23 ਅਕਤੂਬਰ,1909

ਅਨੰਦ ਮੈਰਿਜ ਐਕਟ ਸਾਰੇ ਬਿ੍ਟਿਸ਼ ਇੰਡੀਆ(ਜਿਸ ਵਿਚ ਪਾਕਿਸਤਾਨ ਤੇ ਬੰਗਲਾਦੇਸ਼ ਵੀ ਸ਼ਾਮਿਲ ਸਨ) ਉੱਤੇ 23 ਅਕਤੂਬਰ,1909 ਤੋਂ ਲਾਗੂ ਹੋਇਆ। ਇਸ ਐਕਟ ਅਧੀਨ ਹੋਈ ਸ਼ਾਦੀ ਨੂੰ ਤਾਂ ਕਾਨੂੰਨੀ ਮਾਨਤਾ ਮਿਲ ਗਈ,ਪਰ ਸ਼ਾਦੀ ਹਿੰਦੂ ਮੈਰਿਜ ਐਕਟ ਅਧੀਨ ਹੀ ਰਜਿਸਟਰ ਹੁੰਦੇ ਸਨ।

ਆਨੰਦ ਮੈਰਿਜ ਕੀ,ਕਦੋਂ ਤੋਂ,ਕਿਓ ਤੇ ਹੁਣ:-

ਸਿੱਖ ਇਕ ਵੱਖਰਾ,ਸੁਤੰਤਰ ਤੇ ਸੰਪੂਰਨ ਧਰਮ ਹੈ | ਸਿੱਖ ਫ਼ਿਲਾਸਫ਼ੀ,ਜੀਵਨ-ਢੰਗ, ਰਸਮੋ ਰਿਵਾਜ ਹਿੰਦੂ ਤੇ ਹੋਰ ਦੂਜੇ ਧਰਮਾਂ ਨਾਲੋਂ ਬਿਲਕੁਲ ਵੱਖਰੇ ਹਨ, ਜੋ ਗੁਰੂ ਸਾਹਿਬਾਨ ਦੇ ਉਪਦੇਸ਼ਾਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਉੱਤੇ ਆਧਾਰਿਤ ਹਨ। ਗੁਰੂ ਸਾਹਿਬਾਨ ਜੀਆਂ ਨੇ ਆਪਣੇ ਸਿੱਖਾਂ ਤੇ ਸ਼ਰਧਾਲੂਆਂ ਨੂੰ ਇਕ ਸਿੱਧਾ-ਸਾਦਾ,ਸੱਚਾ-ਸੁੱਚਾ ਤੇ ‘ਸਰਬੱਤ ਦਾ ਭਲਾ’ ਚਾਹੁਣ ਵਾਲਾ ਨੇਕ ਜੀਵਨ ਬਿਤਾਉਣ ਦੀ ਜਾਚ ਦੱਸੀ।

ਬੜੇ ਲੰਬੇ-ਚੌੜੇ ਤੇ ਖਰਚੀਲੇ ਰਸਮੋ-ਰਿਵਾਜ ਦੀ ਥਾਂ ਸਿੱਧੇ-ਸਾਦੇ ਰਿਵਾਜ,ਜਿਸ ਵਿਚ ਵਿਆਹ-ਸ਼ਾਦੀ ਲਈ ਅਨੰਦ ਕਾਰਜ ਦੀ ਰਸਮ ਸ਼ਾਮਿਲ ਹੈ, ਸ਼ੁਰੂ ਕਰਵਾਏ। ਗੁਰੂ ਸਾਹਿਬਾਨ ਦੇ ਸਮੇਂ ਵੀ ਅਨੇਕ ਲੋਕਾਂ ਵਿਸ਼ੇਸ਼ ਕਰਕੇ ਪੰਡਤਾਂ ਤੇ ਪੁਜਾਰੀਆਂ ਨੇ ਇਨ੍ਹਾਂ ਦਾ ਵਿਰੋਧ ਕੀਤਾ,ਜੋ ਪਿੱਛੋਂ ਵੀ ਜਾਰੀ ਹੀ ਰਿਹਾ। ਭਾਰਤ ਵਿਚ ਰਾਜ ਭਾਵੇਂ ਅੰਗਰੇਜ਼ਾਂ ਦਾ ਸੀ, ਤੇ ਭਾਵੇਂ ਕਾਂਗਰਸ ਜਾਂ ਹੁਣ ਭਾਜਪਾ ਦਾ, ਸਿੱਖਾਂ ਨੂੰ ਆਪਣੇ ਹੱਕਾਂ ਦੀ ਪੂਰਤੀ ਲਈ ਹਮੇਸ਼ਾ ਹੀ ਸੰਘਰਸ਼ ਕਰਨਾ ਪਿਆ।

ਹੁਣ ਤੱਕ ਸ਼ਾਇਦ ਹੀ ਕੋਈ ਮੰਗ/ਹੱਕ ਬਿਨਾਂ ਕਿਸੇ ਜਦੋ-ਜਹਿਦ ਦੇ ਪੂਰਾ ਹੋਇਆ ਹੋਵੇ। ਆਨੰਦ ਕਾਰਜ ਦੀ ਰਸਮ ਅਨੁਸਾਰ ਹੋਏ ਵਿਆਹਾਂ ਨੂੰ ਕਾਨੂੰਨੀ ਮਾਨਤਾ ਦਿਵਾਉਣ ਲਈ ਵੀ ਸਿੱਖਾਂ ਨੇ ਲਗਾਤਾਰ ਦੋ ਸਾਲ ਤੱਕ ਸੰਘਰਸ਼ ਕੀਤਾ।

20ਵੀਂ ਸਦੀ ਦੇ ਪਹਿਲੇ ਦਹਾਕੇ ਦੌਰਾਨ ਭਾਵੇਂ ਆਮ ਸਿੱਖ ਪਰਿਵਾਰਾਂ ਵਿਚ ਵਿਆਹ ਅਨੰਦ ਕਾਰਜ ਦੀ ਰਸਮ ਰਾਹੀਂ ਹੋਣ ਲੱਗ ਪਏ,ਪਰ ਕਾਨੂੰਨੀ ਮਾਨਤਾ ਕੇਵਲ ਹਿੰਦੂ ਰਸਮਾਂ ਅਨੁਸਾਰ ਵੇਦੀ ਰਾਹੀਂ ਮੰਡਪ ਰਚਾ ਕੇ ਹੋਣ ਵਾਲੀ ਸ਼ਾਦੀ ਨੂੰ ਹੀ ਸੀ,ਜਿਸ ਕਾਰਨ ਕਈ ਸਿੱਖ ਪਰਿਵਾਰ ਉਸ ਰਸਮ ਨੂੰ ਤਰਜੀਹ ਦਿੰਦੇ ਸਨ।

ਅਣਵੰਡੇ ਪੰਜਾਬ ਦੇ ਕਈ ਇਲਾਕਿਆਂ ਵਿਸ਼ੇਸ਼ ਕਰਕੇ ਬਾਰ ਦੇ ਇਲਾਕੇ ਚ ਕਰੇਵਾ ਕਰਨ ਜਾਂ ਚਾਦਰ ਪਾਉਣ ਦਾ ਰਿਵਾਜ ਵੀ ਸੀ।

ਅਨੰਦ ਕਾਰਜ ਦੀ ਰਸਮ ਅਨੁਸਾਰ ਹੋਏ ਵਿਆਹ ਨੂੰ ਕਾਨੂੰਨੀ ਮਾਨਤਾ ਦਿਵਾਉਣ ਲਈ ਸਭ ਤੋਂ ਪਹਿਲਾਂ ਵਿਚਾਰ 1907 ਚ ਨਾਭਾ ਰਿਆਸਤ ਦੇ ਟਿੱਕਾ ਰਿਪੁਦਮਨ ਸਿੰਘ,ਜੋ ਵਾਇਸਰਾਏ ਦੀ ਕੌਸਲ ਦੇ ਸਿੱਖ ਮੈਂਬਰ ਸਨ,ਨੂੰ ਆਇਆ। ਬਹੁਤ ਸਾਰੀਆਂ ਸਿੱਖ ਸੰਸਥਾਵਾਂ ਤੇ ਵਿਦਵਾਨਾਂ ਦੀ ਰਾਇ ਲੈਣ ਉਪਰੰਤ ਉਨ੍ਹਾਂ ਨੇ 30 ਅਕਤੂਬਰ,1908 ਨੂੰ ਇਹ ਬਿੱਲ ਕੌਸਲ ਵਿਚ ਪੇਸ਼ ਕੀਤਾ।

ਸਰਕਾਰ ਵੱਲੋਂ ਆਮ ਸਿੱਖ ਸੰਸਥਾਵਾਂ ਤੇ ਵਿਦਵਾਨਾਂ ਦੀ ਰਾਇ ਲੈਣ ਲਈ ਇਹ ਬਿੱਲ ਅਪਣੇ ਗਜ਼ਟ, ਸਥਾਨਕ ਗਜ਼ਟ (ਅੰਗਰੇਜ਼ੀ)ਤੇ ਹੋਰ ਭਾਸ਼ਾਵਾਂ ਵਿਚ ਪ੍ਰਕਾਸ਼ਿਤ ਕੀਤਾ ਗਿਆ। ਬਦਕਿਸਮਤੀ ਨੂੰ ਨਾਭਾ ਦੇ ਹੀ ਮਹਾਰਾਜਾ ਹੀਰਾ ਸਿੰਘ, ਜੋ ਬਿੱਲ ਪੇਸ਼ ਕਰਨ ਵਾਲੇ ਟਿੱਕਾ ਜੀ ਦੇ ਪਿਤਾ ਸਨ, ਨੇ ਇਸ ਬਿੱਲ ਦੀ ਵਿਰੋਧਤਾ ਕਰਦੇ ਹੋਏ ਅਨੇਕਾਂ ਹੀ ਬਿਆਨ ਤੇ ਪੈਂਫਲਿਟ ਆਪਣੇ ਨਾਮ ਹੇਠ ਛਪਵਾਏ ਤੇ ਇਸ ਬਿੱਲ ਦੇ ਸਮਰੱਥਕਾਂ ਨੂੰ ਚੁਣੌਤੀ ਵੀ ਦਿੱਤੀ।ਬਹੁਤ ਸਾਰੀਆਂ ਸਿੱਖ ਸੰਸਥਾਵਾਂ ਤੇ ਗ੍ਰੰਥੀਆਂ ਨੇ ਇਸ ਬਿੱਲ ਵਿਰੁੱਧ ਮਤੇ ਪਾਸ ਕਰਕੇ ਕੌਸਲ ਨੂੰ ਭੇਜੇ।ਇਸ ਤਰ੍ਹਾਂ ਗੁਰਧਾਮਾਂ ਤੇ ਸਿੱਖ ਰਸਮੋ-ਰਿਵਾਜ ਦੇ ਸੁਧਾਰ ਚਾਹੁਣ ਵਾਲੇ ਪੜ੍ਹੇ-ਲਿਖੇ ਸਿੰਘਾਂ ਤੇ ਪ੍ਰੰਪਰਾਗਤ ਵਿਚਾਰਾਂ ਵਾਲੇ ਸਿੱਖਾਂ ਵਿਚਕਾਰ ਇਕ ਸ਼ਬਦੀ ਯੁੱਧ ਸ਼ੁਰੂ ਹੋ ਗਿਆ।ਟਿੱਕਾ ਜੀ ਤੋਂ ਬਿਨਾਂ ਸਰਕਾਰ ਵੀ ਇਸ ਗੱਲ ਤੋਂ ਦੁਖੀ ਸੀ।

ਸੋ,ਕੁਝ ਸਮੇਂ ਲਈ ਇਸ ਬਿੱਲ ਨੂੰ ਪਾਸ ਕਰਨ ਬਾਰੇ ਖਾਮੋਸ਼ੀ ਛਾ ਗਈ।ਸਿੱਖਾਂ ਚ ਕੋਈ ਵੀ ਵਿਅਕਤੀ ਮਹਾਰਾਜਾ ਨਾਭਾ ਦੀ ਵਿਰੋਧਤਾ ਕਰਨ ਦੀ ਹਿੰਮਤ ਨਹੀਂ ਸੀ ਰੱਖਦਾ।ਸਾਰੇ ਨਾਮਧਾਰੀਆਂ ਤੇ ਸ਼ਰਧਾਲੂਆਂ ਨੇ ਇਸ ਬਿੱਲ ਦੇ ਹੱਕ ਚ ਮਤੇ ਪਾਸ ਕਰਕੇ ਕੌਸਲ ਨੂੰ ਭੇਜੇ।

ਰਾਜਾ ਜੀਂਦ ਨੇ ਵੀ ਇਸ ਬਿੱਲ ਦੀ ਹਮਾਇਤ ਕਰ ਦਿੱਤੀ। ਫਿਰ ਅਚਾਨਕ ਹੀ ਇਸ ਬਿਲ ਦੀ ਹਮਾਇਤ ਚ ਆਉਂਦੇ ਹੋਏ ਚੀਫ਼ ਖ਼ਾਲਸਾ ਦੀਵਾਨ ਦੇ ਆਦੇਸ਼ ਤੇ ਅਨੇਕ ਸਿੱਖ ਸੰਸਥਾਵਾਂ,ਸਿੰਘ ਸਭਾਵਾਂ,ਵਿਦਵਾਨਾਂ, ਪਿੰਡਾਂ ਦੀਆਂ ਪੰਚਾਇਤਾਂ,ਭਾਰਤੀ ਫੌਜ ਤੇ ਸਰਕਾਰ ਚ ਉੱਚ ਅਹੁਦਿਆਂ ‘ਤੇ ਸੁਸ਼ੋਭਿਤ ਸਿੱਖ ਅਫ਼ਸਰਾਂ ਨੇ ਪੱਤਰ ਲਿਖੇ।

ਇਸ ਸਾਰੀ ਖ਼ਤੋ-ਖ਼ਤਾਬਤ ਦੇ ਪੰਜ ਵੱਡੇ-ਵੱਡੇ ਗ੍ਰੰਥ ਬਣੇ ਜੋ ਇਸ ਸਮੇਂ ‘ਨੈਸ਼ਨਲ ਆਰਕਾਈਵਜ਼ ਆਫ਼ ਇੰਡੀਆ’ ਨਵੀਂ ਦਿੱਲੀ ਵਿਖੇ ਪਏ ਹਨ ਇਸ ਬਿੱਲ ਨੂੰ ਪਾਸ ਕਰਵਾਉਣ ਦੇ ਕੁਝ ਖਾਸ ਮੰਤਵ ਸਨ।

ਭਾਵੇਂ ਉਨ੍ਹਾਂ ਦਿਨਾਂ ਚ ਅਨੰਦ ਕਾਰਜ ਦੀ ਰਸਮ ਦੁਆਰਾ ਹੀ ਵਿਆਹ ਪ੍ਰਚੱਲਤ ਸਨ,ਪਰ ਹਿੰਦੂ ਵਿਸ਼ੇਸ਼ ਕਰਕੇ ਪੰਡਤ ਇਸ ਵਿਆਹ ਨੂੰ ਮਾਨਤਾ ਨਹੀਂ ਦਿੰਦੇ ਸਨ। ਉਹ ਸਿੱਖਾਂ ਨੂੰ ਹਿੰਦੂ ਧਰਮ ਦਾ ਹੀ ਇਕ ਅੰਗ ਮੰਨਦੇ ਸਨ ਤੇ ਸਿੱਖਾਂ ਨੂੰ ਆਪਣੇ ਧਰਮ ਅੰਦਰ ਹੀ ਸਮੋ ਲੈਣਾ ਚਾਹੁੰਦੇ ਸਨ।

ਇਹ ਗੱਲ ਵਰਨਣਯੋਗ ਹੈ ਕਿ ਇਸ ਬਿੱਲ ਦਾ ਬਹੁਤਾ ਵਿਰੋਧ ਵੀ ਪੰਡਤਾਂ ਨੇ ਹੀ ਕਰਵਾਇਆ,ਪੰਡਤ ਕਿਹਾ ਕਰਦੇ ਕਿ ਹਿੰਦੂ ਰੀਤੀ ਅਨੁਸਾਰ ਹੀ ਵਿਆਹ ਠੀਕ,ਸ਼ੁੱਧ ਤੇ ਪਵਿੱਤਰ ਹੈ। ਅਨੰਦ ਕਾਰਜ ਅਨੁਸਾਰ ਹੋਇਆ ਵਿਆਹ ਸ਼ੁੱਧ ਤੇ ਪਵਿੱਤਰ ਨਹੀਂ। ਪੰਡਤਾਂ ਦੇ ਇਸ ਪ੍ਰਚਾਰ ਕਾਰਨ ਪੇਂਡੂ ਸਿੱਖ ਤੇ ਦੁਚਿੱਤੀ ਵਿਚਾਰਾਂ ਵਾਲੇ ਸਿੱਖ ਦੁਬਿਧਾ ਚ ਸਨ, ਜਿਸ ਕਾਰਨ ਉਹ ਹਿੰਦੂ ਰੀਤੀ ਅਨੁਸਾਰ ਹੋਏ ਵਿਆਹ ਨੂੰ ਤਰਜੀਹ ਦਿੰਦੇ।

ਸਰਕਾਰ ਨੇ ਅਣਵੰਡੇ ਪੰਜਾਬ ਦੇ ਸਾਰੇ ਕਮਿਸ਼ਨਰਾਂ,ਡਿਪਟੀ ਕਮਿਸ਼ਨਰਾਂ ਤੇ ਸੈਸ਼ਨ ਜੱਜਾਂ ਨੂੰ ਪੱਤਰ ਲਿਖ ਕੇ ਉਨ੍ਹਾਂ ਦੇ ਵਿਚਾਰ ਮੰਗੇ। ਬਹੁਤੇ ਡਿਪਟੀ ਕਮਿਸ਼ਨਰਾਂ ਨੇ ਲੋਕਾਂ ਦੀ ਰਾਇ ਲੈਣ ਉਪਰੰਤ ਇਸ ਬਿੱਲ ਦੇ ਹੱਕ ਵਿਚ ਆਪਣੇ ਵਿਚਾਰ ਭੇਜੇ।

ਇਸੇ ਤਰ੍ਹਾਂ ਸੈਸ਼ਨ ਜੱਜਾਂ ਨੇ ਆਪਣੇ ਜ਼ਿਲ੍ਹੇ ਵਿਚ ਵਿਆਹ ਬਾਰੇ ਪ੍ਰਚੱਲਤ ਰਸਮ ਤੇ ਅਦਾਲਤਾਂ ਵਿਚ ਆਏ ਕੇਸਾਂ ਦਾ ਜ਼ਿਕਰ ਕਰਦਿਆਂ ਇਸ ਬਿੱਲ ਦੀ ਹਮਾਇਤ ਕੀਤੀ।

ਮੁਲਤਾਨ ਡਵੀਜ਼ਨ ਦੇ ਕਮਿਸ਼ਨਰ ਐਮ.ਡਬਲਯੂ.ਫੈਸਟਨ ਆਈ.ਸੀ.ਐਸ. ਨੇ ਸਰਕਾਰ ਨੂੰ ਲਿਖਿਆ, ‘ਡਿਪਟੀ ਕਮਿਸ਼ਨਰ ਮੁਲਤਾਨ ਨੇ ਦੱਸਿਆ ਹੈ ਕਿ ਉਸ ਨੇ ਸਿੰਘ ਸਭਾ ਤੇ ਕਈ ਹੋਰ ਸਿੱਖ ਪਤਵੰਤਿਆਂ ਨਾਲ ਗੱਲਬਾਤ ਕੀਤੀ ਹੈ,ਸਾਰੇ ਹੀ ਇਸ ਬਿੱਲ ਦੇ ਪਾਸ ਕਰਨ ਦੇ ਹੱਕ ਵਿਚ ਹਨ।’

ਜ਼ਿਲ੍ਹਾ ਤੇ ਸੈਸ਼ਨ ਜੱਜ ਲਾਇਲਪੁਰ ਐਮ. ਜ਼ਫ਼ਰ ਅਲੀ ਨੇ ਆਪਣੀ ਰਿਪੋਰਟ ਵਿਚ ਲਿਖਿਆ, ‘ਮੇਰੇ ਬਤੌਰ ਜੱਜ ਕੰਮ ਕਰਦਿਆਂ ਕਦੇ ਵੀ ਕੋਈ ਅਜਿਹਾ ਕੇਸ ਨਹੀਂ ਆਇਆ,ਜਿਸ ਵਿਚ ਅਨੰਦ ਕਾਰਜ ਰਸਮ ਦੁਆਰਾ ਹੋਏ ਵਿਆਹ ਨੂੰ ਕਿਸੇ ਨੇ ਚੁਣੌਤੀ ਦਿੱਤੀ ਹੋਵੇ।ਇਸ ਦੇ ਉਲਟ ‘ਚਾਦਰ-ਪਾਉਣੀ’ ਤੇ ‘ਕਰੇਵਾ’ ਰਸਮ ਦੁਆਰਾ ਹੋਏ ਵਿਆਹਾਂ ਨੂੰ ਵੀ ਮਾਨਤਾ ਹਾਸਲ ਹੈ।’

ਅੰਗਰੇਜ਼ ਸਰਕਾਰ ਨੇ ਜਦੋਂ ਵੇਖਿਆ ਕਿ ਇਸ ਬਿੱਲ ਦੇ ਹੱਕ ਵਿਚ ਸਾਰੀ ਸਿੱਖ ਕੌਮ ਹੈ,ਕੇਵਲ ਮੁੱਠੀ ਭਰ ਲੋਕ ਹੀ ਇਸ ਦੀ ਵਿਰੋਧਤਾ ਕਰ ਰਹੇ ਹਨ,ਤਾਂ ਉਸ ਨੇ ਬਿੱਲ ਪਾਸ ਕਰਨ ਦਾ ਮਨ ਬਣਾ ਲਿਆ।

27 ਅਗਸਤ,1909 ਨੂੰ ਹੋਈ ਵਾਇਸਰਾਏ ਕੌਸਲ ਦੀ ਮੀਟਿੰਗ ਚ ਇਹ ਬਿੱਲ ਪੇਸ਼ ਕੀਤਾ। ਬਿੱਲ ‘ਸਿਲੈਕਟ ਕਮੇਟੀ’ ਦੇ ਸਪੁਰਦ ਕਰ ਦਿੱਤਾ ਗਿਆ, ਜਿਸ ਨੇ ਇਸ ਦੀ ਪ੍ਰਵਾਨਗੀ ਦੇ ਦਿੱਤੀ। ਕਮੇਟੀ ਦੀ ਰਿਪੋਰਟ 10 ਸਤੰਬਰ ਦੀ ਮੀਟਿੰਗ ਵਿਚ ਪੇਸ਼ ਹੋਈ ਤੇ ਕੌਸਲ ਨੇ

★★22 ਅਕਤੂਬਰ,1909 ਨੂੰ ਇਹ ਬਿੱਲ ਸਰਬਸੰਮਤੀ ਨਾਲ ਪਾਸ ਕਰ ਦਿੱਤਾ ਕੌਸਲ ਨੂੰ ਦੱਸਿਆ ਗਿਆ ਕਿ ਅਨੰਦ ਕਾਰਜ ਦੀ ਰਸਮ ਰਾਹੀਂ ਪਹਿਲਾ ਵਿਆਹ ਮਥੋ ਤੇ ਮੁਰਾਰੀ ਜੀ ਦਾ ਹੋਇਆ ਸੀ,ਬਾਦਸ਼ਾਹ ਅਕਬਰ ਪਾਸ ਸ਼ਿਕਾਇਤ ਲਗਾਈ ਗਈ ਕਿ ਇਹ ਵਿਆਹ ਸ਼ੁੱਧ ਨਹੀਂ,ਤਾਂ ਗੁਰੂ ਅਮਰ ਦਾਸ ਜੀ ਨੇ ਅਪਣੇ ਦਾਮਾਦ ਭਾਈ ਜੇਠਾ(ਗੁਰੂ ਰਾਮ ਦਾਸ ਜੀ) ਨੂੰ ਬਾਦਸ਼ਾਹ ਪਾਸ ਭੇਜਿਆ ਸੀ ਜਿਸਤੇ ਅਕਬਰ ਬਾਦਸ਼ਾਹ ਨੇ ਵੀ ਅਨੰਦ ਕਾਰਜ ਰਾਹੀਂ ਹੋਏ ਵਿਆਹ ਨੂੰ ਮਾਨਤਾ ਦੇ ਦਿੱਤੀ ਸੀ।

ਇਹ ਵੀ ਦੱਸਿਆ ਗਿਆ ਕਿ ਇਸ ਬਿੱਲ ਦਾ ਮਨੋਰਥ ਅਨੰਦ ਕਾਰਜ ਰਸਮ ਅਨੁਸਾਰ ਹੋਏ ਵਿਆਹ ਨੂੰ ਸ਼ੁੱਧ ਤੇ ਪਵਿੱਤਰ ਹੋਣ ਬਾਰੇ ਜੋ ਸ਼ੰਕੇ ਪਾਏ ਜਾਂਦੇ ਹਨ, ਨੂੰ ਨਵਿਰਤ ਕਰਨਾ ਵੀ ਹੈ,ਇਸ ਬਿੱਲ ਦੇ ਪਾਸ ਹੋਣ ਨਾਲ ਸਿੱਖਾਂ ਨੂੰ ਵਿਆਹ-ਸ਼ਾਦੀ ਉੱਤੇ ਖਰਚੇ ਬਹੁਤ ਘਟ ਜਾਣਗੇ। ਇਹ ਬਿੱਲ ਪਹਿਲਾਂ ਪ੍ਰਚਲਿਤ ਵਿਆਹ ਦਾ ਹੀ ਇਕ ਸੁਧਰਿਆ ਹੋਇਆ,ਸਾਦਾ ਤੇ ਅਗਾਂਹਵਧੂ ਰੂਪ ਹੈ।

ਅਨੰਦ ਮੈਰਿਜ ਐਕਟ ਬਣ ਗਿਆ ਤੇ ਇਹ ਸਾਰੇ ਬਿ੍ਟਿਸ਼ ਇੰਡੀਆ(ਜਿਸ ਵਿਚ ਪਾਕਿਸਤਾਨ ਤੇ ਬੰਗਲਾਦੇਸ਼ ਵੀ ਸ਼ਾਮਿਲ ਸਨ) ਉੱਤੇ 23 ਅਕਤੂਬਰ,1909 ਤੋਂ ਲਾਗੂ ਹੋਇਆ। ਇਸ ਐਕਟ ਅਧੀਨ ਹੋਈ ਸ਼ਾਦੀ ਨੂੰ ਤਾਂ ਕਾਨੂੰਨੀ ਮਾਨਤਾ ਮਿਲ ਗਈ,ਪਰ ਸ਼ਾਦੀ ਰਜਿਸਟਰ ਹਿੰਦੂ ਮੈਰਿਜ ਐਕਟ ਅਧੀਨ ਹੀ ਹੁੰਦੇ ਸਨ।

ਡਾ: ਮਨਮੋਹਨ ਸਿੰਘ ਜੀ ਦੀ ਸਰਕਾਰ ਨੇ ਸਾਲ 2012 ਵਿਚ ਸੋਧ ਕਰਕੇ ਸਿੱਖ ਵਿਆਹ ਇਸ ਐਕਟ ਅਧੀਨ ਹੋਣ ਦੀ ਵਿਵਸਥਾ ਕੀਤੀ ਹੈ। ਇਸ ਐਕਟ ਦੇ ਪਾਸ ਹੋਣ ਦਾ ਸਿਹਰਾ ਟਿੱਕਾ ਰਿਪੁਦਮਨ ਸਿੰਘ ਨੂੰ ਜਾਂਦਾ ਹੈ, ਜਦੋਂਕਿ ਸੋਧ ਲਈ ਰਾਜ ਸਭਾ ਮੈਂਬਰ ਤਰਲੋਚਨ ਸਿੰਘ ਨੂੰ ਜਾਂਦਾ ਹੈ |

ਪਰ ਇਸ ਐਕਟ ਅਨੁਸਾਰ ਵਿਆਹ ਅਜੇ ਵੀ ਰਜਿਸਟਰਡ ਨਹੀਂ ਹੁੰਦੇ,ਅਜੇ ਵੀ ਵਿਆਹ ਹਿੰਦੂ ਐਕਟ ਅਨੁਸਾਰ ਹੀ ਰਜਿਸਟਰਡ ਹੁੰਦੇ ਹਨ।
ਪਾਕਿਸਤਾਨ ਚ ਆਨੰਦ ਮੈਰਿਜ ਐਕਟ 2018 ਚ ਓਥੇ ਦੀ ਸਰਕਾਰ ਨੇ ਲਾਗੂ ਕਰਕੇ ਪਹਿਲ ਕੀਤੀ।