1708 ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ੍ਹ ਲਾ ਨਾਦੇੜ ਹਜੂਰ ਸਾਹਿਬ ਵਿਖੇ ਜੋਤੀ ਜੋਤਿ ਸਮਾ ਗਏ । ਜੇ ਗੁਰੂ ਸਾਹਿਬ ਦੇ ਜੀਵਨ ਵੱਲ ਵੇਖੀਏ ਤਾਂ ਪਤਾ ਲਗਦਾ ਹੈ ਕਿ, ਕੋਈ ਵੀ ਸਾਲ, ਕੋਈ ਵੀ ਮਹੀਨਾ ਤੇ ਕੋਈ ਵੀ ਦਿਨ ਐਸਾ ਨਹੀਂ ਲੰਘਿਆ, ਜਿਸ ਦਿਨ ਗੁਰੂ ਸਾਹਿਬ ਨੂੰ ਸੰਘਰਸ਼ ਨਾ ਕਰਨਾ ਪਿਆ ਹੋਏ, ਗੁਰੂ ਸਾਹਿਬ ਦਾ ਇੱਕ ਇੱਕ ਦਿਨ ਸਾਡੇ ਲਈ ਚਾਣਨ ਮੁਨਾਰਾ ਹੈ, ਆਉ ਅਸੀਂ ਗੁਰੂ ਸਾਹਿਬ ਦੀ ਸ਼ਾਨ ਵਿੱਚ ਕੁਝ ਵਿਦਿਵਾਨਾਂ ਦੀ ਰਾਇ ਨੂੰ ਪੜ੍ਹਦੇ ਹਾਂ ।

ਅੰਗਰੇਜ਼ ਅਫਸਰ ‘ਡੇਵਿਡ ਕਨਿੰਘਮ’ ਲਿਖਦਾ ਹੈ:
ਗੁਰੂ ਗੋਬਿੰਦ ਸਿੰਘ ਨੇ ਐਸੀ ਕੌਮ ਖਾਲਸਾ ਤਿਆਰ ਕੀਤੀ ਜੋ ਨੀਂਵੇਂ, ਉੱਚੇ ਦਾ ਭੇਦ ਮਿਟਾ ਕੇ ਸਭ ਨੂੰ ਇੱਕੋ ਪੱਧਰ ਭਾਵੇਂ ਉਹ ਧਾਰਮਿਕ ਸੀ ਜਾਂ ਰਾਜਨੀਤਕ ਉੱਤੇ ਲੈ ਆਈ ਗੁਰੂ ਜੀ ਨੇ ਮੁਰਦਾ ਤੇ ਨਿਰਜਿੰਦ ਲੋਕਾਂ ਦੀਆਂ ਬੁੱਝੀਆਂ ਕਲਾਂ ਜਗਾ ਕੇ ਉਨ੍ਹਾਂ ਦੇ ਮਨਾਂ ਵਿੱਚ ਸਮਾਜਿਕ ਸੁਤੰਤਰਤਾ ਅਤੇ ਰਾਜਨੀਤਕ ਵਿਲੱਖਣਤਾ ਪੈਦਾ ਕਰਨ ਲਈ ਗੁਰੂ ਨਾਨਕ ਦੇ ਦੱਸੇ ਪਵਿੱਤਰ ਭਗਤੀ ਆਸ਼ੇ ਲਈ ਸਦੀਵੀ ਚਾਅ ਭਰਿਆ।’

‘ਇਬਟਸਨ’ ਲਿਖਦਾ ਹੈ –
‘ਹਿੰਦੋਸਤਾਨ ਦੇ ਇਤਿਹਾਸ ਵਿੱਚ ਪਹਿਲੀ ਵਾਰ ਕੋਈ ਧਰਮ ਸਿਆਸੀ ਤਾਕਤ ਬਣਿਆ ਅਤੇ ਐਸੀ ਕੌਮ ਦਾ ਜਨਮ ਹੋਇਆ ਜੋ ਆਪਣੇ ਆਪ ਵਿੱਚ ਇੱਕ ਵਖਰੀ ਕਿਸਮ ਦੀ ਸੀ। ਹਿੰਦੋਸਤਾਨ ਨੇ ਐਸੀ ਕੌਮ ਨਹੀਂ ਦੇਖੀ ਸੀ। ਨੀਂਵੀਂ ਜਾਤ ਵਾਲੇ ਚੂਹੜੇ, ਚਮਿਆਰ, ਜੱਟ, ਨਾਈ, ਛੀਬਿਆਂ, ਜਿਨ੍ਹਾਂ ਨੇ ਕਦੀ ਸ਼ਸਤਰਾਂ ਨੂੰ ਹੱਥ ਤੱਕ ਨਹੀਂ ਸੀ ਲਾਇਆ ਅਤੇ ਜੋ ਉੱਚੀਆਂ ਜਾਤਾਂ ਦੇ ਪੈਰਾਂ ਥੱਲੇ ਲਿਤਾੜੇ ਜਾਂਦੇ ਰਹੇ ਸਨ, ਨੇ ਗੁਰੂ ਗੋਬਿੰਦ ਸਿੰਘ ਜੀ ਦੀ ਅਗਵਾਈ ਹੇਠ ਨਿਰੇ ਬਹਾਦਰੀ ਦੇ ਗੁਣ ਹੀ ਨਾ ਗ੍ਰਹਿਣ ਕੀਤੇ ਸਗੋਂ ਉਹ ਦੁੱਖੀ ਇਨਸਾਨ ਵਾਸਤੇ ਆਪਾ ਵਾਰਨ ਲਈ ਤਿਆਰ ਹੋਏ।’ ਇਹ ਕਿਉਂ ? ਕਿਉਕਿ ਗੁਰੂ ਜੀ ਨੇ ਸਿੱਖਾਂ ਵਿਚੋਂ ਵਿਅਕਤੀਗਤ (ਜਿਸ ਦਾ ਅੱਜ ਸਿੱਖ ਜਗਤ ਬੁਰੀ ਤਰ੍ਹਾਂ ਸ਼ਿਕਾਰ ਹੈ) ਖਤਮ ਕਰਕੇ ਦੂਜੇ ਲਈ ਮਰਨ ਦਾ ਚਾਅ ਪੈਦਾ ਕੀਤਾ। ਪ੍ਰਿੰਸੀਪਲ ਸਤਿਬੀਰ ਸਿੰਘ ਜੀ ਅਨੁਸਾਰ ‘ਰੋਂਦੂ, ਮੁਰਦਾ ਤੇ ਨਿਰਾਸ਼ਾਵਾਦੀ ਪੁਰਸ਼ਾਂ ਨੂੰ ਗੁਰੂ ਜੀ ਨੇ ਖੁਸ਼ ਰਹਿਣਾ, ਆਸ਼ਾਵਾਦੀ ਤੇ ਜੁਰਅੱਤ ਵਾਲਾ ਪੁਰਸ਼ ਬਣਾ ਦਿੱਤਾ। ਸਿੱਖਾਂ ਵਿੱਚ ਐਸਾ ਗੁਣ ਪੈਦਾ ਕੀਤਾ ਹੈ ਕਿ ਉਹ ਉੱਠ (ਮਰ) ਭਾਵੇਂ ਜਾਵੇ ਪਰ ਲਿਫੇਗਾ ਨਹੀਂ। ਜੋ ਜ਼ੁਲਮ ਦੀ ਵੱਧਦੀ ਲਹਿਰ ਅੱਗੇ ਚਟਾਨ ਬਣ ਕੇ ਖੜ੍ਹਾ ਹੋ ਜਾਵੇਗਾ, ਬੰਦ ਬੰਦ ਕਟਾ ਲਵੇਗਾ ਪਰ ਅਦਰਸ਼ ਤੋ ਕਦੀ ਨਹੀਂ ਡਿੱਗੇਗਾ।’

‘ਲੈਪਲ ਗ੍ਰਿਫਨ’ ਦੇ ਸ਼ਬਦਾਂ ਵਿੱਚ:
‘ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ, ਜੁਪੀਟਰ ਵਾਂਗੂ ਆਪਣੇ ਸਰੀਰ ਵਿਚੋਂ ਪੈਦਾ ਕੀਤਾ। ਖਾਲਸੇ ਦੀ ਸਾਜਨਾ ਆਪਣੀ ਮਿਸਾਲ ਆਪ ਹੈ !’ ‘ਗਾਰਡਨ’ ਦੇ ਕਥਨ ਅਨੁਸਾਰ, ‘ਗੁਰੂ ਜੀ ਨੇ ਸਿੱਖਾਂ ਨੂੰ ਇੱਕ ਪਹਿਰਾਵਾ ਅਤੇ ਇਕੋ ਨਾਂ ਦਿੱਤਾ। ਇਕੋ ਨਾਹਰਾ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ ਅਤੇ ਮੁਕਤੀ ਲਈ ਇਕੋ ਪੰਥ ਦੱਸਿਆ।’

‘ਮੈਕਾਲਫ’ ਲਿਖਾਦ ਹੈ ਕਿ
‘ਗੁਰੂ ਸਾਹਿਬ ਵਿੱਚ ਜਾਦੂਈ ਤਾਕਤ ਸੀ, ਉਹਨਾਂ ਦੇ ਉਪਦੇਸ਼ਾਂ ਦਾ ਜਾਦੂਈ ਅਸਰ ਆਮ ਲੋਕਾਂ ’ਤੇ ਹੋਇਆ, ਜਿਸ ਨੇ ਲਿਤਾੜੇ ਹੋਏ ਲੋਕਾਂ ਨੂੰ ਸੰਸਾਰ ਦੇ ਪ੍ਰਸਿੱਧ ਯੋਧੇ ਬਣਾ ਦਿੱਤਾ। ਸਿੱਖ ਗੁਰੂਆਂ ਤੋਂ ਪਹਿਲਾਂ ਦੁਨੀਆਂ ਦੇ ਕਿਸੇ ਵੀ ਜਰਨੈਲ ਨੇ ਉਹਨਾਂ ਆਦਮੀਆਂ ਨੂੰ ਜਥੇਬੰਦ ਕਰਨ ਦਾ ਖਿਆਲ ਤੱਕ ਨਹੀਂ ਸੀ ਕੀਤਾ ਜਿਹਨਾਂ ਨੂੰ ਗਵਾਂਢੀ ਜਨਮ ਤੋਂ ਦੁਰੇ ਦੁਰੇ ਕਰਕੇ ਦੁਰਕਾਰ ਰਹੇ ਸਨ ਪਰ ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਅਖੌਤੀ ਨਾਪਾਕਾਂ ਵਿੱਚ ਜਿਹਨਾਂ ਨੂੰ ਸੰਸਾਰ ਦੀ ਰਹਿੰਦ ਖੂਹੰਦ ਕਿਹਾ ਜਾਂਦਾ ਸੀ, ਵਿੱਚ ਐਸੀ ਸ਼ਕਤੀ ਭਰੀ ਕਿ ਉਹ ਯੋਧੇ ਹੋ ਨਿਬੜੇ ਤੇ ਫਿਰ ਯੋਧੇ ਭੀ ਐਸੇ ਜਿਹਨਾਂ ਦੀ ਦ੍ਰਿੜ੍ਹਤਾ, ਦਲੇਰੀ ਤੇ ਵਫਾਦਾਰੀ ਨੇ ਆਗੂ ਨੂੰ ਕਦੇ ਮਾਯੂਸ ਨਾ ਕੀਤਾ।’

‘ਲਾਲਾ ਦੋਲਤ ਰਾਏ’ ਲਿਖਦਾ ਹੈ –
‘ਜਿਹਨਾਂ ਸ਼ੂਦਰਾਂ ਦੀ ਬਾਤ ਕੋਈ ਨਹੀਂ ਸੀ ਪੁੱਛਦਾ, ਜਿਹਨਾਂ ਨੂੰ ਦੁਰਕਾਰਿਆਂ ਤੇ ਫਿਟਕਾਰਿਆਂ ਵਾਰ ਵੀ ਨਹੀਂ ਸੀ ਆਉਂਦੀ, ਜੋ ਜ਼ਿੱਲਤ ਦੀ ਗੁਲਾਮੀ (ਅਪਮਾਨ) ਵਿੱਚ ਜੀਵਨ ਗੁਜ਼ਾਰ ਰਹੇ ਸਨ ਉਹਨਾਂ ਨੂੰ ਸੰਸਾਰ ਦੇ ਯੋਧਿਆਂ ਦੇ ਟਾਕਰੇ ਉੱਤੇ ਖੜ੍ਹਾ ਕਰਨਾ ਨਿਰੋਲ ਤੇ ਇੱਕ ਮਾਤਰ ਗੁਰੂ ਗੋਬਿੰਦ ਸਿੰਘ ਜੀ ਦਾ ਹੀ ਕੰਮ ਸੀ।

‘ਸਾਧੂ ਟੀ. ਐਲ. ਵਾਸਵਾਨੀ’ ਲਿਖਦਾ ਹੈ
‘ਕਿ ਜੋ ਕੰਮ ਹਜ਼ਾਰਾਂ ਰਲ ਕੇ ਵੀ ਨਾ ਕਰ ਸਕੇ ਉਹ ਇਕੋ (ਗੁਰੂ ਗੋਬਿੰਦ ਸਿੰਘ ਜੀ) ਨੇ ਹੀ ਕਰ ਵਿਖਾਇਆ। ਜੋ ਪੀਸ ਕੇ ਮਿੱਟੀ ਵਿੱਚ ਰਲਾਏ ਜਾ ਰਹੇ ਸਨ ਤੇ ਹੀਣਿਆਂ ਵਾਂਗੂੰ ਰਹਿਣ ਲਈ ਮਜਬੂਰ ਕੀਤੇ ਜਾਦੇ ਸਨ, ਉਹਨਾਂ ਨੂੰ ਆਪਣੇ ਪੈਰਾਂ ’ਤੇ ਖੜ੍ਹਾ ਕੀਤਾ, ਗਲ ਨਾਲ ਲਗਾਇਆ ਤੇ ਗੁਰੂ ਕੇ ਬੇਟੇ ਆਖਿਆ, ਉਹਨਾਂ ਨੂੰ ਅੰਮ੍ਰਿਤ ਨਾਲ ਨਿਵਾਜ਼ਿਆ, ਸਰਾਦਰ ਬਣਾਇਆ।’ ਸਾਧੂ ਜੀ, ਗੁਰੂ ਜੀ ਦੀ ਸ਼ਖ਼ਸੀਅਤ ਨੂੰ ਸਤਰੰਗੀ ਨਾਲ ਤੁਲਨਾ ਦੇ ਕੇ ਕਹਿੰਦੇ ਹਨ ਕਿ ‘ਕਲਗੀਆਂ ਵਾਲੇ’ ਦੁਨੀਆਂ ਵਿੱਚ ਹੋ ਚੁੱਕੇ ਪਹਿਲੇ ਸਾਰੇ ਪੈਗੰਬਰਾਂ ਵਿੱਚ ਪਾਏ ਜਾਣ ਵਾਲੇ ਸ਼ੁਭ ਗੁਣਾਂ ਦਾ ਸੰਗ੍ਰਹਿ ਸਨ।

‘ਬੈਨਰਜੀ’ ਮੁਤਾਬਕ ‘ਜੇ ਕੋਈ ਕਹਿੰਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਧਾਰਮਿਕ ਲਹਿਰ ਨੂੰ ਛੁਟਿਆ ਕੇ ਰਾਜਨੀਤਕ ਉਨਤੀ ਦਾ ਸਾਧਨ ਬਣਾ ਲਿਆ ਉਹ ਆਪਣੇ ਸਾਹਮਣੇ ਇਹ ਗਲਤ ਸਵਾਲ ਰੱਖਦਾ ਹੈ ਕਿ ਰਾਜਨੀਤਕ ਆਜ਼ਾਦੀ ਤੇ ਸਿਪਾਹੀਆਨਾ ਜ਼ਿੰਦਗੀ ਦਾ ਧਰਮ ਨਾਲ ਅਜੋੜ ਹੈ। ਧਰਮ ਦੀ ਰਾਹ ’ਤੇ ਚਲਦਿਆਂ ਵੀ ਰਾਜਨੀਤਕ ਘੋਲ ਘੁਲੇ ਜਾ ਸਕਦੇ ਹਨ।’ ਇਹਨਾਂ ਵਿਚਾਰਾਂ ਵੱਲ ਦੁਨੀਆਂ ਦੇ ਅਜੋਕੇ ਸਾਰੇ ਹੁਕਮਰਾਨਾਂ ਨੂੰ ਧਿਆਨ ਦੇਣਾ ਚਾਹੀਦਾ ਹੈ ਤੇ ਸਗੋਂ ਰਾਜਨੀਤੀ ਵਿੱਚ ਅਮਨ ਕਾਇਮ ਕਰਨ ਤੇ ਇੰਨਸਾਫ ਦੇ ਆਧਾਰ ਉੱਤੇ ਰਾਜ ਕਰਨ ਦੀ ਸਿੱਖਿਆ ਲੈਣੀ ਚਾਹੀਦੀ ਹੈ।’

‘ਲਤੀਫ’ ਲਿਖਦਾ ਹੈ ਕਿ
ਗੁਰੂ ਜੀ ਦਾ ਨਿਸ਼ਾਨਾ ਉੱਚਾ ਸੀ, ਇਹ ਸਭ ਉਹਨਾਂ ਦੀ ਬਰਕਤ ਹੀ ਹੈ ਕਿ ਮੁਰਦਾ ਤੇ ਲਿਤਾੜੇ ਹੋਏ ਪੁਰਸ਼ਾਂ ਨੇ ਹੀ ਰਾਜਨੀਤਕ ਪ੍ਰਭੁਤਾ ਅਤੇ ਅਜ਼ਾਦੀ ਪ੍ਰਾਪਤ ਕੀਤੀ। ਖਤਰੇ ਤੇ ਤਬਾਹੀ ਦੇ ਵਿਚਕਾਰ ਵੀ ਗੁਰੂ ਜੀ ਨੇ ਇਸਤਕਬਾਲ (ਅਗਵਾਨੀ, ਲੀਡਰੀ) ਦਾ ਪੱਲਾ ਨਾ ਛੱਡਿਆ। ਜੰਗ ਦੇ ਮੈਦਾਨ ਵਿੱਚ ਉਹਨਾਂ ਦੀ ਜੁਅਰਤ (ਸਾਹਸ) ਤੇ ਬਹਾਦਰੀ ਦੇਖਣ ਲਾਇਕ ਸੀ। ਇਹ ਗੱਲ ਵੀ ਮੰਨੀ ਪ੍ਰਮੰਨੀ ਹੈ ਕਿ ਉਹਨਾਂ ਦੀ ਕ੍ਰਿਪਾ ਨਾਲ ਹੀ ਬੇ-ਲਗਾਮੇ ਲੋਕ ਇੱਕ ਲੜੀ ਵਿੱਚ ਪਰੋਏ ਗਏ ਤੇ ਯੋਧੇ ਬਣੇ।’ ਹੁਣ ਅਸੀਂ ਫਿਰ ਬੇਲਗਾਮੇ ਹੋਏ ਫਿਰਦੇ ਹਾਂ ਬੜੇ ਸੰਜਮ ਦੀ ਲੋੜ ਹੈ।

‘ਮੈਕਰੈਗਰ’ ਨੇ ਲਿਖਿਆ ਹੈ:
‘ਜੇਕਰ ਗੁਰੂ ਗੋਬਿੰਦ ਸਿੰਘ ਜੀ ਦੇ ਕੀਤੇ ਕੰਮਾਂ ਨੂੰ ਵਾਚੀਏ, ਉਹਨਾਂ ਦੇ ਧਾਰਮਿਕ ਸੁਧਾਰਾਂ ਅਤੇ ਕੌਮੀ ਕੰਮਾਂ ਨੂੰ ਦੇਖੀਏ, ਨਾਲ ਹੀ ਉਹਨਾਂ ਦੀ ਨਿੱਜੀ ਬਹਾਦਰੀ ਅਤੇ ਦੁੱਖਾਂ ਵਿੱਚ ਇਸਤਕਬਾਲ (ਰਹਿਨੁਮਾਈ) ਦੀ ਕਹਾਣੀ ਪੜ੍ਹੀਏ ਤਾਂ ਉਹਨਾਂ ਨੂੰ ਦੁੱਖਾਂ ਦਾ ਟਾਕਰਾ ਕਰਦੇ ਦੇਖੀਏ ਅਤੇ ਅੰਤ ਵਿੱਚ ਦੁਸ਼ਮਣਾਂ ਦੇ ਮੁਕਾਬਲੇ ਉੱਤੇ ਉਹਨਾਂ ਨੂੰ ਜਿੱਤ ਪ੍ਰਾਪਤ ਕਰਦੇ ਦੇਖੀਏ ਤਾਂ ਸਾਨੂੰ ਗੁਰੂ ਜੀ ਨੂੰ ਉੱਚਾ ਗਿਣਨ ਤੇ ਮੰਨਣ ਵਿੱਚ ਕੋਈ ਹੈਰਾਨੀ ਨਹੀਂ ਹੋਵੇਗੀ। ਅਸੀਂ ਸਮਝ ਜਾਵਾਂਗੇ ਕਿ ਸਿੱਖ ਕਿਉਂ ਅੱਜ ਤੱਕ ਗੁਰੂ ਗੋਬਿੰਦ ਸਿੰਘ ਜੀ ਦੀ ਸਨਮਾਨ ਵਜੋਂ ਯਾਦ ਮਨਾਉਂਦੇ ਹਨ।’

‘ਐਡਮੰਡ ਚੈਂਡਲਰ’ ਕਿੰਨੇ ਸੁੰਦਰ ਸ਼ਬਦਾਂ ਵਿੱਚ ਸ਼ਰਧਾ ਦੇ ਫੁੱਲ ਭੇਟ ਕਰਦਾ ਹੈ,
ਉਸ ਅਨੁਸਾਰ: ‘ਗੁਰੂ ਗੋਬਿੰਦ ਸਿੰਘ ਜੀ ਫ਼ਿਲਾਸਫ਼ਰ ਅਤੇ ਮਨੋਵਿਗਿਆਨੀ ਸਨ। ਹਿੰਦੋਸਤਾਨ ਵਿੱਚ ਇਹ ਪਹਿਲੇ ਅਤੇ ਅਖੀਰਲੇ ਗੁਰੂ ਸਨ ਜਿਹਨਾਂ ਨੇ ਫ਼ੌਲਾਦ (ਤਲਵਾਰ) ਦੀ ਠੀਕ ਵਰਤੋਂ ਕੀਤੀ। ਸਿੱਖਾਂ ਨੂੰ ਰਹਿਤ ਦੇਣੀ ਅਤੇ ਉਸ ਲਈ ਪੰਜ ਕੱਕੇ ਚੁਣਨੇ, ਉਹਨਾਂ ਦੇ ਅਮਲੀ ਫ਼ਿਲਾਸਫ਼ਰ ਹੋਣ ਦਾ ਇੱਕ ਜਿਊਂਦਾ ਸਬੂਤ ਹੈ। ਉਸ ਫ਼ਿਲਾਸਫ਼ਰ ਨੇ ਜਿੱਥੇ ਅਕਲ ਬਦਲੀ, ਉੱਥੇ ਸ਼ਕਲ ਵੀ ਬਦਲਾ ਦਿੱਤੀ। ਪੰਜ ਚਿੰਨ੍ਹਾਂ ਦੇ ਦੇਣ ਦਾ ਭਾਵ ਹੀ ਇਹ ਸੀ ਕਿ ਸਿੱਖ ਇੱਕ ਅਮਲੀ ਫ਼ਿਲਾਸਫ਼ਰ ਬਣ ਜਾਣ। ਕੇਸ ਜਥੇਬੰਦੀ ਲਈ, ਕੜਾ ਵਹਿਮਾਂ ਨੂੰ ਤੋੜਨ ਲਈ ਤੇ ਵਿਸ਼ਵ ਦਾ ਸ਼ਹਿਰੀ ਬਣਾਉਣ ਲਈ, ਕਛਹਿਰਾ ਬ੍ਰਾਹਮਣਵਾਦ ਉੱਤੇ ਇੱਕ ਚੋਟ ਸੀ ਅਤੇ ਸੱਭਯ ਹੋਣ ਦੇ ਚਿੰਨ੍ਹ ਸਨ, ਕਿਰਪਾਨ ਸੁਤੰਤਰ ਸਿਆਸਤ ਲਈ ਤੇ ਕੰਘਾ ਸਫਾਈ ਤੇ ਸੰਸਾਰੀ ਜੀਵ ਬਣਾਉਣ ਲਈ।’

ਕਵੀ ‘ਲਖਣ ਰਾਇ’ ਅਨੁਸਾਰ: ‘ਗੁਰੂ ਗੋਬਿੰਦ ਸਿੰਘ ਜੀ, ਗੁਰੂ ਨਾਨਕ ਦੀ ਚਲਾਈ ਲਹਿਰ ਦੀ ਰੱਖਿਆ ਕਲਮ ਤੇ ਤੇਗ ਨਾਲ ਕਰ ਰਹੇ ਹਨ।’

‘ਅਹਿਮਦ ਸ਼ਾਹ ਬਟਾਲਵੀ’ ਲਿਖਦਾ ਹੈ ਕਿ ‘ਗੁਰੂ ਨਾਨਕ ਨੇ ਧਰਮ ਦੀ ਨੀਂਹ ਰੱਬ ਦੀ ਏਕਤਾ ਵਾਲੇ ਸਿਧਾਂਤ ’ਤੇ ਰੱਖੀ ਹੈ। ਕਿਸੇ ਧਰਮ ਦੀ ਨਕਲ ਨਹੀਂ ਕੀਤੀ ਅਤੇ ਨਾ ਮਰਯਾਦਾ ਅਪਨਾਈ ਹੈ, ਇਹ ਖਿਆਲ ਗੁਰੂ ਗੋਬਿੰਦ ਸਿੰਘ ਜੀ ਨੇ ਜ਼ਫਰਨਾਮੇ ਵਿੱਚ ਲਿਖੇ ਹਨ।’

‘ਮੁਗਲ ਜਰਨੈਲ ਸੈਦ ਖਾਨ’, ਗੁਰੂ ਜੀ ਦੇ ਦਰਸ਼ਨ ਕਰਕੇ ਪਪੀਹੇ ਵਾਂਗ ਪੁਕਾਰ ਉਠਿਆ ਤੇ ਬੋਲਿਆ: ‘ਲੋਕੋ ਰੱਬ ਆਇਆ ਹੈ, ਕਿ ਰੱਬ ਦਾ ਬੰਦਾ ਆਇਆ ਹੈ, ਰੱਬੀ ਨੂਰ ਸਰੀਰਕ ਜਾਮੇ ਵਿੱਚ ਆ ਗਿਆ ਹੈ ਜਿਸ ਨੇ ਮੈਨੂੰ ਮੁਰਦੇ ਨੂੰ ਜਿਵਾਲ ਦਿੱਤਾ ਹੈ।’

‘ਹਰੀ ਰਾਮ ਗੁਪਤਾ’ ਲਿਖਦਾ ਹੈ:
‘ਕਿ ਗੁਰੂ ਗੋਬਿੰਦ ਸਿੰਘ ਜੀ ਨੇ ਲਿਤਾੜੇ ਲੋਕਾਂ ਨੂੰ ਸਰਦਾਰ ਤੇ ਸੂਰਮੇ ਬਣਾ ਦਿੱਤਾ।’

ਡਾਕਟਰ ਆਰ. ਸੀ. ਮਜੂਮਦਾਰ’ ਲਿਖਦਾ ਹੈ ਕਿ
‘ਮੈ ਪਹਿਲਾਂ ਤੋਂ ਹੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਤੋਂ ਬਹੁਤ ਪ੍ਰਭਾਵਤ ਸੀ। ਜਿੱਥੇ ਮੈਂ ਉਹਨਾਂ ਦੀ ਦੇਸ਼ ਭਗਤੀ ਦੇ ਜਜ਼ਬੇ, ਦਲੇਰੀ ਤੇ ਧਾਰਮਿਕ ਉਚਤਾ ਦਾ ਪ੍ਰਸੰਸਕ ਸੀ ਉੱਥੇ ਮੈਂ ਖਾਸ ਕਰਕੇ ਸਿਆਸੀ ਸੂਝ ਬੂਝ ਤੇ ਜਥੇਬੰਦਕ ਤੇ ਪ੍ਰਬੰਧਕ ਸ਼ਕਤੀ ਜਿਸ ਦੁਆਰਾ ਉਹਨਾਂ ਨੇ ਵੰਨ ਸੁਵੰਨੇ ਜਾਤੀ ਦੇ ਲੋਕਾਂ ਵਿਚੋਂ ਇੱਕ ਨਵੀਂ ਕੌਮ ਦੀ ਸਿਰਜਨਾ ਕੀਤੀ, ਦਾ ਪੁਜਾਰੀ ਬਣ ਗਿਆ। ਇਸ ਤੋਂ ਪਹਿਲਾਂ ਜਾਂ ਬਾਅਦ ਇਸ ਤਰ੍ਹਾਂ ਜਾਤਾਂ ਦੇ ਭੇਦ-ਭਾਵ ਮਿਟਾ ਕੇ ਕਿਸੇ ਨੇ ਵੀ ਹਿੰਦੂ ਅਤੇ ਮੁਸਲਮਾਨਾਂ ਨੂੰ ਇੱਕ ਲੜੀ ਵਿੱਚ ਪਰੋਣ ਦਾ ਕੰਮ ਨਹੀਂ ਸੀ ਕੀਤਾ ਜੋ ਗੁਰੂ ਜੀ ਨੇ ਖਾਲਸਾ ਸਾਜ ਕੇ ਕਰ ਵਿਖਾਇਆ। ਭਾਰਤੀ ਇਤਿਹਾਸ ਵਿੱਚ ਇਹ ਇੱਕ ਲਾਸਾਨੀ ਤੇ ਅਦੁੱਤੀ ਮਿਸਾਲ ਹੈ ਜਿਸ ਵਾਸਤੇ ਸਾਰੇ ਭਾਰਤੀਆਂ ਨੂੰ ਗੁਰੂ ਜੀ ਦੇ ਅਹਿਸਾਨਮੰਦ ਹੋ ਕੇ ਉਹਨਾਂ ਦੀ ਵੱਧ ਤੋਂ ਵੱਧ ਪ੍ਰਸੰਸਾ ਕਰਨੀ ਚਾਹੀਦੀ ਹੈ। ਜਿੱਥੇ ਅਕਬਰ ਵਰਗਾ ਸਮਰਾਟ ਫੇਲ੍ਹ ਹੋ ਗਿਆ ਉੱਥੇ ਗੁਰੂ ਜੀ ਸਫਲ ਹੋ ਗਏ। ਇਤਿਹਾਸ ਦਾ ਵਿਦਿਆਰਥੀ ਹੋਣ ਕਰਕੇ ਮੈਂ ਸਦਾ ਹੀ ਗੁਰੂ ਜੀ ਦਾ ਪ੍ਰਸੰਸਕ ਰਿਹਾ ਹਾਂ ਜਿਹਨਾਂ ਨੇ ਮਹਾਨ ਸਿੱਖ ਕੌਮ ਪੈਦਾ ਕੀਤੀ ਤੇ ਜਿਸ ਕੌਮ ਨੇ 18 ਵੀਂ ਤੇ ਉਨੀਵੀਂ ਸਦੀ ਵਿੱਚ ਭਾਰਤ ਦੇ ਇਤਿਹਾਸ ਵਿੱਚ ਇੱਕ ਅਹਿਮ ਤੇ ਜ਼ਰੂਰੀ ਫਰਜ਼ ਅਦਾ ਕੀਤਾ।’

ਸੁਆਮੀ ਵਿਵੇਕਾਨੰਦ ਲਿਖਦੇ ਹਨ ਕਿ
‘ਗੁਰੂ ਸਾਹਿਬ ਨੇ ਆਪਣੇ ਸਿੱਖਾਂ ਨੂੰ ਇਹੋ ਜਿਹੀ ਦੀਖਿਆ (ਅੰਮ੍ਰਿਤ ਦੀ ਦਾਤ) ਦਿੱਤੀ ਸੀ, ਜਿਸ ਨਾਲ ਉਨਾਂ ਵਿਚ ਅਥਾਹ ਸ਼ਕਤੀ ਦਾ ਸੰਚਾਰ ਹੋ ਗਿਆ ਸੀ। ਹਰ ਇਕ ਦੀਖਿਅਤ ਮਨੁੱਖ ਵਿਚ ਸਵਾ ਲੱਖ ਲੋਕਾਂ ਦੀ ਸ਼ਕਤੀ ਸਮਾਹਿਤ ਹੋ ਗਈ ਸੀ। ਭਾਰਤ ਵਿਚ, ਉਸ ਦੇ ਇਤਿਹਾਸ ਵਿਚ ਇਸ ਵਰਗੀ ਕੋਈ ਹੋਰ ਮਿਸਾਲ ਵਿਰਲੀ ਹੀ ਮਿਲੇਗੀ, ਜੋ ਕੁਝ ਗੁਰੂ ਗੋਬਿੰਦ ਸਿੰਘ ਜੀ ਨੇ ਕਰ ਦਿਖਾਇਆ ਸੀ।’

ਸਾਹਿਤਕਾਰ ਹਜਾਰੀ ਪ੍ਰਸਾਦ ਦਿਵੇਦੀ ਮੁਤਾਬਕ ਜੋ ਕੁਝ ਗੁਰੂ ਗੋਬਿੰਦ ਸਿੰਘ ਜੀ ਨੇ ਕਰ ਵਿਖਾਇਆ, ਉਹ ਇਕ ਬਹੁਤ ਵੱਡਾ ਇਤਿਹਾਸਕ ਚਮਤਕਾਰ ਸੀ। ‘ਧੰਨ ਹੈ ਉਹ ਦੇਸ਼, ਜਿੱਥੇ ਗੁਰੂ ਗੋਬਿੰਦ ਸਿੰਘ ਜੀ ਪੈਦਾ ਹੋਏ ਸਨ। ਉਹ ਮਹਾਨ ਸੰਤ ਅਤੇ ਮਹਾਨ ਯੋਧਾ ਸਨ। ਉਨਾਂ ਨੇ ਇਸ ਦੇਸ਼ ਦੀ ਜਨਤਾ ਦੀ ਅਪਾਰ ਸ਼ਕਤੀ ਦਾ ਉਦਘਾਟਨ ਕੀਤਾ ਸੀ। ਉਨਾਂ ਨੂੰ ਯਾਦ ਕਰਕੇ ਅਸੀਂ ਅੱਜ ਵੀ ਨਵੀਂ ਪ੍ਰੇਰਨਾ ਅਤੇ ਸ਼ਕਤੀ ਹਾਸਲ ਕਰ ਸਕਦੇ ਹਾਂ, ਹਾਸਲ ਕਰ ਵੀ ਰਹੇ ਹਾਂ।

ਭਾਈ ਵੀਰ ਸਿੰਘ ਜੀ ਲਿਖਦੇ ਹਨ
‘ਅਸੀਂ ਉਨਾਂ ਵਿਚੋਂ ਹੀ ਨਿਕਲੇ ਹਾਂ, ਜਿਨਾਂ ਦੀਆਂ ਸਦੀਆਂ ਦੀਆਂ ਬੇਵੱਸ ਮੌਤਾਂ ਦੇ ਕਾਰਨ ਇਕ ਪਹਾੜ ਦਾ ਨਾਮ ਹੀ ‘ਹਿੰਦੂ ਕੁਸ਼’ ਰੱਖ ਦਿੱਤਾ ਗਿਆ ਹੈ। ਜਿੱਥੋਂ ਲੰਘਦੇ ਹਿੰਦੂ ਕੈਦੀ ਸਰਦੀ ਨਾ ਝੱਲ ਸਕਣ ਕਰਕੇ ਮਰ ਜਾਂਦੇ ਹਨ ਤੇ ਜਰਵਾਣਿਆਂ ਨੇ ਉਸ ਪਹਾੜ ਦਾ ਨਾਮ ਹਿੰਦੂ ਕੁਸ਼ ਧਰ ਦਿੱਤਾ ਹੈ। ਵਾਹ ਮੇਰੇ ਸਾਹਿਬਾ ! ਸੁਹਣੇ ਕੁੰਡਿਆਲੇ ਕੇਸਾਂ ਵਾਲੇ ਕਲਗੀਧਰ ! ਧੰਨ ਤੇਰੀ ਜਿੰਦ ! ਤੇ ਜਿੰਦ ਪਾਣ ਦੀ ਰੱਬੀ ਤਾਕਤ ! ਇਨਾਂ ਮਰ ਮਿਟਿਆਂ ਹਿੰਦੀਆਂ ਵਿਚ ਤੂੰ ਕਿਹੜੀ ਅਮਰ, ਅਝੁਕ, ਸਦਾ ਬਲਦੀ ਜ਼ਿੰਦਗੀ ਫੂਕ ਦਿੱਤੀ ਹੈ ਕਿ ਜਿਸ ਦੇ ਬੱਚੇ ਵੀ, ਤੇਰੇ ਆਪਣੇ ਬੱਚਿਆਂ ਵਾਲੀ, ਬੀਰਤਾ ਦਿਖਾਉਂਦੇ ਹਨ। ਹਾਂ, ਸੁਹਣੇ ਕੇਸਾਂ ਵਾਲਿਆ ! ਤੂੰ ਹੀ ਆਪਣੇ ਜਾਏ, ਸਾਡੇ ਪਾਪਾਂ ਦੀ ਜਗਵੇਦੀ ਤੇ ਬਲੀ ਦੇ ਕੇ ਆਖਿਆ ਸੀ ਕਿ ਇਹ ਮੇਰੇ ਚਾਰ ਪੁੱਤਰ ਸ਼ਹੀਦ ਹੋਏ ਹਨ, ਪਰ ਮੇਰੇ ਲੱਖਾਂ ਪੁੱਤਰ ਹੋਰ ਹਨ-ਜੋ ਖਾਲਸਾ ਕਹੀਦੇ ਹਨ ਤੇ ਏਹ ਮੇਰੇ ਖਾਲਸਾ ਜੀ ਇਕ ‘ਪੁੱਤਰ-ਸੋਮਾ’ ਹੈ। ਮੇਰਾ ਇਹ ਪੁੱਤਰ-ਅਮਰ ਪੁੱਤਰ ਹੈ, ਸਦਾ ਜੀਏਗਾ। ‘ਖਾਲਸਾ’ ਅਮਰ ਹੈ। ਹਾਂ, ਤੂੰ ਸਾਨੂੰ ਪੁੱਤਰ ਬਣਾਇਆ ਸੀ, ਤੇ ਅਮਰ ਪੁੱਤਰ ਬਣਾਇਆ ਸੀ। ਫੇਰ ਤੇਰੇ ਇਹ ਅਮਰ ਬੱਚੇ ਕੀਕੂੰ ਨਾ, ਤੇਰੇ ਆਪਣੇ ਜਾਏ ਬੱਚਿਆਂ ਵਾਲੀ ਅਹਿੱਲ, ਅਝੁੱਕ, ਅਬੁਝ ਅੱਗ ਦਾ ਅਲਾਂਬਾ ਹੋਣ।’

ਅੰਤ ਵਿੱਚ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਇੱਕ ਵਾਰ ਫਿਰ ਤੇ ਲੱਖਾਂ ਵਾਰ ਨਮਸਕਾਰ ਹੈ, ਜਿੰਨ੍ਹਾਂ ਨੇ ਸਾਨੂੰ ਜੀਉਣਾ ਸਿਖਾਇਆ ।