4 ਅਪ੍ਰੈਲ,1924

ਕਾਮਾ ਗਾਟਾ ਮਾਰੂ ਜਹਾਜ਼ ਹਾਂਗਕਾਂਗ ਤੋਂ ਵੈਨਕੂਵਰ ਲਈ 4 ਅਪ੍ਰੈਲ,1914 ਨੂੰ ਰਵਾਨਾ ਹੋਇਆ ਸੀ ਜੋ ਸਮੁੰਦਰੀ ਸਫਰ ਤੈਅ ਕਰਕੇ 22 ਮਈ,1914 ਨੂੰ ਵੈਨਕੂਵਰ (ਕੈਨੇਡਾ) ਪਹੁੰਚਿਆ ਪਰ ਇਸ ਜਹਾਜ਼ ਨੂੰ ਬੰਦਰਗਾਹ ਤੋਂ ਪਿੱਛੇ ਹੀ ਰੋਕ ਲਿਆ ਗਿਆ।

ਕਾਮਾ ਗਾਟਾ ਮਾਰੂ ਜਹਾਜ਼ ਘਟਨਾ ਇਤਿਹਾਸ

ਇਹ ਖੂਨੀ ਸਾਕਾ ਕਲਕੱਤਾ (ਪਛਮੀ ਬੰਗਾਲ) ਚ ਹੁਗਲੀ ਨਦੀ ਦੇ ਕਿਨਾਰੇ ਬਜਬਜ ਘਾਟ ਨਾਂਅ ਦੀ ਬੰਦਰਗਾਹ ‘ਤੇ 29 ਸਤੰਬਰ,1914 ਨੂੰ ਵਾਪਰਿਆ। ਇਸ ਖੂਨੀ ਸਾਕੇ ਸਮੇਂ ਜਿਸ ਜੁਝਾਰੂ ਸਿੱਖ ਆਗੂ ਦੀ ਅਗਵਾਈ ਵਿਚ ਸ਼ਹੀਦ ਹੋਣ ਵਾਲੇ ਸ਼ਹੀਦਾਂ ਨੇ ਦੇਸ਼ ਦੀ ਆਜ਼ਾਦੀ ਲਈ ਨਵੀਂ ਚੇਤਨਾ ਪੈਦਾ ਕਰਨ ਲਈ ਕੁਰਬਾਨੀਆਂ ਦਿੱਤੀਆਂ,ਉਸ ਮਹਾਨ ਸਿੱਖ ਆਗੂ ਨੂੰ ਬਾਬਾ ਗੁਰਦਿੱਤ ਸਿੰਘ ਕਾਮਾਗਾਟਾਮਾਰੂ ਦੇ ਨਾਂਅ ਨਾਲ ਯਾਦ ਕੀਤਾ ਜ਼ਾਦਾ ਹੈ।

ਬਾਬਾ ਗੁਰਦਿੱਤ ਸਿੰਘ ਦਾ ਜਨਮ ਪਿੰਡ ਸਰਹਾਲੀ, ਜ਼ਿਲ੍ਹਾ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ  ਸੰਨ 1861 ਚ ਸ: ਹੁਕਮ ਸਿੰਘ ਜੀ ਦੇ ਗ੍ਰਹਿ ਵਿਖੇ ਹੋਇਆ।
ਮੁਢਲੀ ਸਿੱਖਿਆ ਤੋਂ ਪਿੱਛੋਂ ਪਿਤਾ-ਪੁਰਖੀ ਕਿੱਤਾ ਖੇਤੀਬਾੜੀ ਅਰੰਭ ਕੀਤਾ ਪਰ ਖੇਤੀਬਾੜੀ ਦਾ ਕਿੱਤਾ ਘਰ ਦੀ ਆਰਥਿਕ ਮੰਦਹਾਲੀ ਨੂੰ ਦੂਰ ਕਰਨ ਵਿਚ ਬਹੁਤਾ ਯੋਗਦਾਨ ਨਾ ਪਾ ਸਕਿਆ।ਬਾਬਾ ਗੁਰਦਿੱਤ ਸਿੰਘ ਦੇ ਮਨ ਵਿਚ ਵਪਾਰ ਕਰਨ ਦੀ ਲਗਨ ਸੀ। ਇਸੇ ਲਗਨ ਨੂੰ ਲੈ ਕੇ ਬਾਬਾ ਜੀ ਪਹਿਲਾਂ ਮਲਾਇਆ ਪਹੁੰਚੇ ਤੇ ਫਿਰ ਇਸ ਤੋਂ ਪਿੱਛੋਂ ਹਾਂਗਕਾਂਗ ਚਲੇ ਗਏ।
ਬਾਬਾ ਜੀ ਨੇ ਵਪਾਰ ਕਰਨ ਦੇ ਆਸ਼ੇ ਨੂੰ ਮੁੱਖ ਰੱਖ ਕੇ ਕੁਝ ਸਮੇਂ ਲਈ ਠੇਕੇਦਾਰੀ ਦਾ ਕਿੱਤਾ ਕੀਤਾ। ਥੋੜ੍ਹਾ ਸਮਾਂ ਠੇਕੇਦਾਰੀ ਕਰਨ ਤੋਂ ਪਿੱਛੋਂ ਉਨ੍ਹਾਂ ਇਕ ਜਪਾਨੀ ਸਮੁੰਦਰੀ ਜਹਾਜ਼ ਕਾਮਾਗਾਟਾਮਾਰੂ ਕਿਰਾਏ ‘ਤੇ ਲੈ ਲਿਆ।
*ਉਨ੍ਹਾਂ ਸਾਂਝੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ 376 ਮੁਸਾਫਰਾਂ ਸਮੇਤ ਇਸ ਜਹਾਜ਼ ਨੂੰ ਕੈਨੇਡਾ ਲਿਜਾਣ ਦਾ ਪ੍ਰੋਗਰਾਮ ਬਣਾਇਆ।ਇਨ੍ਹਾਂ ਪੰਜਾਬੀ ਮੁਸਾਫਰਾਂ ਵਿਚ ਕੇਵਲ 30 ਗ਼ੈਰ-ਸਿੱਖ ਯਾਤਰੂ ਸਨ, ਬਾਕੀ ਸਾਰੇ ਸਿੱਖ ਸਨ।
ਉਨ੍ਹਾਂ ਇਸ ਜਹਾਜ਼ ਦਾ ਨਾਂਅ ਕਾਮਾਗਾਟਾਮਾਰੂ ਦੀ ਥਾਂ ‘ਤੇ ‘ਗੁਰੂ ਨਾਨਕ ਜਹਾਜ਼’ ਰੱਖਿਆ।

*ਇਹ ਜਹਾਜ਼ ਹਾਂਗਕਾਂਗ ਤੋਂ ਵੈਨਕੂਵਰ ਲਈ 4 ਅਪ੍ਰੈਲ,
1914 ਨੂੰ ਰਵਾਨਾ ਹੋਇਆ। ਸਮੁੰਦਰੀ ਸਫਰ ਤੈਅ ਕਰਕੇ 22 ਮਈ,1914 ਨੂੰ ਇਹ ਕਾਮਾਗਾਟਾਮਾਰੂ ਜਹਾਜ਼ 29 ਮਾਰਚ,1914 ਨੂੰ ਸਿੱਧਾ ਕੈਨੇਡਾ ਪਹੁੰਚਣਾ ਸੀ ਪਰ ਰਸਤੇ ਵਿਚ ਦੇਰ ਹੋਣ ਕਾਰਨ ਇਹ ਜਹਾਜ਼ 22 ਮਈ 1914 ਨੂੰ ਵੈਨਕੂਵਰ ਪਹੁੰਚਿਆ। ਉਨ੍ਹਾਂ ਦਿਨਾਂ ਵਿਚ ਕੈਨੇਡਾ ਦੀ ਸਰਕਾਰ ‘ਤੇ ਵੀ ਬਰਤਾਨਵੀ ਸਾਮਰਾਜ ਦਾ ਗਲਬਾ ਸੀ, ਜਿਸ ਕਰਕੇ ਕੈਨੇਡੀਅਨ ਸਰਕਾਰ ਨੇ ਭਾਰਤੀਆਂ ਦਾ ਕੈਨੇਡਾ ‘ਚ ਦਾਖ਼ਲਾ ਰੋਕਣ ਲਈ ਕਈ ਤਰ੍ਹਾਂ ਦੇ ਕਾਨੂੰਨ ਬਣਾਏ ਹੋਏ ਸਨ। ਕੇਵਲ ਉਨ੍ਹਾਂ ਨੂੰ ਹੀ ਉਤਰਨ ਦੀ ਆਗਿਆ ਦਿੱਤੀ ਗਈ, ਜਿਹੜੇ ਕੈਨੇਡਾ ਦੀ ਨਾਗਰਿਕਤਾ ਸਿੱਧ ਕਰ ਸਕੇ।ਬਾਕੀ ਸਾਰੇ ਮੁਸਾਫਿਰ ਲਗਭਗ ਦੋ ਮਹੀਨੇ 23 ਜੁਲਾਈ ਤੱਕ ਸਮੁੰਦਰ ਵਿਚ ਸਖਤ ਪਹਿਰੇ ਹੇਠ ਰੋਕੀ ਰੱਖੇ।
ਅਨੇਕਾਂ ਕਠਿਨਾਈਆਂ ਤੇ ਮੁਸ਼ਕਿਲਾਂ ਦਾ ਸਾਹਮਣਾ ਕਰਦੇ ਇਹ ਮੁਸਾਫਿਰ 29 ਸਤੰਬਰ,1914 ਨੂੰ ਹੁਗਲੀ ਬੰਦਰਗਾਹ ‘ਤੇ ਪਹੁੰਚੇ।ਇਸ ਘਾਟ ਦਾ ਨਾਂਅ ‘ਬਜਬਜ ਘਾਟ’ ਵਜੋਂ ਜਾਣਿਆ ਜਾਂਦਾ ਹੈ। ਭਾਰਤ ਵਿਚ ਰਾਜ ਕਰ ਰਹੀ ਅੰਗਰੇਜ਼ ਸਰਕਾਰ ਨੂੰ ਇਹ ਸਾਰੇ ਮੁਸਾਫਿਰ ਵਿਦਰੋਹੀ ਨਜ਼ਰ ਆਉਂਦੇ ਸਨ। ਇਨ੍ਹਾਂ ਮੁਸਾਫਿਰਾਂ ਨੂੰ ਜਹਾਜ਼ ਵਿਚੋਂ ਉਤਾਰਨ ਤੋਂ ਪਹਿਲਾਂ ਸਾਰੇ ਜਹਾਜ਼ ਦੀ ਤਲਾਸ਼ੀ ਲਈ ਗਈ।
ਸਰਕਾਰ ਨੇ ਫੈਸਲਾ ਕੀਤਾ ਕਿ ਇਨ੍ਹਾਂ ਭੁੱਖ ਅਤੇ ਬਿਮਾਰੀਆਂ ਤੋਂ ਤੰਗ ਆਏ ਸਾਰੇ ਬਾਗੀ ਮੁਸਾਫਿਰਾਂ ਨੂੰ ਇਕ ਬੰਦ ਰੇਲ ਗੱਡੀ ਰਾਹੀਂ ਪੰਜਾਬ ਭੇਜਿਆ ਜਾਵੇ।
17 ਮੁਸਲਮਾਨ ਮੁਸਾਫਿਰ ਸਰਕਾਰ ਦਾ ਹੁਕਮ ਮੰਨ ਕੇ ਗੱਡੀ ਵਿਚ ਸਵਾਰ ਹੋ ਗਏ, ਬਾਕੀ ਸਭ ਨੇ ਪਲੇਟਫਾਰਮ ‘ਤੇ ਬੈਠ ਕੇ ਰਹਿਰਾਸ ਸਾਹਿਬ ਦਾ ਪਾਠ ਅਰੰਭ ਕੀਤਾ। ਏਨੇ ਨੂੰ ਫੌਜ ਅਤੇ ਪੁਲਿਸ ਦੀਆਂ ਟੁਕੜੀਆਂ ਨੇ ਇਨ੍ਹਾਂ ਜੁਝਾਰੂ ਪੰਜਾਬੀਆਂ ਉੱਤੇ ਗੋਲੀਆਂ ਦੀ ਬੁਛਾੜ ਸ਼ੁਰੂ ਕਰ ਦਿੱਤੀ।
ਸਰਕਾਰੀ ਰਿਕਾਰਡ ਮੁਤਾਬਿਕ 18 ਮੁਸਾਫਿਰ ਸ਼ਹਾਦਤ ਦਾ ਜਾਮ ਪੀ ਗਏ, 25 ਗੰਭੀਰ ਰੂਪ ਵਿਚ ਜ਼ਖਮੀ ਹੋ ਗਏ। ਇਸ ‘ਬਜਬਜ ਘਾਟ’ ਦੇ ਖੂਨੀ ਸਾਕੇ ਨੇ ਦੇਸ਼ ਭਗਤਾਂ ਅੰਦਰ ਆਜ਼ਾਦੀ ਦੀ ਚਿਣਗ ਨੂੰ ਹੋਰ ਤਿੱਖਾ ਕੀਤਾ।
*ਇਸ ਖੂਨੀ ਸਾਕੇ ਸਮੇਂ ਬਾਬਾ ਗੁਰਦਿੱਤ ਸਿੰਘ ਆਪਣੇ ਹੋਰ 28 ਸਾਥੀਆਂ ਸਮੇਤ ਉਸ ਜਗ੍ਹਾ ਤੋਂ ਬਚ ਕੇ ਨਿਕਲ ਜਾਣ ਵਿਚ ਕਾਮਯਾਬ ਹੋ ਗਏ। ਇਹ ਜੁਝਾਰੂ ਬਾਬਾ ਛੇ ਸਾਲ ਤੱਕ ਗੁਪਤਵਾਸ ਵਿਚ ਰਿਹਾ। ਇਸ ਤੋਂ ਪਿੱਛੋਂ ਉਹ ਲੋਕਾਂ ਦੇ ਸਾਹਮਣੇ ਆਏ।
1926 ਚ ਜਦੋਂ ਸ: ਸਰਮੁਖ ਸਿੰਘ ਝਬਾਲ ਜੇਲ੍ਹ ਚਲੇ ਗਏ ਤਾਂ ਬਾਬਾ ਜੀ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਕਾਰਜਕਾਰੀ ਪ੍ਰਧਾਨ ਬਣਾਇਆ ਗਿਆ।
ਇਸ ਤੋਂ ਪਿੱਛੋਂ 1931 ਤੋਂ 1933 ਤੱਕ ਬਾਬਾ ਜੀ ਨੂੰ ਰਾਜਨੀਤਕ ਗਤੀਵਿਧੀਆਂ ਕਾਰਨ ਤਿੰਨ ਵਾਰ ਜੇਲ੍ਹ ਜਾਣਾ ਪਿਆ।
ਇਹ ਮਹਾਨ ਜੁਝਾਰੂ ਸਿੱਖ ਬਾਬਾ ਗੁਰਦਿੱਤ ਸਿੰਘ ਕਾਮਾਗਾਟਾਮਾਰੂ 94 ਵਰ੍ਹਿਆਂ ਦੀ ਲੰਮੀ ਉਮਰ ਭੋਗ ਕੇ ਅੰਮ੍ਰਿਤਸਰ ਵਿਖੇ 24 ਜੁਲਾਈ, 1954 ਨੂੰ ਅਕਾਲ ਚਲਾਣਾ ਕਰ ਗਿਆ।
‘ਬਜਬਜ ਘਾਟ’ ਦੇ ਖੂਨੀ ਸਾਕੇ ਦੀ ਬਣੀ ਹੋਈ ਸ਼ਹੀਦੀ ਯਾਦਗਾਰ ਅੱਜ ਵੀ ਬਾਬਾ ਜੀ ਦੀ ਅਗਵਾਈ ਵਿਚ ਵਾਪਰੇ ਇਸ ਸਾਕੇ ਦੀ ਯਾਦ ਨੂੰ ਤਾਜ਼ਾ ਕਰ ਰਹੀ ਹੈ।
ਸ਼ਹੀਦ ਹੋਣ ਵਾਲੇ ਸਾਰੇ ਦੇ ਸਾਰੇ ਯਾਤਰੂ ਪੰਜਾਬੀ ਸਿੱਖ ਸਨ। ਇਸ ਘਟਨਾ ਨੇ ਜਿੱਥੇ ਭਾਰਤੀਆਂ ਦੇ ਅੰਦਰ ਅੰਗਰੇਜ਼ ਹਕੂਮਤ ਵਿਰੁੱਧ ਬਗਾਵਤ ਦੀ ਚਿੰਗਾਰੀ ਭੜਕਾ ਦਿੱਤੀ, ਉਥੇ ਕੈਨੇਡਾ ਦੀ ਉਸ ਵੇਲੇ ਦੀ ਸਰਕਾਰ ਵਿਰੁੱਧ ਵੀ ਗੁੱਸੇ ਦੀ ਭਾਵਨਾ ਸੀ। ਭਾਰਤ ਭਾਵੇਂ ਆਜ਼ਾਦ ਹੋ ਗਿਆ ਅਤੇ ਅੰਗਰੇਜ਼ ਭਾਰਤ ਛੱਡ ਕੇ ਚਲੇ ਗਏ, ਪਰ ਕੈਨੇਡਾ ਦੀ ਤਤਕਾਲੀ ਸਰਕਾਰ ਦੇ ਨਸਲਪ੍ਰਸਤ ਤੇ ਪੱਖਪਾਤੀ ਕਾਨੂੰਨ ਖਿਲਾਫ਼ ਭਾਰਤੀ ਜਨ-ਮਾਨਸ ਦਾ ਰੋਸ ਤੇ ਗਿਲ੍ਹਾ ਇਤਿਹਾਸਕ ਤੱਥ ਬਣ ਗਿਆ।

ਮੌਜੂਦਾ ਕੈਨੇਡਾ ਦੀ ਪਾਰਲੀਮੈਂਟ ਵਿਚ ਸਰਕਾਰ ਵੱਲੋਂ ਕਾਮਾਗਾਟਾਮਾਰੂ ਦੇ ਦੁਖਾਂਤ ਸਬੰਧੀ ਮੁਆਫ਼ੀ ਮੰਗਣੀ ਨਾ ਸਿਰਫ਼ ਕੈਨੇਡਾ ਵਿਚ ਵਸਦੇ ਭਾਰਤੀਆਂ, ਖ਼ਾਸ ਕਰਕੇ ਪੰਜਾਬੀਆਂ ਦਾ ਦਿਲ ਜਿੱਤਣ ਦਾ ਸ਼ਲਾਘਾਯੋਗ ਉਪਰਾਲਾ ਕੀਤਾ ਗਿਆ ਹੈ, ਸਗੋਂ ਦੁਨੀਆ ਵਿਚ ਸਹਿਣਸ਼ੀਲਤਾ, ਨਸਲੀ ਵਿਤਕਰਿਆਂ ਤੋਂ ਖਹਿੜਾ ਛੁਡਾਉਣ ਅਤੇ ਆਲਮੀ ਮਨੁੱਖੀ ਸਦਭਾਵਨਾ ਤੇ ਸਹਿਹੋਂਦ ਦਾ ਸੁਨੇਹਾ ਦੇਣ ਵਾਲਾ ਫ਼ੈਸਲਾ ਹੈ।

ਹਾਲਾਂਕਿ ਇਸ ਤੋਂ ਪਹਿਲਾਂ ਸਾਲ 2015 ਵਿਚ ਕਾਮਾਗਾਟਾਮਾਰੂ ਕਾਂਡ ਸਬੰਧੀ ਪਹਿਲੀ ਵਾਰ ਕੈਨੇਡਾ ਦੇ ਤਤਕਾਲੀ ਪ੍ਰਧਾਨ ਮੰਤਰੀ ਸਟੀਫ਼ਨ ਹਾਰਪਰ ਨੇ ਬੀ.ਸੀ. ਵਿਚ ਇਕ ਜਨਤਕ ਸਮਾਰੋਹ ਦੌਰਾਨ ਦੁੱਖ ਜ਼ਾਹਰ ਕੀਤਾ ਸੀ।

ਉਸ ਵੇਲੇ ਤੋਂ ਹੀ ਕੈਨੇਡਾ ਵਿਚ ਵਸਦੇ ਪੰਜਾਬੀਆਂ ਤੇ ਸਿੱਖਾਂ ਦੀਆਂ ਜਥੇਬੰਦੀਆਂ ਵੱਲੋਂ ਜਨਤਕ ਮੁਹਿੰਮ ਦੇ ਰੂਪ ਵਿਚ ਇਹ ਆਵਾਜ਼ ਉਠਾਉਣੀ ਸ਼ੁਰੂ ਕਰ ਦਿੱਤੀ ਗਈ ਸੀ ਕਿ ਕੈਨੇਡਾ ਇਕ ਸਦੀ ਪਹਿਲਾਂ ਦੀ ਆਪਣੀ ਗਲਤੀ ‘ਤੇ ਪਾਰਲੀਮੈਂਟ ਵਿਚ ਸਪੱਸ਼ਟ ਤੌਰ ‘ਤੇ ਮੁਆਫ਼ੀ ਮੰਗੇ। ਭਾਵੇਂ ਕਿ ਅੱਜ ਤੋਂ ਇਕ ਸਦੀ ਪਹਿਲਾਂ ਕੈਨੇਡੀਅਨ ਪ੍ਰਸ਼ਾਸਨਿਕ, ਰਾਜਕੀ, ਸਮਾਜਿਕ ਅਤੇ ਆਰਥਿਕ ਹਾਲਾਤ ਬਿਲਕੁਲ ਭਿੰਨ ਸਨ ਅਤੇ ਉਸ ਵੇਲੇ ਕੈਨੇਡਾ ਦੀ ਸਰਕਾਰ ‘ਤੇ ਅੰਗਰੇਜ਼ ਹਕੂਮਤ ਦਾ ਪ੍ਰਭਾਵ ਸੀ।

ਬ੍ਰਿਟਿਸ਼ ਕੋਲੰਬੀਆ ਦੀ ਉਸ ਸਮੇਂ ਦੀ ਸਰਕਾਰ ਨੇ ਇਕ ਕਾਨੂੰਨ ਬਣਾ ਕੇ ਭਾਰਤੀਆਂ ਦੇ ਵੋਟ ਦਾ ਅਧਿਕਾਰ ਅਤੇ ਅਹਿਮ ਅਹੁਦਿਆਂ ‘ਤੇ ਨਿਯੁਕਤੀਆਂ ਦਾ ਅਧਿਕਾਰ ਵੀ ਖ਼ਤਮ ਕਰ ਦਿੱਤਾ ਸੀ। ਉਸ ਸਥਿਤੀ ਵਿਚ ਵਾਪਰੇ ਕਾਮਾਗਾਟਾਮਾਰੂ ਦੇ ਦੁਖਾਂਤ ਲਈ ਅਜੋਕੇ ਕੈਨੇਡੀਅਨ ਪ੍ਰਸ਼ਾਸਨ, ਰਾਜਨੀਤੀ ਜਾਂ ਸਮਾਜ ਨੂੰ ਸਿੱਧਾ ਦੋਸ਼ੀ ਤਾਂ ਨਹੀਂ ਠਹਿਰਾਇਆ ਜਾ ਸਕਦਾ, ਪਰ ਇਤਿਹਾਸ ਵਿਚ ਕੈਨੇਡਾ ਵੱਲੋਂ ਵੈਨਕੂਵਰ ਬੰਦਰਗਾਹ ਤੋਂ ਵਾਪਸ ਭਾਰਤ ਮੋੜੇ ਗਏ ਕਾਮਾਗਾਟਾਮਾਰੂ ਜਹਾਜ਼ ਦੇ ਦੁਖਾਂਤ ਲਈ ਅੱਜ ਦੇ ਕੈਨੇਡੀਅਨ ਪ੍ਰਸ਼ਾਸਨ ਵੱਲੋਂ ਇਖਲਾਕੀ ਤੌਰ ‘ਤੇ ਮੁਆਫ਼ੀ ਮੰਗਣੀ ਬਹੁਤ ਵੱਡਾ ਦਲੇਰਾਨਾ, ਸਹਿਣਸ਼ੀਲਤਾ ਅਤੇ ਮਨੁੱਖੀ ਕਦਰਾਂ-ਕੀਮਤਾਂ ਪ੍ਰਤੀ ਸਤਿਕਾਰਤ ਫ਼ੈਸਲਾ ਹੈ।

ਅੱਜ ਕੈਨੇਡਾ ‘ਮਲਟੀ-ਕਲਚਰਿਜ਼ਮ’ ਵਾਲਾ ਸਭ ਤੋਂ ਵੱਡਾ ਸਮਾਜ ਹੈ। ਇਸ ਦਾ ਸਭ ਤੋਂ ਵੱਡਾ ਲਾਭ ਪੰਜਾਬੀ ਅਤੇ ਸਿੱਖ ਕੌਮ ਨੂੰ ਮਿਲਿਆ।
ਕੈਨੇਡਾ ਦੀ ਰਾਜਨੀਤੀ, ਆਰਥਿਕਤਾ, ਸਮਾਜ ਜਾਂ ਕੋਈ ਵੀ ਖੇਤਰ ਹੋਵੇ, ਪੰਜਾਬੀਆਂ ਨੂੰ ਅਣਡਿੱਠ ਨਹੀਂ ਕੀਤਾ ਜਾਂਦਾ।

21ਵੀਂ ਸਦੀ ਵਿਚ ਕੈਨੇਡਾ ਵਿਚ ਪੰਜਾਬੀ ਅਤੇ ਖ਼ਾਸ ਕਰਕੇ ਸਿੱਖ ਸਮਾਜ ਇਕ ਪ੍ਰਭਾਵਸ਼ਾਲੀ ਹਿੱਸੇ ਵਜੋਂ ਵਿਕਸਿਤ ਹੋ ਰਿਹਾ ਹੈ। ਕੈਨੇਡਾ ਦੀ ਉੱਨਤੀ ਅਤੇ ਤਾਕਤ ਵਿਚ ਸਿੱਖਾਂ ਦੀ ਮਹੱਤਤਾ ਦਾ ਅੰਦਾਜ਼ਾ ਇਸ ਗੱਲ ਤੋਂ ਸਹਿਜੇ ਲਗਾਇਆ ਜਾ ਸਕਦਾ ਹੈ ਕਿ ਕੈਨੇਡਾ ਦਾ ਸਭ ਤੋਂ ਅਹਿਮ ‘ਰੱਖਿਆ ਮੰਤਰੀ’ ਇਕ ਸਾਬਤ-ਸੂਰਤ ਗੁਰਸਿੱਖ ਸ: ਹਰਜੀਤ ਸਿੰਘ ਸੱਜਨ ਹੈ।

ਖੋਜ, ਸਾਇੰਸ ਅਤੇ ਆਰਥਿਕ ਵਿਕਾਸ ਦਾ ਮੰਤਰਾਲਾ ਵੀ ਦਸਤਾਰਧਾਰੀ ਗੁਰਸਿੱਖ ਸ: ਨਵਦੀਪ ਸਿੰਘ ਬੈਂਸ ਕੋਲ ਹੈ।
ਲੋਕ ਨਿਰਮਾਣ ਮੰਤਰੀ ਸ: ਅਮਰਜੀਤ ਸਿੰਘ ਸੋਹੀ ਅਤੇ ਛੋਟੇ ਕਾਰੋਬਾਰਾਂ ਬਾਰੇ ਮੰਤਰੀ ਬੀਬੀ ਬਰਦੀਸ਼ ਚੱਗਰ ਹਨ। ਕੈਨੇਡਾ ਦੀ ਪਾਰਲੀਮੈਂਟ ਵਿਚ 17 ਪੰਜਾਬੀ ਸੰਸਦ ਮੈਂਬਰ ਹਨ।

ਪਿੱਛੇ ਜਿਹੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਕ ਸੰਮੇਲਨ ਵਿਚ ਮਜ਼ਾਹੀਆ ਅੰਦਾਜ਼ ਵਿਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਤੰਜ ਕਰਦਿਆਂ ਮਾਣ ਨਾਲ ਕਿਹਾ ਸੀ ਕਿ ਮੇਰੀ ਕੈਬਨਿਟ ਵਿਚ ਭਾਰਤ ਦੀ ਮੋਦੀ ਕੈਬਨਿਟ ਨਾਲੋਂ ਵੀ ਜ਼ਿਆਦਾ ਸਿੱਖ ਮੰਤਰੀ ਹਨ।

ਹੋਰ ਵੀ ਅਹਿਮ ਇਤਫ਼ਾਕ ਹੈ ਕਿ ਕੈਨੇਡਾ ਦੇ ਰੱਖਿਆ ਮੰਤਰੀ ਸ: ਹਰਜੀਤ ਸਿੰਘ ਸੱਜਨ ਕੈਨੇਡਾ ਦੀ ਉਸ ਫ਼ੌਜੀ ਰੈਜੀਮੈਂਟ ਦੇ ਕਮਾਂਡਰ ਰਹੇ ਹਨ, ਜਿਸ ਨੇ 107 ਸਾਲ ਪਹਿਲਾਂ ਕਾਮਾਗਾਟਾਮਾਰੂ ਜਹਾਜ਼ ਨੂੰ ਵਾਪਸ ਮੋੜਿਆ ਸੀ, ਉਹ ਅੱਜ ਕੈਨੇਡਾ ਸਰਕਾਰ ਵਿਚ ‘ਸਿੱਖਾਂ’ ਦੇ ਸਨਮਾਨ ਦਾ ਪ੍ਰਤੀਕ ਹਨ।
ਸ਼ਹੀਦਾਂ ਨੂੰ ਪ੍ਰਣਾਮ ਹੈ ਜੀ।