੁਸਲਮਾਨਾਂ ਦੇ ਪੈਗ਼ੰਬਰ ਅਤੇ ਹਿੰਦੂ ਧਰਮ ਦੇ ਵਡੇਰੇ ਸਿਰ ਤੇ ਦਸਤਾਰ ਬੰਨ੍ਹਦੇ ਸਨ। ਹੱਜ ਤੇ ਜਾਣ ਸਮੇਂ ਮੁਸਲਮਾਨਾਂ ਨੂੰ ਦਸਤਾਰ ਸਜਾਉਣ ਦੀ ਹਦਾਇਤ ਹੈ। ਦਸਤਾਰ ਸਿੱਖਾਂ ਦੇ ਦਰਸ਼ਨ-ਦੀਦਾਰ ਦਾ ਕੇਂਦਰ ਬਿੰਦੂ ਹੈ, ਜੋ ਹਜ਼ਾਰਾਂ ਵਿਚੋਂ ਵੀ ਸਵੈ-ਪਛਾਣ ਕਰਾਉਂਦਾ ਹੈ। ਗੁਰੂ ਨਾਨਕ ਦੇਵ ਜੀ ਅਤੇ ਦੂਜੇ ਗੁਰੂ ਸਾਹਿਬਾਨਾਂ ਦੇ ਸਮੇਂ ਤੋਂ ਹੀ ਦਸਤਾਰ ਦਾ ਅਹਿਮ ਰੁੱਤਬਾ ਰਿਹਾ ਹੈ।

ਗੁਰੁ ਸਾਹਿਬਾਨ

ਗੁਰੂ ਗ੍ਰੰਥ ਸਾਹਿਬ ਵਿੱਚ ਤਾਂ ਸਿੱਖਾਂ ਨੂੰ ਹਦਾਇਤ ਹੈ ਕਿ ਸਾਬਤ ਸੂਰਤਿ ਰਹਿ ਕੇ ਸਿਰ ਤੇ ਦਸਤਾਰ ਸਜਾਉਣੀ ਹੈ:

…ਸਾਬਤ ਸੂਰਤਿ ਦਸਤਾਰ ਸਿਰਾ॥ ( ਮਾਰੂ ਮ: ੫, ਪੰਨਾ ੧੦੮੪ )

ਗੁਰੂ ਅਰਜਨ ਦੇਵ ਜੀ ਤਾਂ ਦੁਬਾਰਾ ਆਪਣੇ ਮੁਖਾਰਬਿੰਦ ਤੋਂ ਉੱਚਾਰਦੇ ਹਨ ਕਿ ਦੂਹਰਾ ਦਸਤਾਰਾ ਦੁਮਾਲਾ ਤਾਂ ਆਪ ਦੀ ਫ਼ਤਹਿ ਦਾ ਡੰਕਾ ਵਜਾਉਣ ਦਾ ਸੰਕੇਤ ਦਿੰਦੇ ਹਨ:

ਹਉ ਗੋਸਾਈ ਦਾ ਪਹਿਲਵਾਨੜਾ॥ ਮੈ ਗੁਰ ਮਿਲਿ ਉੱਚ ਦੁਮਾਲੜਾ॥
(ਸਿਰੀਰਾਗੁ ਮ: 5, ਪੰਨਾ 74)

ਸਿੱਖ ਦੀ ਦਸਤਾਰ ਇੱਕ ਅਜਿਹੇ ਮੁਜੱਸਮੇ ਦੀ ਪ੍ਰਤੀਕ ਹੋ ਨਿੱਬੜਦੀ ਹੈ, ਜਿਸ ਵਿੱਚ ਧਰਮ, ਇੱਜ਼ਤ ਤੇ ਅਧਿਆਤਮਕ ਲਕਸ਼ ਸਾਫ ਨਜ਼ਰੀਂ ਪੈਂਦਾ ਹੈ। ਢਾਡੀ ਅਬਦੁੱਲਾ ਅਤੇ ਨੱਥ ਮੱਲ ਨੇ ਜੋ ਅਕਾਲ ਤਖ਼ਤ ਸਾਹਿਬ ਤੋਂ ਵਾਰ ਪੜ੍ਹੀ ਸੀ, ਉਸ ਵਿੱਚ ਗੁਰੂ ਹਰਿਗੋਬਿੰਦ ਸਾਹਿਬ ਦੀ ਦਸਤਾਰ ਦਾ ਬਾਖ਼ੂਬੀ ਜ਼ਿਕਰ ਆਉਂਦਾ ਹੈ:

ਦੋ ਤਲਵਾਰੀਂ ਬਧੀਆਂ ਇੱਕ ਮੀਰ ਦੀ ਇੱਕ ਪੀਰ ਦੀ।
ਇਕ ਅਜ਼ਮਤ ਦੀ ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰ ਦੀ।
… … … …ਪੱਗ ਤੇਰੀ ਕੀ ਜਹਾਂਗੀਰ ਦੀ?

ਗੁਰਬਿਲਾਸ ਪਾਤਸ਼ਾਹੀ ਛੇਵੀਂ ਦਾ ਕਰਤਾ ਲਿਖਦਾ ਹੈ ਕਿ ਜਦੋਂ ਗੁਰੂ ਹਰਿਗੋਬਿੰਦ ਸਾਹਿਬ ਨੇ ਸਿਰ ਤੇ ਦਸਤਾਰਾ ਸਜਾਇਆ ਤਾਂ ਇੰਜ ਪ੍ਰ੍ਰਤੀਤ ਹੋਇਆ, ਜਿਵੇਂ ਪਰਮਾਤਮਾ ਸਾਹਮਣੇ ਬੈਠਾ ਹੋਵੇ!

ਸ੍ਰੀ ਗੁਰ ਪਾਗ ਬਧੀ ਨਿਜ ਸੀਸ
ਦਿਖਿ ਸਭ ਹੀ ਤਬ ਭਏ ਜਗੀਸ॥੨੭॥
( ਅਧਿਆਇ ੮ )

ਗੁਰੂ ਗੋਬਿੰਦ ਸਿੰਘ ਸਮੇਂ ਤਾਂ ਦਸਤਾਰ ਲਾਜ਼ਮੀ ਕਰਾਰ ਦਿੱਤੀ ਗਈ। ਇਸ ਦੀ ਗਵਾਹੀ ਤਵਾਰੀਖ ਦੇ ਸਭ ਤੋਂ ਪੁਰਾਤਨ ਸ੍ਰੋਤ ਭਟ ਵਹੀਆਂ ਵਿੱਚ ਵੀ ਮਿਲਦੀ ਹੈ। ਦਸਤਾਰ ਦਾ ਜ਼ਿਕਰ ਸਾਰੇ ਰਹਿਤਨਾਮਿਆਂ, ਤਨਖਾਹਨਾਮਿਆਂ ਆਦਿ ਵਿੱਚ ਵੀ ਆਇਆ ਹੈ।

ਫ਼ਾਰਸੀ ਦੀ ਪੁਰਾਤਨ ਪੁਸਤਕ ਦਬਸਤਾਨਿ-ਮੁਜ਼ਾਹਿਬ ਦਾ ਲੇਖਕ ਮੋਬਿੱਦ ਜ਼ੁਲਫਕਾਰ ਅਰਦਸਤਾਨੀ ਸਾਸਨੀ ਨੇ ਵੀ ਜ਼ਿਕਰ ਕੀਤਾ ਹੈ ਕਿ ਜਦੋਂ ਵੀ ਵੈਸਾਖੀ ਵਾਲੇ ਦਿਨ ਗੁਰੂ ਦਰਬਾਰ ਵਿੱਚ ਮਸੰਦ ਇਕੱਠੇ ਹੁੰਦੇ ਸਨ ਤਾਂ ਗੁਰੂ ਸਾਹਿਬ ਉਹਨਾਂ ਨੂੰ ਰੁਖਸਤ ਹੋਣ ਸਮੇਂ ਦਸਤਾਰ ਦੇ ਰੂਪ ਵਿੱਚ ਸਿਰੋਪਾਉ ਬਖਸ਼ਸ਼ ਦੇਂਦੇ ਸਨ—

ਦਰ ਹੰਗਾਮੇ ਰੁਖੱਸਤ ਹਰ ਕਦਾਮੇਂ ਅਜ਼ ਮਸੰਦਾਂ
ਰਾ ਗੁਰੂ ਦਸਤਾਰ-ਇ-ਅਨਾਇਤ ਕੁਨੰਦ।

ਸਿੱਖ ਦੀ ਦਸਤਾਰ ਦੀ ਸਿਫ਼ਤ ਸਾਲਾਹ ਫ਼ਾਰਸੀ, ਅੰਗਰੇਜ਼ੀ, ਉਰਦੂ, ਹਿੰਦੀ ਆਦਿ ਭਾਸ਼ਾਵਾਂ ਦੇ ਲੇਖਕਾਂ ਨੇ ਖ਼ੂਬ ਸੁਚੱਜੇ ਢੰਗ ਨਾਲ ਕਲਮਬੰਦ ਕੀਤੀ ਹੈ। ਇਸੇ ਦਸਤਾਰ ਕਾਰਨ ਦੇਸ਼ਾਂ-ਬਦੇਸ਼ਾਂ ਵਿੱਚ ਸਿੱਖਾਂ ਨੂੰ ਆਪਣੀ ਪਹਿਚਾਣ ਬਾਰੇ ਦੱਸਣ ਦੀ ਜ਼ਰੂਰਤ ਨਹੀਂ ਪੈਂਦੀ। ਦਸਤਾਰ ਦੇ ਜਾਹੋ-ਜਲਾਲ ਨੂੰ ਬਰਕਰਾਰ ਰੱਖਣ ਵਾਸਤੇ ਸਿੱਖਾਂ ਨੂੰ ਸੰਸਾਰ ਦੇ ਕਈ ਮੁਲਕਾਂ ਵਿੱਚ ਸੰਘਰਸ਼ ਵੀ ਕਰਨੇ ਪਏ ਅਤੇ ਅਕਾਲ ਪੁਰਖ ਦੀ ਕਿਰਪਾ ਦੁਆਰਾ ਫਤਹਿਯਾਬੀਆਂ ਵੀ ਨਸੀਬ ਹੋਈਆਂ।

ਨਿਹੰਗ ਸਿੰਘਾਂ ਵੱਲੋਂ ਸਜਾਏ ਦਸਤਾਰੇ ਖਾਸ ਖਿੱਚ ਦਾ ਕਾਰਨ ਹੁੰਦੇ ਹਨ। ਇਹ ਦਸਤਾਰੇ ਕਈ ਵੇਰ ਦੋ ਫੁੱਟ ਤੋਂ ਵੀ ਵੱਧ ਉੱਚੇ ਹੁੰਦੇ ਹਨ। ਜਿਹਨਾਂ ਵਿੱਚ ਚੱਕਰ ਅਤੇ ਛੋਟੀਆਂ ਕ੍ਰਿਪਾਨਾਂ ਅਤੇ ਖੰਡੇ ਸਜਾਏ ਹੁੰਦੇ ਹਨ।

ਨਿਹੰਗ ਸਿੰਘਾਂ ਦੇ ਦੋ ਜਥੇ ਵੀ ਬੜੇ ਮਸ਼ਹੂਰ ਹਨ, ਇੱਕ ਬੁੱਢਾ ਦਲ ਤੇ ਦੂਜਾ ਤਰੁਨਾ ਦਲ। ਨਿਹੰਗ ਸਿੰਘਾਂ ਵਿਚੋਂ ਬੜੇ ਬੜੇ ਆਗੂ ਵੀ ਹੋਏ ਹਨ ਪਰ ਸਭ ਤੋਂ ਵੱਧ ਪ੍ਰਸਿੱਧੀ ਬਾਬਾ ਨੈਣਾ ਸਿੰਘ ਅਤੇ ਅਕਾਲੀ ਫੂਲਾ ਸਿੰਘ ਜੀ ਨੇ ਹਾਸਲ ਕੀਤੀ। ਅਠਾਰਵੀਂ ਸਦੀ ਵਿੱਚ ਨਿਹੰਗ ਸਿੰਘਾਂ ਨੇ ਆਪਣੀ ਖਾਸ ਤੇ ਅਨੋਖੀ ਬੋਲੀ ਮੂਰਤੀਮਾਨ ਕੀਤੀ, ਜਿਸ ਨੂੰ ਗੜਗੱਜ ਬੋਲੇ ਵੀ ਆਖਿਆ ਜਾਂਦਾ ਹੈ। ਇਨ੍ਹਾਂ ਬੋਲਿਆਂ ਵਿੱਚ ਖੁਫ਼ੀਆ ਸੰਕੇਤ ਅਤੇ ਚੜ੍ਹਦੀ ਕਲਾ ਦਾ ਅਹਿਸਾਸ ਹੁੰਦਾ ਸੀ। ਭਾਈ ਕਾਨ੍ਹ ਸਿੰਘ ਨਾਭਾ ਨੇ ਤਕਰੀਬਨ ਇੱਕ ਹਜ਼ਾਰ ਅਜਿਹੇ ਬੋਲੇ ਆਪਣੇ ਮਹਾਨ ਕੋਸ਼ ਵਿੱਚ ਦਿੱਤੇ ਹਨ।

ਦਸਤਾਰ ਖਾਲਸੇ ਦੀ ਸਿਰਦਾਰੀ ਹੈ, ਖ਼ੁਦਮੁਖਤਿਆਰੀ ਦਾ ਚਿੰਨ੍ਹ ਹੈ। ਇਸ ਰੁਹਾਨੀ ਸ਼ਕਤੀ ਦੇ ਤਾਜ ਨੂੰ ਆਪਣੇ ਸੀਸ ਤੇ ਸਾਂਭ ਕੇ ਰੱਖਣਾ, ਸਿੱਖ ਬੱਚਿਓ! ਸਾਂਭ ਕੇ ਰੱਖਣਾ।

ਇਤਿਹਾਸ

ਦਸਤਾਰ ਵਿੱਚ ਫਰਹਰਾ ਲਾਉਣ ਦੀ ਸ਼ੁਰੂਆਤ ਗੁਰੂ ਗੋਬਿੰਦ ਸਿੰਘ ਸਾਹਿਬ ਸਮੇਂ ਹੋਈ ਹੈ। ਬਿਲਾਸਪੁਰ ਦੇ ਰਾਜੇ ਅਜਮੇਰ ਚੰਦ ਨੇ ਆਨੰਦਪੁਰ ਸਾਹਿਬ ਤੇ ੧੬ ਜਨਵਰੀ ੧੭੦੪ ਨੂੰ ਹਮਲਾ ਕੀਤਾ। ਇਸ ਜੰਗ ਵਿੱਚ ਭਾਈ ਮਾਨ ਸਿੰਘ ਨਿਸ਼ਾਨਚੀ ਪੁੱਤਰ ਭਾਈ ਜੀਤਾ ਸਿੰਘ ਨਿਸ਼ਾਨ ਸਾਹਿਬ ਫੜ ਕੇ ਅੱਗੇ ਲੜ ਰਿਹਾ ਸੀ। ਭਾਈ ਸਾਹਿਬ ਨੂੰ ਜਦੋਂ ਇੱਕ ਗੋਲੀ ਪਹਾੜੀ ਫੌਜਾਂ ਦੀ ਆ ਕੇ ਲੱਗੀ ਤਾਂ ਉਹ ਜ਼ਖਮੀ ਹੋ ਕੇ ਹੇਠਾਂ ਡਿੱਗ ਪਏ। ਇਸ ਨਾਲ ਨਿਸ਼ਾਨ ਸਾਹਿਬ ਵੀ ਹੇਠਾਂ ਡਿੱਗ ਪਿਆ। ਇਹ ਇਤਲਾਹ ਜਦੋਂ ਗੁਰੂ ਸਾਹਿਬ ਨੂੰ ਪੁੱਜੀ ਤਾਂ ਉਹਨਾਂ ਆਪਣੀ ਛੋਟੀ ਦਸਤਾਰ ਵਿਚੋਂ ਇੱਕ ਲੀਰ ਪਾੜ ਕੇ ਦਸਤਾਰ ਦੇ ਉੱਪਰ ਸਜਾ ਲਈ ਅਤੇ ਹੁਕਮ ਕੀਤਾ ਕਿ ਹਰ ਸਿੰਘ ਅੱਗੇ ਤੋਂ ਮੈਦਾਨੇ-ਜੰਗ ਵਿੱਚ ਆਪਣੀ ਦਸਤਾਰ ਉੱਤੇ ਨਿਸ਼ਾਨ ਸਾਹਿਬ (ਫਰਹਰਾ) ਸਜਾਇਆ ਕਰਨਗੇ। ਗੁਰੂ ਸਾਹਿਬ ਨੂੰ ਵੇਖਦੇ ਹੀ ਭਾਈ ਉਦੈ ਸਿੰਘ, ਭਾਈ ਹਿੰਮਤ ਸਿੰਘ, ਭਾਈ ਸਾਹਿਬ ਸਿੰਘ, ਭਾਈ ਮੁਹਕਮ ਸਿੰਘ, ਭਾਈ ਆਲਮ ਸਿੰਘ ਅਤੇ ਸਾਹਿਬਜ਼ਾਦਾ ਫਤਹਿ ਸਿੰਘ ਨੇ ਵੀ ਆਪਣੀਆਂ ਕੇਸਕੀਆਂ ਵਿਚੋਂ ਲੀਰਾਂ ਪਾੜ ਕੇ ਦਸਤਾਰਾਂ ਦੇ ਉੱਪਰ ਸਜਾ ਲਈਆਂ। ਇਹ ਦ੍ਰਿਸ਼ ਵੇਖ ਕੇ ਗੁਰੂ ਸਾਹਿਬ ਨੇ ਐਲਾਨਨਾਮਾ ਕੀਤਾ ਕਿ ਇਹ ਨਿਸ਼ਾਨ ਸਾਹਿਬ ਵਾਲੇ ਨੀਲੇ ਬਾਣੇ ਦਾ ਜਥਾ ਪੰਥ ਵਿੱਚ ਬੜਾ ਪ੍ਰਸਿੱਧ ਹੋਵੇਗਾ। ਇਸ ਤਰ੍ਹਾਂ ਨਿਹੰਗਾਂ ਦਾ ਜਨਮ ਮੰਨਿਆ ਜਾਂਦਾ ਹੈ।

ਨਿਹੰਗ ਸਿੰਘ

ਗੁਰੂ ਹਰਿਗੋਬਿੰਦ ਸਾਹਿਬ ਵੱਲੋਂ ਕੀਤੀ ਪੇਸ਼ੀਨਗੋਈ ਦੱਸੀ ਹੈ ਕਿ ਸਮਾਂ ਪਾ ਕੇ ਨਿਸ਼ਾਨਾਂ ਵਾਲਾ (ਫਰਹਰੇ ਵਾਲਾ) ਪੰਥ ਚਲੇਗਾ। ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸਾਹਿਬਜ਼ਾਦੇ ਦੁਮਾਲਾ ਸਜਾ ਕੇ ਇੱਕ ਵਾਰ ਗੁਰੂ ਸਾਹਿਬ ਦੇ ਸਾਹਮਣੇ ਆਏ ਤਾਂ ਗੁਰੂ ਸਾਹਿਬ ਨੇ ਫ਼ਰਮਾਇਆ ਕਿ ਇਸ ਬਾਣੇ ਦਾ ਇੱਕ ਨਿਹੰਗ ਪੰਥ ਹੋਵੇਗਾ, ਜੋ ਬੜੀ ਪ੍ਰਸਿੱਧੀ ਪਾਵੇਗਾ। ਗੁਰੂ ਗੋਬਿੰਦ ਸਿੰਘ ਸਾਹਿਬ ਜਦੋਂ ਚਮਕੌਰ ਦੀ ਗੜ੍ਹੀ ਤੋਂ ਨਿਕਲ ਕੇ ਆਏ ਤਾਂ ਉਹਨਾਂ ਪੀਰ ਵਾਲਾ ਕੌਤਕ ਕਰਨ ਤੋਂ ਬਾਅਦ ਪੀਰ ਵਾਲਾ ਨੀਲਾ ਬਾਣਾ ਅੱਗ ਦੀ ਭੇਟਾ ਕੀਤਾ ਅਤੇ ਇੱਕ ਨੀਲੀ ਲੀਰ ਕਟਾਰ ਦੇ ਨਾਲ ਬੰਨ੍ਹੀਂ। ਇੰਜ ਨੀਲਾਂਬਰੀ ਸੰਪਰਦਾ ਹੋਂਦ ਵਿੱਚ ਆਈ। ਚੌਥਾ ਨੁਕਤਾ ਭਾਈ ਮਾਨ ਸਿੰਘ ਤੋਂ ਸ਼ੁਰੂ ਹੋਇਆ ਦੱਸਦਾ ਹੈ।