🙏🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ। 🙏🙏
ਆਉ ਆਪਣੇ ਵਿਰਸੇ ਨਾਲ ਜੁੜੀਏ।
ਲੋਹੜੀ ਜਾਂ ਮੁਕਤਸਰ ਸਾਹਿਬ ਵਿਖੇ।

ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜਿੰਨੀਆਂ ਵੀ ਜੰਗਾਂ ਲੜੀਆਂ ਉਹ ਧਰਮ, ਸੱਚ ਤੇ ਹੱਕ ਦੀ ਖਾਤਰ ਸੰਘਰਸ਼ ਵਜੋਂ ਸਨ। ਸ੍ਰੀ ਮੁਕਤਸਰ ਸਾਹਿਬ ਦੇ ਅਸਥਾਨ ‘ਤੇ ਗੁਰੂ ਸਾਹਿਬ ਨੇ ਮੁਗਲ ਸਾਮਰਾਜ ਨਾਲ ਆਖਰੀ ਤੇ ਫੈਸਲਾਕੁੰਨ ਯੁੱਧ ਕਰਕੇ ਭਾਰਤ ਭਰ ਵਿੱਚੋ ਜ਼ੁਲਮੀ ਮੁਗਲ ਰਾਜ ਦੀਆਂ ਜੜ੍ਹਾਂ ਪੁੱਟ ਦਿਤੀਆਂ। ਇਸ ਜੰਗ ਸਮੇਂ ਹੋਏ ਸ਼ਹੀਦਾਂ ਦੀ ਯਾਦ ਵਿਚ ਹਰ ਸਾਲ ਮਾਘੀ ਦੇ ਦਿਹਾੜੇ ਮੌਕੇ ਸੰਗਤਾਂ ਵੱਡੀ ਗਿਣਤੀ ਵਿਚ ਸ੍ਰੀ ਮੁਕਤਸਰ ਸਾਹਿਬ ਵਿਖੇ ਪੁੱਜਦੀਆਂ ਹਨ ਅਤੇ ਗੁਰੂ-ਘਰ ਨਤਮਸਤਕ ਹੋ ਕੇ ਆਪਣੇ ਮਹਾਨ ਸ਼ਹੀਦਾਂ ਨੂੰ ਸ਼ਰਧਾ ਤੇ ਸਤਿਕਾਰ ਭੇਟ ਕਰਦੀਆਂ ਹਨ।
ਇਤਿਹਾਸ ਅਨੁਸਾਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸ੍ਰੀ ਅਨੰਦਪੁਰ ਸਾਹਿਬ ਛੱਡਣ ਤੋਂ ਬਾਅਦ ਚਮਕੌਰ ਸਾਹਿਬ ਤੋਂ ਮਾਛੀਵਾੜੇ, ਆਲਮਗੀਰ, ਦੀਨਾ, ਕਾਂਗੜ ਤੋਂ ਹੁੰਦੇ ਹੋਏ ਕੋਟ ਕਪੂਰੇ ਪੁੱਜੇ। ਉੱਧਰ ਮੁਗਲ ਸੈਨਾ ਵੀ ਗੁਰੂ ਜੀ ਦਾ ਪਿੱਛਾ ਕਰ ਰਹੀ ਸੀ। ਇਥੋਂ ਗੁਰੂ ਜੀ ਖਿਦਰਾਣੇ ਦੀ ਢਾਬ ਪੁੱਜੇ। ਦੂਸਰੇ ਪਾਸੇ ਮਾਈ ਭਾਗ ਕੌਰ ਦੀ ਅਗਵਾਈ ਹੇਠ ੪੦ ਸਿੰਘਾਂ ਦਾ ਜਥਾ ਗੁਰੂ ਜੀ ਦੀ ਭਾਲ ਵਿਚ ਖਿਦਰਾਣੇ ਦੀ ਢਾਬ ਤੇ ਪੁੱਜਿਆ। ਇਹ ਉਹ ਸਿੰਘ ਸਨ ਜੋ ਸ੍ਰੀ ਅਨੰਦਪੁਰ ਸਾਹਿਬ ਵਿਖੇ ਗੁਰੂ ਜੀ ਨੂੰ ਬੇਦਾਵਾ ਲਿਖ ਕੇ ਦੇ ਗਏ ਸਨ। ਉਹਨਾਂ ਨੂੰ ਖਬਰ ਮਿਲੀ ਸੀ ਕਿ ਮੁਗਲ ਸੈਨਾ ਗੁਰੂ ਜੀ ਤੇ ਹਮਲਾ ਕਰਨ ਲਈ ਰਾਮੋਆਣੇ ਵੱਲੋਂ ਆ ਰਹੀ ਹੈ। ਗੁਰੂ ਜੀ ਨੇ ਆਪਣਾ ਦਰਬਾਰ ਟਿੱਬੇ ‘ਤੇ ਲਗਾਇਆ ਹੋਇਆ ਸੀ। ਯੁੱਧ ਅੰਮ੍ਰਿਤ ਵੇਲੇ ਸ਼ੁਰੂ ਹੋਇਆ। ੪੦ ਸਿੰਘਾਂ ਨੇ ਅਜਿਹੀ ਰਣਨੀਤੀ ਅਪਣਾਈ ਕਿ ਇਕ ਇਕ ਸਿੰਘ ਹੀ ਟਾਕਰੇ ਤੇ ਅੱਗੇ ਜਾਵੇ। ਉਸ ਦੇ ਪਿਛੇ ਪੰਜ ਹੋਰ, ਉਸ ਦੀ ਸਹਾਇਤਾ ਲਈ ਨਿਕਲਣ। ਗੁਰੂ ਜੀ ਸਾਰਾ ਯੁੱਧ ਦੇਖ ਰਹੇ ਸਨ। ਗੁਰੂ ਜੀ ਤੀਰਾਂ ਦੀ ਬਾਛੜ ਕਰਦੇ ਤਾਂ ਕਿ ਦੁਸ਼ਮਣਾਂ ਨੂੰ ਭਾਜੜ ਪਈ ਰਹੇ। ਸਿੱਖਾਂ ਦੇ ਹੁਣ ਪਾਣੀ ਤੇ ਕਬਜਾ ਹੋਣ ਕਰਕੇ ਦੁਸ਼ਮਣਾ ਦਾ ਟਿਕਾਣਾ ਅਸੰਭਵ ਸੀ। ਜਦੋਂ ਰਾਇ ਸਿੰਘ ਦੇ ਸਮੂਹ ਸਿੰਘ ਸ਼ਹੀਦ ਹੋ ਗਏ ਤਾਂ ਗੁਰੂ ਜੀ ਨੇ ਆਪਣੇ ਜਥੇ ਦੇ ਸਿੰਘ ਅੱਗੇ ਭੇਜੇ। ਗੁਰੂ ਜੀ ਟਿੱਬੀ ਵਾਲੀ ਥਾਂ ਤੋਂ ਹੇਠਾਂ ਆ ਗਏ। ਸਿੰਘਾਂ ਦੇ ਵਾਰ ਅੱਗੇ ਤੇ ਤ੍ਰੇਹ ਦੀ ਮਾਰ ਕਾਰਨ ਦੁਸ਼ਮਣ ਫੌਜਾਂ ਭੱਜ ਉਠੀਆਂ ਅਤੇ ਖਾਲਸੇ ਨੂੰ ਜਿੱਤ ਪ੍ਰਾਪਤ ਹੋਈ।
ਗੁਰੂ ਜੀ ਸਿੰਘਾਂ ਸਮੇਤ ਯੁੱਧ ਅਸਥਾਨ ‘ਤੇ ਪਹੁੰਚੇ। ਉਨ੍ਹਾਂ ਨੇ ਦੇਖਿਆ ਕਿ ਉਹ ੪੦ ਸਿੰਘ ਜੋ ਅਨੰਦਪੁਰ ਵਿਖੇ ਉਨ੍ਹਾਂ ਨੂੰ ਬੇਦਾਵਾ ਦੇ ਕੇ ਚਲੇ ਗਏ ਸਨ ਉਹ ਵੀ ਸ਼ਹਾਦਤ ਪ੍ਰਾਪਤ ਕਰ ਚੁੱਕੇ ਹਨ। ਗੁਰੂ ਜੀ ਹਰ ਸਿੱਖ ਕੋਲ ਜਾਂਦੇ ਮੂੰਹ ਸਾਫ ਕਰਦੇ ਤੇ ਸੀਸ ਗੋਦ ਵਿਚ ਰੱਖ ਕੇ ਪਿਆਰ ਕਰਦੇ ਤੇ ਕਾਰਨਾਮੇ ਸੁਣ ਕੇ ਬਖਸ਼ਿਸ਼ਾਂ ਕਰਦੇ ਕਿ ਇਹ ਮੇਰਾ ਸਿੱਖ ਪੰਜ ਹਜ਼ਾਰੀ ਹੈ, ਇਹ ਦਸ ਹਜ਼ਾਰੀ ਤੇ ਇਹ ਤੀਹ ਹਜ਼ਾਰੀ। ਜਿਤਨੇ ਕਦਮ ਮੋਰਚੇ ਤੋਂ ਅੱਗੇ ਵੱਧ ਕੇ ਸ਼ਹੀਦੀ ਪਾਈ ਉਤਨਾ ਹੀ ਮਨਸਬ ਬਖਸਦੇ। ਅਖੀਰ ਭਾਈ ਰਾਇ ਸਿੰਘ ਦੇ ਪੁੱਤਰ ਭਾਈ ਮਹਾਂ ਸਿੰਘ ਪਾਸ ਪਹੁੰਚੇ। ਭਾਈ ਮਹਾਂ ਸਿੰਘ ਦਾ ਮੁਖੜਾ ਸਾਫ ਕਰਕੇ ਸੀਸ ਗੋਦ ਵਿਚ ਰਖਿਆ ਤੇ ਮੂੰਹ ਵਿਚ ਪਾਣੀ ਪਾ ਕੇ ਛਾਤੀ ਨਾਲ ਲਾ ਕੇ ਆਖਣ ਲੱਗੇ ਭਾਈ ਮਹਾਂ ਸਿੰਘ ਤੁਸੀਂ ਸਿੱਖੀ ਦੀ ਲਾਜ ਰੱਖ ਲਈ ਹੈ ਤੇ ਆਪਣੀਆਂ ਸ਼ਹਾਦਤਾਂ ਦੇ ਕੇ ਦੁਸ਼ਮਣਾ ਦੇ ਦੰਦ ਖੱਟੇ ਕੀਤੇ ਹਨ ਜੋ ਚਾਹੇ ਮੰਗ ਲਉ। ਮਹਾਂ ਸਿੰਘ ਨੇ ਕਿਹਾ ਦਸਮੇਸ਼ ਪਿਤਾ ਜੀ ਕੋਈ ਮੰਗ ਨਹੀਂ ਦਰਸ਼ਨਾਂ ਦੀ ਸਿੱਕ ਸੀ ਹੋ ਗਏ, ਕਿਸੇ ਵਸਤੂ ਦੀ ਲੋੜ ਨਹੀਂ। ਨਹੀਂ ਪਿਆਰੇ-ਮਹਾਂ ਸਿੰਘ ਜੀ ਕੁਝ ਹੋਰ ਮੰਗ। ਭਾਈ ਮਹਾਂ ਸਿੰਘ ਨੇ ਕਿਹਾ ਪਾਤਸ਼ਾਹ ਜੇ ਤੁਠੇ ਹੋ ਤਾਂ ਉਹ ਕਾਗਜ ਦਾ ਟੁਕੜਾ (ਬੇਦਾਵਾ) ਪਾੜ ਦਿਉ। ਗੁਰੂ ਜੀ ਨੇ ਉਹ ਕਾਗਜ਼ ਦਾ ਟੁਕੜਾ ਜੇਬ ਵਿਚੋਂ ਕੱਢਿਆਂ ਤੇ ਫਾੜ ਦਿਤਾ। ਇਸ ਤੋਂ ਬਾਅਦ ਭਾਈ ਮਹਾਂ ਸਿੰਘ ਨੇ ਵੀ ਪ੍ਰਾਣ ਤਿਆਗ ਦਿੱਤੇ। ਗੁਰੂ ਜੀ ਨੇ ਇਨ੍ਹਾਂ ੪੦ ਸਿੰਘਾਂ ਦਾ ਆਪਣੇ ਹੱਥੀ ਸੰਸਕਾਰ ਕੀਤਾ ਤੇ ਮੁਕਤਿਆਂ ਦੀ ਉਪਾਧੀ ਬਖਸ਼ਿਸ਼ ਕੀਤੀ ਤੇ ਇਸ ਧਰਤੀ ਨੂੰ ਮੁਕਤੀ ਦਾ ਵਰ ਦਿੱਤਾ। ਇਨ੍ਹਾਂ ਅਮਰ ਸ਼ਹੀਦਾਂ ਦੀ ਅਦੁੱਤੀ ਕੁਰਬਾਨੀ ਸਦਕਾਂ ਇਸ ਥਾਂ ਨੂੰ ‘ਖਿਦਰਾਣੇ ਤੋਂ ਮੁਕਤਸਰ’ ਦਾ ਖਿਤਾਬ ਬਖਸ਼ਿਆ।
ਵਰਤਮਾਨ ਸਮੇਂ ਵਿਚ ਸਾਨੂੰ ਸ੍ਰੀ ਮੁਕਤਸਰ ਸਾਹਿਬ ਦੇ ਸ਼ਹੀਦਾਂ ਤੋਂ ਪ੍ਰੇਰਨਾ ਲੈਣ ਦੀ ਵੱਡੀ ਲੋੜ ਹੈ। ਹੱਕ-ਸੱਚ ਲਈ ਅਤੇ ਜੁਲਮ ਦੇ ਖਿਲਾਫ ਸੰਘਰਸ਼ਸ਼ੀਲ ਰਹਿਣਾ ਇਹ ਜੰਗ ਦਾ ਸੁਨੇਹਾ ਹੈ। ਇਹ ਸਾਡਾ ਵਿਰਸਾ ਹੈ, ਜਿਸ ਨੇ ਸਾਨੂੰ ਅਗਵਾਈ ਦੇਣੀ ਹੈ। ਧਰਮ ਦੀਆਂ ਉਚੀਆਂ-ਸੁਚੀਆਂ ਕਦਰਾਂ ਕੀਮਤਾਂ, ਨੈਤਿਕ ਗੁਣਾ, ਗੁਰਮਤਿ ਰਹਿਣੀ, ਇਤਿਹਾਸ ਦੇ ਸ਼ਾਨਾਮਤੇ ਵਰਕੇ ਅਤੇ ਜੀਵਨ ਪ੍ਰਤੀ ਅੰਮ੍ਰਿਤਮਈ ਫਲਸਫਾ ਨੌਜਵਾਨਾਂ ਅਤੇ ਬੱਚਿਆਂ ਨੂੰ ਸਹੀ ਦਿਸ਼ਾ ਦੇ ਸਕਦਾ ਹੈ। ਸਾਡੇ ਮਹਾਨ ਸ਼ਹੀਦ ਇਕ ਜੀਵਨ ਫਲਸਫਾ ਹਨ, ਨੌਜਵਾਨੀ ਅਤੇ ਬੱਚਿਆਂ ਲਈ ਅਗਵਾਈ ਹਨ, ਹੱਕ-ਸੱਚ ਦੇ ਗਵਾਹ ਹਨ, ਦ੍ਰਿੜਤਾ ਅਤੇ ਸੂਰਮਤਾਈ ਦੀ ਮੂਰਤ ਹਨ, ਚੜਦੀ ਕਲਾ ਦੇ ਪ੍ਰਗਟਾਵੇ ਦਾ ਜਲੌਅ ਹਨ। ਇਸੇ ਲਈ ਉਨ੍ਹਾਂ ਦਾ ਜੀਵਨ ਸੁਚੱਜੇ ਆਚਰਨ ਲਈ ਆਦਰਸ਼ ਹੈ। ਅੱਜ ਇਹ ਵੱਡੀ ਜਰੂਰਤ ਹੈ ਕਿ ਅਸੀਂ ਆਪਣਾ ਸਵੈ ਮੰਥਨ ਕਰੀਏ ਅਤੇ ਕੌਮ ਦੇ ਭਵਿੱਖ ਭਾਵ ਅਗਲੀ ਪੀੜ੍ਹੀ ਨੂੰ ਆਪਣੀ ਵਿਰਾਸਤ ਅਤੇ ਇਤਿਹਾਸ ਨਾਲ ਜੋੜਨ ਲਈ ਉਪਰਾਲੇ ਕਰੀਏ। ਸੋ ਆਓ, ਆਪਣੇ ਮਹਾਨ ਸ਼ਹੀਦਾਂ ਦੀ ਦੇਣ ਨੂੰ ਯਾਦ ਕਰਦਿਆਂ ਬਾਣੀ ਅਤੇ ਬਾਣੇ ਦੇ ਧਾਰਨੀ ਬਣੀਏ ਅਤੇ ਹੱਕ, ਸੱਚ ਦੀ ਪਹਿਰੇਦਾਰੀ ਲਈ ਅੱਗੇ ਆਈਏ।