ਖ਼ਾਲਸਾ ਸ਼ਬਦ ਅਰਬੀ ਭਾਸ਼ਾ ਦਾ ਹੈ ਜਿਸ ਦਾ ਅਰਥ ਹੈ ਸ਼ੁੱਧ, ਖਰਾ, ਮਿਲਾਵਟ ਰਹਿਤ। ਇਸ ਦਾ ਦੂਜਾ ਅਰਥ ਹੈ, ਉਹ ਜਾਇਦਾਦ ਜੋ ਸਿੱਧੀ ਬਾਦਸ਼ਾਹ ਦੀ ਮਲਕੀਅਤ ਹੋਵੇ। ਇਸੇ ਤਰ੍ਹਾਂ ਖ਼ਾਲਸਾ ਸਿੱਧਾ ਅਕਾਲ ਪੁਰਖ ਦੇ ਅਧੀਨ ਹੈ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਸਾਜ ਕੇ ਇਕ ਅਜ਼ੀਮ ਕ੍ਰਿਸ਼ਮਾ ਦੁਨੀਆ ਅੱਗੇ ਪੇਸ਼ ਕੀਤਾ ਹੈ।
ਵਿਸਾਖੀ ਦੇ ਦਿਹਾੜੇ ਦੀ ਸਿੱਖ ਧਰਮ ਵਿਚ ਖਾਸ ਅਹਿਮੀਅਤ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਦਿਹਾੜੇ ਖ਼ਾਲਸੇ ਦੀ ਸਿਰਜਣਾ ਕਰਕੇ ਇਸ ਦਿਵਸ ਨੂੰ ਮਹੱਤਵਪੂਰਨ ਅਤੇ ਨਵੇਂ ਅਰਥ ਪ੍ਰਦਾਨ ਕੀਤੇ। ਭਾਵੇਂ ਕਿ ਖਾਲਸਾ ਸਿਰਜਣਾ ਤੋਂ ਪਹਿਲਾਂ ਹੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਜਾਬਰ ਦੇ ਜ਼ੁਲਮ ਖਿਲਾਫ਼ ਆਵਾਜ਼ ਉਠਾਉਣ ਦੀ ਪਰੰਪਰਾ ਆਰੰਭ ਹੋ ਚੁੱਕੀ ਸੀ। ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਸਮੇਂ ਸਿੱਖਾਂ ਨੂੰ ਸ਼ਸਤਰਧਾਰੀ ਹੋਣ ਦੇ ਹੁਕਮ ਜਾਰੀ ਹੋ ਗਏ ਸਨ ਅਤੇ ਇਤਿਹਾਸ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਸਮੇਂ-ਸਮੇਂ ਗੁਰੂ ਸਾਹਿਬ ਦੇ ਜੀਵਨ ਸਮੇਂ ਦੌਰਾਨ ਹੀ ਸਿੱਖਾਂ ਨੂੰ ਜ਼ੁਲਮ ਦੇ ਖਿਲਾਫ਼ ਧਰਮ ਯੁੱਧ ਲੜਨੇ ਪਏ। ਗੁਰਬਾਣੀ ਦੁਆਰਾ ਸਿੱਖਿਅਤ ਸਿੱਖ ਸ਼ਖ਼ਸੀਅਤ, ਸਿੰਘ ਦਾ ਰੂਪ ਧਾਰ ਕੇ ਹਰ ਪ੍ਰਕਾਰ ਦੀ ਗ਼ੁਲਾਮੀ ਤੋਂ ਮੁਕਤ ਹੁੰਦਿਆਂ ਮਜ਼ਲੂਮਾਂ ਤੇ ਕਮਜ਼ੋਰਾਂ ਦੀ ਰਾਖੀ ਦੇ ਜਾਮਨ ਹੋਣ ਲੱਗ ਪਏ। ਇਸ ਸਭ ਲਈ ਸ੍ਰੀ ਗੁਰੂ ਨਾਨਕ ਸਾਹਿਬ ਨੇ ਆਪਣੀ ਅਕਾਲੀ ਬਾਣੀ ਵਿਚ ਸਪੱਸ਼ਟ ਉਪਦੇਸ਼ ਕੀਤਾ ਸੀ :
ਜਉ ਤਉ ਪ੍ਰੇਮ ਖੇਲਣ ਕਾ ਚਾਉ।।
ਸਿਰੁ ਧਰਿ ਤਲੀ ਗਲੀ ਮੇਰੀ ਆਉ।।
ਇਤੁ ਮਾਰਗਿ ਪੈਰੁ ਧਰੀਜੈ।।
ਸਿਰੁ ਦੀਜੈ ਕਾਣਿ ਨ ਕੀਜੈ।।20।. (ਪੰਨਾ 1412)

ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਬਾਅਦ ਬਾਕੀ ਗੁਰੂ ਸਾਹਿਬਾਨ ਨੇ ਵੀ ਸਿੱਖ ਸੰਗਤਾਂ ਨੂੰ ਇਹੋ ਪਾਠ ਦ੍ਰਿੜ੍ਹ ਕਰਵਾਇਆ। ਇਸ ਤਰ੍ਹਾਂ ਖ਼ਾਲਸੇ ਦੀ ਸਿਰਜਣਾ ਕਰੀਬ ਢਾਈ ਸਦੀਆਂ ਲੰਮੀ ਦਾਸਤਾਨ ਦੀ ਗਵਾਹੀ ਭਰਦੀ ਹੈ। ਮਨੁੱਖਤਾ ਦੇ ਇਤਿਹਾਸ ਵਿਚ 1699 ਦੀ ਵਿਸਾਖੀ ਵਾਲੇ ਦਿਨ ਇਕ ਅਜਿਹਾ ਇਨਕਲਾਬੀ ਮੋੜ ਆਇਆ ਜਿਸ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ ੮੦੦੦੦ ਦੇ ੲਿੱਕਠ ਵਿੱਚੋ ਪੰਜ ਸਿਖਾਂ ਦੀ ਚੋਣ ਕੀਤੀ ਜਿੰਨ੍ਹਾਂ ਨੂੰ ਖੰਡੇ ਬਾਟੇ ਦੀ ਪਾਹੁਲ ਛਕਾ ਕੇ ਸਿੰਘ ਬਣਾੲਿਅਾ ੲਿਹ ਸੰਸਾਰ ਵਿਚ ਪਹਿਲੀ ਵਾਰ ਸੀ ਜਦੋ ਕਿਸੇ ਰਹਿਬਰ ਨੇ ਅਾਪ ਅਾਪਣੇ ਸਿਖਾਂ ਪਾਸੋ ਅੰਮ੍ਰਿਤ ਦੀ ਮੰਗ ਕੀਤੀ ਅਤੇ ਅੰਮ੍ਰਿਤ ਛੱਕ ਕੇ ਗੋਬਿੰਦ ਰਾੲਿ ਤੋ ਗੋਬਿੰਦ ਸਿੰਘ ਬਣੇ ਅੈਸਾ ਵਿਲੱਖਣ ਕੋਤਕ ਜਗਤ ਵਿਚ ਪਹਿਲੀ ਵਾਰ ਵਰਤਿਅਾ। ਚਮਕੌਰ ਦੀ ਕੱਚੀ ਗੜ੍ਹੀ ਵਿਚ ਚਾਲੀ ਭੁੱਖੇ-ਭਾਣੇ ਸਿੰਘਾਂ ਨੇ ਦਸ ਲੱਖ ਹਥਿਆਰਬੰਦ ਫੌਜ ਦਾ ਟਾਕਰਾ ਕਰ ਵਿਖਾਇਆ। ਦਸਮ ਪਾਤਸ਼ਾਹ ਨੇ ਖਾਲਸਾ ਸਾਜ ਕੇ ਇਸ ਅੰਦਰ ਸਿੱਖੀ ਸਿਧਾਂਤ ਦੀ ਸੁਤੰਤਰਤਾ ਅਤੇ ਬਰਾਬਰਤਾ ਦਾ ਅਜਿਹਾ ਜਜ਼ਬਾ ਉਭਾਰਿਆ ਜਿਸ ਨੇ ਨਾ ਕੇਵਲ ਵਕਤ ਦੀ ਸ਼ਕਤੀਸ਼ਾਲੀ ਮੁਗ਼ਲ ਹਕੂਮਤ ਨੂੰ ਹੀ ਝੰਜੋੜਿਆ ਸਗੋਂ ਮਨੁੱਖਤਾ ਦੀਆਂ ਵੰਡੀਆਂ ਪਾਉਣ ਵਾਲੇ, ਜਾਤ-ਪਾਤ ਤੇ ਵਰਣ-ਵੰਡ ਕਰਨ ਵਾਲੇ ਸਮਾਜ ਨੂੰ ਵੀ ਪ੍ਰਭੂ ਦੇ ਸੱਚੇ ਮਨੁੱਖ ਬਣਨ ਦਾ ਉਪਦੇਸ਼ ਦਿੱਤਾ। ਖ਼ਾਲਸਾ, ਹਰ ਕਿਸਮ ਦੀ ਸ਼ਖ਼ਸੀ ਗ਼ੁਲਾਮੀ ਤੋਂ ਆਜ਼ਾਦ ਹੋ ਕੇ ਅਕਾਲ ਪੁਰਖ ਵਾਹਿਗੁਰੂ ਨਾਲ ਸਿੱਧੇ ਰੂਪ ਵਿਚ ਸੰਬੰਧਿਤ ਹੈ ਜੋ ਪਰਮਾਤਮਾ ਦੀ ਆਪਣੀ ਰਜ਼ਾ ਵਿਚੋਂ ਹੀ ਪ੍ਰਗਟ ਹੋਇਆ ਹੈ :
“”ਖਾਲਸਾ ਅਕਾਲ ਪੁਰਖ ਕੀ ਫੌਜ।
ਪ੍ਰਗਟਿਓ ਖਾਲਸਾ ਪ੍ਰਮਾਤਮ ਕੀ ਮੌਜ।””

ਖ਼ਾਲਸਾ, ਇਕ ਅਕਾਲ ਪੁਰਖ ਦਾ ਪੁਜਾਰੀ ਹੈ। ਪੰਜ-ਕਕਾਰੀ ਰਹਿਤ ਰੱਖਣੀ, ਪੰਜਾਂ ਬਾਣੀਆਂ ਦਾ ਪਾਠ ਕਰਨਾ, ਸਦਾ ਹੀ ਸੱਚਾ, ਧਰਮੀ ਜੀਵਨ ਜਿਊਣਾ, ਖਾਲਸੇ ਦਾ ਨੇਮ ਅਤੇ ‘ਗੁਰਸਿਖ ਮੀਤ ਚਲਹੁ ਗੁਰ ਚਾਲੀਦਾ ਧਾਰਨੀ ਹੋਣਾ ਹੈ। ਗੁਰਮੁਖ-ਗਾਡੀ ਰਾਹ ਦੀ ਜੀਵਨ-ਜਾਚ ਦਾ ਅਨੁਸਾਰੀ ਹੋਣਾ ਹੀ ਖਾਲਸੇ ਦਾ ਪਰਮ ਕਰਤਵ ਹੈ। ਉੱਚੀ-ਸੁੱਚੀ ਰਹਿਣੀ-ਬਹਿਣੀ ਵਿਚ ਸੰਪੂਰਨ ਖ਼ਾਲਸੇ ਨੂੰ ਤਾਂ ਗੁਰੂ ਸਾਹਿਬ ਨੇ ਆਪਣਾ ਇਸ਼ਟ ਬਣਾ ਕੇ ਇੰਜ ਸੰਬੋਧਨ ਕੀਤਾ : ""ਰਹਿਣੀ ਰਹਹਿ ਸੋਈ ਸਿਖ ਮੇਰਾ। ਉਹ ਸਾਹਿਬ ਮੈਂ ਉਸ ਕਾ ਚੇਰਾ।"" ਖ਼ਾਲਸਾ, ਧਰਮ ਅਤੇ ਸਦਾਚਾਰ ਦਾ ਸੁਮੇਲ ਹੈ। ਇਹ ਅੰਦਰਲੀ ਅਤੇ ਬਾਹਰਲੀ ਇਕਸੁਰਤਾ ਕਾਇਮ ਰੱਖਣ ਦੀ ਜੁਗਤੀ ਹੈ। ਖ਼ਾਲਸੇ ਦੀ ਆਵਾਜ਼ ਹੱਕ, ਸੱਚ ਅਤੇ ਨਿਆਂ ਦੀ ਆਵਾਜ਼ ਹੈ। ਸੱਚ ਦੀ ਇਸ ਆਵਾਜ਼ ਅੱਗੇ ਕੋਈ ਜ਼ਾਲਮ, ਜਾਬਰ, ਪਾਖੰਡੀ ਅਤੇ ਅਹੰਕਾਰੀ ਕਦੇ ਵੀ ਟਿਕ ਨਹੀਂ ਸਕਿਆ। ਖ਼ਾਲਸੇ ਦਾ ਆਤਮਿਕ ਤੇ ਸਦਾਚਾਰਕ ਜੀਵਨ ਲੱਖਾਂ ਕਪਟੀਆਂਤੇ ਭਾਰੂ ਹੁੰਦਾ ਹੈ। ਜਬਰ ਤੇ ਜੁਲਮ ਵਿਰੁੱਧ ਡਟਣਾ ਖ਼ਾਲਸੇ ਦਾ ਪਰਮ ਧਰਮ ਹੈ ਜੋ ਖ਼ਾਲਸੇ ਦੀ ਚੜ੍ਹਦੀ ਕਲਾ ਦਾ ਜਾਮਨ ਹੈ।
ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸੇ ਦੀ ਸਿਰਜਣਾ ਕਰਕੇ ਸੰਸਾਰ ਨੂੰ ਸੰਤ-ਸਿਪਾਹੀ ਦਾ ਅਜਿਹਾ ਨਵੀਨ, ਸ਼ਕਤੀਸ਼ਾਲੀ ਤੇ ਵਿਲੱਖਣ ਜੀਵਨ-ਸਿਧਾਂਤ ਦਿੱਤਾ ਹੈ ਜਿਹੜਾ ਹੁਣ ਤਕ ਸ਼ਹਾਦਤਾਂ ਤੇ ਕੁਰਬਾਨੀਆਂ ਦੀਆਂ ਨਿੱਤ-ਨਵੀਆਂ ਸਿਖਰਾਂ ਛੂੰਹਦਾ ਆ ਰਿਹਾ ਹੈ। ਸ਼ਹਾਦਤ ਦੀ ਭਾਵਨਾ ਅਤੇ ਸ਼ਕਤੀ, ਅਜਿਹੇ ਜੀਵਨ-ਸਿਧਾਂਤ ਵਿਚੋਂ ਹੀ ਉਪਜਦੀ ਹੈ, ਇਸੇ ਲਈ ਜਦ ਗੱਲ-ਬਾਤ ਦੇ ਸਾਰੇ ਯਤਨ ਅਸਫਲ ਹੋ ਜਾਣ ਤਾਂ ਸ਼ਮਸ਼ੀਰ ਨੂੰ ਹੱਥ ਪਾਉਣਾ ਹਰ ਤਰ੍ਹਾਂ ਜਾਇਜ਼ ਹੁੰਦਾ ਹੈ ਜੋ ਧਾਰਮਿਕ ਫ਼ਰਜ਼ ਬਣ ਜਾਂਦਾ ਹੈ :ੲਿਸ ਪਰਥਾੲਿ ਗੁਰੂ ਕਲਗੀਧਰ ਜੀ ਦੇ ਪਾਵਨ ਬਚਨ ਹਨ
“”ਚੂੰ ਕਾਰ ਅਜ਼ ਹਮਹ ਹੀਲਤੇ ਦਰ ਗੁਜ਼ਸ਼ਤ।।
ਹਲਾਲ ਅਸਤੁ ਬੁਰਦਨ ਬ ਸ਼ਮਸ਼ੀਰ ਦਸਤੁ।।22।।””

ਸੰਯੁਕਤ ਰਾਸ਼ਟਰ ਦੀ ਆਮ ਸਭਾ ਨੇ ਤਾਂ ਕੇਵਲ ਅੱਧੀ ਸਦੀ ਪਹਿਲਾਂ ਮਨੁੱਖੀ ਅਧਿਕਾਰਾਂ ਦੀ ਰੱਖਿਆ ਲਈ ਇਕ ਮਤਾ ਪਾਸ ਕਰਕੇ ਮਨੁੱਖੀ ਆਜ਼ਾਦੀ, ਬਰਾਬਰੀ ਦੇ ਹੱਕ ਤੇ ਭਰਾਤਰੀ-ਭਾਵ ਦੀ ਗੱਲ ਕੀਤੀ, ਪਰ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਤਿੰਨ ਸਦੀਆਂ ਪਹਿਲਾਂ ਹੀ ਮਨੁੱਖਤਾ ਦੇ ਹੱਕਾਂ ਦੀ ਸਮਾਨਤਾ, ਜਬਰ-ਜ਼ੁਲਮ ਦੇ ਖਿਲਾਫ਼ ਟੱਕਰ ਲੈਣ ਅਤੇ ਮਜ਼ਲੂਮਾਂ ਦੀ ਰੱਖਿਆ ਕਰਨ ਵਾਲੀ ਜੀਵਨ-ਜਾਚ ਤੇ ਆਧਾਰਿਤ ਵਿਲੱਖਣ ਹੋਂਦ-ਹਸਤੀ ਵਾਲੇ ‘ਖਾਲਸੇ ਦੀ ਸਿਰਜਣਾ ਕਰਕੇ ਅਜਿਹੀ ਭਾਵਨਾ ਨੂੰ ਅਮਲੀ ਰੂਪ ਵਿਚ ਪ੍ਰਗਟ ਕਰ ਦਿੱਤਾ ਸੀ। ਸੰਸਾਰ ਨੇ ਪਹਿਲੀ ਵਾਰ ਖ਼ਾਲਸੇ ਦੇ ਹੱਥੋਂ ਤਲਵਾਰ ਦੀ ਵਰਤੋਂ ਜ਼ੁਲਮ ਕਰਨ ਦੀ ਥਾਂ ਜ਼ੁਲਮ ਰੋਕਣ ਲਈ ਵਰਤੀ ਜਾਂਦੀ ਵੇਖੀ ਹੈ।
ਗੁਰੂ ਸਾਹਿਬ ਦੀ ਅਪਾਰ ਬਖਸ਼ਿਸ਼ ਸਦਕਾ ਕੁਰਬਾਨੀਆਂ ਨਾਲ ਹਮੇਸ਼ਾ ਸਿੱਖੀ ਪ੍ਰਫੁੱਲਤ ਹੋਈ ਹੈ। ਸਿੱਖ-ਇਤਿਹਾਸ ਵਿਚ ਸ਼ਹਾਦਤ ਦਾ ਜਾਮ ਪੀਣ ਵਾਲੇ ਤਾਂ ਹਮੇਸ਼ਾ-ਹਮੇਸ਼ਾ ਲਈ ਅਮਰ ਹੋ ਗਏ ਪਰ ਜਾਬਰਾਂ ਤੇ ਹੰਕਾਰੀਆਂ ਦੇ ਨਾਮੋ-ਨਿਸ਼ਾਨ ਤਕ ਮਿਟ ਗਏ। ਹਰ ਇਕ ਗੁਰਸਿੱਖ ਲਈ ਬਾਣੀ ਅਤੇ ਬਾਣੇ ਦੇ ਧਾਰਨੀ ਹੋਣਾ, ਰਹਿਤ ਦੀ ਪਰਪੱਕਤਾ ਅਤੇ ਗੁਰਮਤਿ ਸਿਧਾਂਤਾਂ ਦੀ ਜਾਣਕਾਰੀ ਉਸ ਦੇ ਖ਼ਾਲਸਈ ਜੀਵਨ ਦਾ ਅਹਿਮ ਵਿਧਾਨ ਹੈ। ਭਵਿੱਖ ਦੀ ਨਵੀਂ ਪੀੜ੍ਹੀ ਨੂੰ ਅਜਿਹੇ ਗੌਰਵਮਈ ਵਿਰਸੇ ਨਾਲ ਜੋੜਨ ਲਈ ਗੁਰਮਤਿ ਵਿਚਾਰਧਾਰਾ ਦੇ ਧਾਰਨੀ ਹੋਣਾ ਤੇ ਬੱਚਿਆਂ ਨੂੰ ਵਧੀਆ ਮਨੁੱਖ ਬਣਾਉਣ ਲਈ ਮਾਤਾ-ਪਿਤਾ ਦਾ ਵੱਡਾ ਯੋਗਦਾਨ ਹੁੰਦਾ ਹੈ। ਇਸ ਕਾਰਜ ਲਈ ਹਰ ਗੁਰਸਿੱਖ ਨੂੰ ਵਿਅਕਤੀਗਤ ਰੂਪ ਵਿਚ ਅਤੇ ਹਰ ਸੰਸਥਾ ਨੂੰ ਸੰਸਥਾਗਤ ਰੂਪ ਵਿਚ ਸਾਰਥਿਕ ਉਪਰਾਲੇ ਕਰਨੇ ਚਾਹੀਦੇ ਹਨ। ਸਮੂਹ ਗੁਰੂ ਨਾਨਕ ਨਾਮ-ਲੇਵਾ ਗੁਰਸਿੱਖਾਂ ਨੂੰ ਆਪਣੇ ਮਹਾਨ ਤੇ ਅਮੀਰ ਵਿਰਸੇ ਨੂੰ ਪਹਿਚਾਣਦੇ ਹੋਏ ਬਾਣੀ ਤੇ ਬਾਣੇ ਦੇ ਧਾਰਨੀ ਹੋ, ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਖੁਸ਼ੀਆਂ ਦੇ ਪਾਤਰ ਬਣਨਾ ਚਾਹੀਦਾ ਹੈ।
ਖ਼ਾਲਸਾ ਸਿਰਜਣਾ ਦਿਵਸ ਸਾਨੂੰ ਗੁਰੂ ਆਸ਼ੇ ਅਨੁਸਾਰੀ ਹੋ ਕੇ ਜੀਵਨ ਜਿਊਣ ਦੀ ਪ੍ਰੇਰਨਾ ਕਰਦਾ ਹੈ। ਇਸ ਇਤਿਹਾਸਕ ਸ਼ੁੱਭ ਅਵਸਰ ਤੇ ਦਾਸ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਖ਼ਾਲਸਾ ਸਾਜਨਾ ਦਿਵਸ ਦੀ ਮੁਬਾਰਕਬਾਦ ਦਿੰਦਾ ਹੋਇਆ ਅਪੀਲ ਕਰਦਾ ਹਾਂ ਕਿ ਆਓ! ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਬਖ਼ਸ਼ਿਸ਼ ਕੀਤੀ ਖੰਡੇ-ਬਾਟੇ ਦੀ ਪਾਹੁਲ ਛਕ ਕੇ, ਗੁਰਮਤਿ ਦੇ ਧਾਰਨੀ ਹੋ ਕੇ ‘ਧਰਮ ਦਾ ਜੈਕਾਰ ਦੇ ਮਿਸ਼ਨ ਨੂੰ ਸਾਕਾਰ ਕਰਦੇ ਹੋਏ ਆਪਣਾ ਜੀਵਨ ਸਫ਼ਲਾ ਕਰੀਏ